‘ਸਹਾਰਾ ਜਨ ਸੇਵਾ’ ਦੀ ਮੁਸਤੈਦੀ ਨਾਲ ਬਚੀਆਂ ਜਾਨਾਂ
ਬਠਿੰਡਾ, 4 ਅਕਤੂਬਰ (ਸ਼ਹੀਦ—ਏ—ਆਜ਼ਮ ਬਿਓਰੋ): ਬਠਿੰਡਾ ਵਿੱਚ ਇੱਕ ਵੱਡਾ ਹਾਦਸਾ ਉਸ ਸਮੇਂ ਟਲ ਗਿਆ ਜਦੋਂ ਨਹਿਰ ਦੇ ਨੇੜੇ ਪੂਜਾ ਕਰ ਰਹੀਆਂ ਦੋ ਔਰਤਾਂ ਅਚਾਨਕ ਪੈਰ ਤਿਲਕਣ ਕਾਰਨ ਨਹਿਰ ਦੇ ਤੇਜ਼ ਪਾਣੀ ਵਿੱਚ ਡਿੱਗ ਪਈਆਂ। ਮੌਕੇ ’ਤੇ ਮੌਜੂਦ ਲੋਕਾਂ ਦੀ ਸੂਝ-ਬੂਝ ਅਤੇ ‘ਸਹਾਰਾ ਜਨ ਸੇਵਾ’ ਲਾਈਫ ਸੇਵਿੰਗ ਬ੍ਰਿਗੇਡ ਦੀ ਟੀਮ ਦੇ ਤੁਰੰਤ ਯਤਨਾਂ ਸਦਕਾ ਦੋਵਾਂ ਔਰਤਾਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ।
ਮਿਲੀ ਜਾਣਕਾਰੀ ਅਨੁਸਾਰ, ਇਹ ਹਾਦਸਾ ਉਸ ਵਕਤ ਵਾਪਰਿਆ ਜਦੋਂ ਸਰਿਤਾ ਅਤੇ ਰੇਖਾ ਨਹਿਰ ਦੇ ਕਿਨਾਰੇ ਧਾਰਮਿਕ ਪੂਜਾ ਕਰ ਰਹੀਆਂ ਸਨ। ਅਚਾਨਕ ਪਾਣੀ ਵਿੱਚ ਡਿੱਗਣ ਕਾਰਨ ਉਹ ਡੁੱਬਣ ਲੱਗੀਆਂ, ਜਿਸ ਨੂੰ ਦੇਖ ਕੇ ਆਸ-ਪਾਸ ਹਾਹਾਕਾਰ ਮੱਚ ਗਈ। ਮੌਕੇ ’ਤੇ ਮੌਜੂਦ ਲੋਕਾਂ ਨੇ ਬਿਨਾਂ ਦੇਰੀ ਕੀਤੇ ‘ਸਹਾਰਾ ਜਨ ਸੇਵਾ’ ਦੀ ਹੈਲਪਲਾਈਨ ਟੀਮ ਨੂੰ ਸੂਚਿਤ ਕੀਤਾ।
ਸੂਚਨਾ ਮਿਲਦਿਆਂ ਹੀ ਸਹਾਰਾ ਜਨ ਸੇਵਾ ਦੇ ਬਚਾਅ ਕਰਮਚਾਰੀ ਸੰਦੀਪ ਗਿੱਲ ਅਤੇ ਅੰਮ੍ਰਿਤਪਾਲ ਸਿੰਘ ਤੁਰੰਤ ਮੌਕੇ ’ਤੇ ਪਹੁੰਚ ਗਏ। ਉਨ੍ਹਾਂ ਨੇ ਸਥਾਨਕ ਲੋਕਾਂ ਦੀ ਮਦਦ ਨਾਲ ਤੁਰੰਤ ਬਚਾਅ ਕਾਰਜ ਸ਼ੁਰੂ ਕਰਦਿਆਂ ਦੋਵਾਂ ਔਰਤਾਂ ਨੂੰ ਸੁਰੱਖਿਅਤ ਪਾਣੀ ਵਿੱਚੋਂ ਬਾਹਰ ਕੱਢ ਲਿਆ।
ਧੋਬੀਆਣਾ ਇਲਾਕੇ ਦੀਆਂ ਰਹਿਣ ਵਾਲੀਆਂ ਹਨ ਸਰਿਤਾ ਅਤੇ ਰੇਖਾ, ਸਿਵਲ ਹਸਪਤਾਲ ਵਿੱਚ ਹਾਲਤ ਸਥਿਰ
ਸਿਵਲ ਹਸਪਤਾਲ ਵਿੱਚ ਕਰਵਾਇਆ ਦਾਖ਼ਲ: ਬਚਾਅ ਕਾਰਜ ਤੋਂ ਤੁਰੰਤ ਬਾਅਦ ਸਹਾਰਾ ਟੀਮ ਨੇ ਐਂਬੂਲੈਂਸ ਰਾਹੀਂ ਦੋਵਾਂ ਨੂੰ ਤੁਰੰਤ ਸਿਵਲ ਹਸਪਤਾਲ ਦੇ ਐਮਰਜੈਂਸੀ ਵਾਰਡ ਵਿੱਚ ਪਹੁੰਚਾਇਆ। ਡਾਕਟਰਾਂ ਨੇ ਤਤਪਰਤਾ ਦਿਖਾਉਂਦਿਆਂ ਉਨ੍ਹਾਂ ਦਾ ਇਲਾਜ ਸ਼ੁਰੂ ਕੀਤਾ। ਸਮੇਂ ਸਿਰ ਸਹਾਇਤਾ ਮਿਲਣ ਕਾਰਨ ਦੋਵਾਂ ਦੀ ਜਾਨ ਖ਼ਤਰੇ ਤੋਂ ਬਾਹਰ ਹੋ ਗਈ ਹੈ। ਹਸਪਤਾਲ ਦੇ ਡਾਕਟਰਾਂ ਅਨੁਸਾਰ ਪੀੜਤ ਔਰਤਾਂ ਦੀ ਹਾਲਤ ਹੁਣ ਸਥਿਰ ਹੈ।
ਧੋਬੀਆਣਾ ਦੇ ’25-ਗਜ਼’ ਇਲਾਕੇ ਨਾਲ ਹੈ ਸਬੰਧ: ਹਸਪਤਾਲ ਪਹੁੰਚਣ ’ਤੇ ਪੜਤਾਲ ਕਰਨ ’ਤੇ ਪਤਾ ਲੱਗਾ ਕਿ ਇਹ ਔਰਤਾਂ ਬਠਿੰਡਾ ਦੇ ਧੋਬੀਆਣਾ ਖੇਤਰ ਅਧੀਨ ਆਉਂਦੇ ’25-ਗਜ਼’ ਇਲਾਕੇ ਦੀਆਂ ਰਹਿਣ ਵਾਲੀਆਂ ਹਨ। ਘਟਨਾ ਦਾ ਪਤਾ ਲੱਗਦਿਆਂ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਸਿਵਲ ਹਸਪਤਾਲ ਪਹੁੰਚ ਗਏ। ਪਰਿਵਾਰ ਅਤੇ ਇਲਾਕਾ ਵਾਸੀਆਂ ਨੇ ‘ਸਹਾਰਾ ਜਨ ਸੇਵਾ’ ਦੀ ਪੂਰੀ ਟੀਮ ਅਤੇ ਮਦਦਗਾਰ ਲੋਕਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਹੈ।
