ਬਠਿੰਡਾ, 4 ਸਤੰਬਰ 2026 (ਛਤਰਪਾਲ ਸਿੰਘ): ਬਠਿੰਡਾ ਵਿੱਚ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਸ਼ਾਨਦਾਰ ਆਗਾਜ਼ ਲਈ ਤਿਆਰੀਆਂ ਜ਼ੋਰਾਂ ’ਤੇ ਹਨ। ਸੂਬੇ ਦੇ ਸਭ 23 ਜ਼ਿਲ੍ਹਿਆਂ ਤੋਂ ਖਿਡਾਰੀ ਇਸ ਖੇਡ ਮਹਾਕੁੰਭ ਵਿੱਚ ਹਿੱਸਾ ਲੈਣ ਲਈ ਬਠਿੰਡਾ ਪਹੁੰਚਣਗੇ। ਖੇਡਾਂ ਦਾ ਉਦਘਾਟਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ 5 ਸਤੰਬਰ ਨੂੰ ਇਤਿਹਾਸਕ ਸ਼ਹੀਦ ਭਗਤ ਸਿੰਘ ਸਟੇਡੀਅਮ ਵਿਖੇ ਕੀਤਾ ਜਾਵੇਗਾ। ਉਦਘਾਟਨੀ ਸਮਾਰੋਹ ਦੌਰਾਨ ਸਾਰੇ ਜ਼ਿਲ੍ਹਿਆਂ ਦੀਆਂ ਟੀਮਾਂ ਵੱਲੋਂ ਸ਼ਾਨਦਾਰ ਮਾਰਚ ਪਾਸਟ ਕੀਤਾ ਜਾਵੇਗਾ। ਇਸ ਰਾਹੀਂ ਪੰਜਾਬ ਦੀ ਏਕਤਾ, ਖੇਡ ਭਾਵਨਾ ਅਤੇ ਨੌਜਵਾਨਾਂ ਦੀ ਤਾਕਤ ਦਾ ਪ੍ਰਦਰਸ਼ਨ ਹੋਵੇਗਾ। ਇਸ ਵਾਰ ਦੀਆਂ ਖੇਡਾਂ ਦੀ ਖਾਸ ਗੱਲ ਇਹ ਹੈ ਕਿ 16 ਸਾਲ ਤੋਂ ਘੱਟ ਉਮਰ ਦੇ ਖਿਡਾਰੀਆਂ ਦੇ ਨਾਲ-ਨਾਲ 60 ਸਾਲ ਤੋਂ ਵੱਧ ਉਮਰ ਦੇ ਵਿਅਕਤੀਆਂ ਨੂੰ ਵੀ ਮੁਕਾਬਲਿਆਂ ਵਿੱਚ ਹਿੱਸਾ ਲੈਣ ਦਾ ਮੌਕਾ ਦਿੱਤਾ ਗਿਆ ਹੈ। ਇਸ ਪਹਿਲ ਦਾ ਮਕਸਦ ਹਰ ਉਮਰ ਵਰਗ ਦੇ ਲੋਕਾਂ ਨੂੰ ਖੇਡਾਂ ਨਾਲ ਜੋੜਨਾ ਅਤੇ ਸਿਹਤਮੰਦ ਜੀਵਨਸ਼ੈਲੀ ਨੂੰ ਉਤਸ਼ਾਹਿਤ ਕਰਨਾ ਹੈ।
ਖੇਡ ਵਿਭਾਗ ਦੇ ਸਕੱਤਰ ਵਰੁਣ ਰੂਜਮ ਨੇ ਬਠਿੰਡਾ ਵਿਖੇ ਖੇਡਾਂ ਦੀਆਂ ਤਿਆਰੀਆਂ ਦਾ ਵਿਸਥਾਰ ਨਾਲ ਜਾਇਜ਼ਾ ਲਿਆ। ਉਨ੍ਹਾਂ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਸਾਰੇ ਪ੍ਰਬੰਧ ਸਮੇਂ ਸਿਰ ਮੁਕੰਮਲ ਕੀਤੇ ਜਾਣ ਅਤੇ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਨਾ ਵਰਤੀ ਜਾਵੇ। ਉਨ੍ਹਾਂ ਕਿਹਾ ਕਿ ਇੰਨੇ ਵੱਡੇ ਪੱਧਰ ਦੇ ਖੇਡ ਸਮਾਗਮ ਦੀ ਸਫਲਤਾ ਲਈ ਸਾਰੇ ਵਿਭਾਗਾਂ ਦਾ ਤਾਲਮੇਲ ਅਤੇ ਸਾਂਝੀ ਮਿਹਨਤ ਬੇਹੱਦ ਜ਼ਰੂਰੀ ਹੈ। ਡਿਪਟੀ ਕਮਿਸ਼ਨਰ ਰਾਜੇਸ਼ ਧੀਮਾਨ ਨੇ ਦੱਸਿਆ ਕਿ ਸਮਾਗਮ ਦੀਆਂ ਤਿਆਰੀਆਂ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਚੱਲ ਰਹੀਆਂ ਹਨ ਅਤੇ 4 ਸਤੰਬਰ ਦੀ ਸ਼ਾਮ ਤੱਕ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਜਾਣਗੇ। ਉਨ੍ਹਾਂ ਭਰੋਸਾ ਦਿਵਾਇਆ ਕਿ ਖਿਡਾਰੀਆਂ ਅਤੇ ਦਰਸ਼ਕਾਂ ਲਈ ਸਮਾਗਮ ਨੂੰ ਸੁਚੱਜੇ ਅਤੇ ਯਾਦਗਾਰ ਢੰਗ ਨਾਲ ਕਰਵਾਉਣ ਲਈ ਕੋਈ ਕਸਰ ਬਾਕੀ ਨਹੀਂ ਛੱਡੀ ਜਾਵੇਗੀ।
ਖੇਡਾਂ ਦੇ ਉਦਘਾਟਨੀ ਸਮਾਰੋਹ ਨੂੰ ਹੋਰ ਰੰਗੀਨ ਬਣਾਉਣ ਲਈ ਪੰਜਾਬ ਦੇ ਪ੍ਰਸਿੱਧ ਗਾਇਕ ਗੁਰਦਾਸ ਮਾਨ ਅਤੇ ਕੁਲਵਿੰਦਰ ਬਿੱਲਾ ਵੀ ਆਪਣੀਆਂ ਪੇਸ਼ਕਾਰੀਆਂ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ। ਇਨ੍ਹਾਂ ਕਲਾਕਾਰਾਂ ਦੀ ਮੌਜੂਦਗੀ ਨਾਲ ਸਮਾਗਮ ਵਿੱਚ ਸੱਭਿਆਚਾਰਕ ਰੰਗ ਹੋਰ ਗੂੜ੍ਹਾ ਹੋਣ ਦੀ ਉਮੀਦ ਹੈ। ਤਿਆਰੀਆਂ ਸਬੰਧੀ ਹੋਈ ਸਮੀਖਿਆ ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਕੰਚਨ, ਸਹਾਇਕ ਕਮਿਸ਼ਨਰ ਗੁਰਜਿੰਦਰ ਸਿੰਘ, ਐਸ.ਡੀ.ਐਮ. ਅਮਨਦੀਪ ਸਿੰਘ ਮਾਵੀ, ਐਸ.ਪੀ. ਹੈੱਡਕੁਆਰਟਰ ਜਗਦੀਸ਼ ਬਿਸ਼ਨੋਈ ਅਤੇ ਜ਼ਿਲ੍ਹਾ ਖੇਡ ਅਫ਼ਸਰ ਰੁਪਿੰਦਰ ਸਿੰਘ ਸਮੇਤ ਹੋਰ ਅਧਿਕਾਰੀ ਹਾਜ਼ਰ ਸਨ। ਬਠਿੰਡਾ ਹੁਣ ਖੇਡਾਂ ਵਤਨ ਪੰਜਾਬ ਦੀਆਂ-2026 ਦੇ ਸ਼ਾਨਦਾਰ ਆਗਾਜ਼ ਲਈ ਤਿਆਰ ਹੈ। ਇਹ ਖੇਡ ਮਹਾਕੁੰਭ ਨਾ ਸਿਰਫ਼ ਪੰਜਾਬ ਦੀ ਖੇਡ ਪ੍ਰਤਿਭਾ ਨੂੰ ਮੰਚ ਪ੍ਰਦਾਨ ਕਰੇਗਾ, ਸਗੋਂ ਸੂਬੇ ਦੀ ਸੱਭਿਆਚਾਰਕ ਵਿਰਾਸਤ, ਭਾਈਚਾਰਕ ਸਾਂਝ ਅਤੇ ਖੇਡ ਭਾਵਨਾ ਨੂੰ ਵੀ ਉਜਾਗਰ ਕਰੇਗਾ।
