Home ਦੇਸ਼ ਬੈਂਕ ਯੂਨੀਅਨ ਨੇ ਤਿੰਨ ਦਿਨਾਂ ਦੀ ਹੜਤਾਲ ਲਈ ਵਾਪਸ, ਅੱਜ ਬੈਂਕਾਂ ’ਚ...

ਬੈਂਕ ਯੂਨੀਅਨ ਨੇ ਤਿੰਨ ਦਿਨਾਂ ਦੀ ਹੜਤਾਲ ਲਈ ਵਾਪਸ, ਅੱਜ ਬੈਂਕਾਂ ’ਚ ਆਮ ਕੰਮਕਾਜ

Three-day bank strike called off after IBA assures talks on five-day banking and other demands.

0

ਨਵੀਂ ਦਿੱਲੀ, 28 ਸਤੰਬਰ 2026 (ਛਤਰਪਾਲ ਸਿੰਘ): ਬੈਂਕ ਕਰਮਚਾਰੀਆਂ ਦੀਆਂ ਮੰਗਾਂ ਨੂੰ ਲੈ ਕੇ ਪ੍ਰਸਤਾਵਿਤ ਤਿੰਨ ਦਿਨਾਂ ਦੀ ਦੇਸ਼ਵਿਆਪੀ ਹੜਤਾਲ ਵਾਪਸ ਲਏ ਜਾਣ ਤੋਂ ਬਾਅਦ ਸੋਮਵਾਰ ਨੂੰ ਬੈਂਕਾਂ ਵਿੱਚ ਆਮ ਕੰਮਕਾਜ ਜਾਰੀ ਰਹੇਗਾ। ਯੂਨਾਈਟਿਡ ਫੋਰਮ ਆਫ ਬੈਂਕ ਯੂਨੀਅਨਜ਼ (UFBU) ਨੇ ਭਾਰਤੀ ਬੈਂਕ ਐਸੋਸੀਏਸ਼ਨ (IBA) ਵੱਲੋਂ ਮੰਗਾਂ ’ਤੇ ਵਿਚਾਰ ਕਰਨ ਦਾ ਭਰੋਸਾ ਮਿਲਣ ਮਗਰੋਂ ਹੜਤਾਲ ਮੁਲਤਵੀ ਕਰਨ ਦਾ ਫੈਸਲਾ ਕੀਤਾ। ਯੂਐਫਬੀਯੂ ਵੱਲੋਂ ਪਹਿਲਾਂ 28 ਤੋਂ 30 ਸਤੰਬਰ ਤੱਕ ਦੇਸ਼ ਪੱਧਰੀ ਹੜਤਾਲ ਦਾ ਸੱਦਾ ਦਿੱਤਾ ਗਿਆ ਸੀ। ਯੂਨੀਅਨਾਂ ਦੀਆਂ ਮੁੱਖ ਮੰਗਾਂ ਵਿੱਚ ਬੈਂਕਾਂ ਲਈ ਪੰਜ ਦਿਨਾਂ ਦਾ ਕੰਮਕਾਜੀ ਹਫ਼ਤਾ ਲਾਗੂ ਕਰਨਾ ਅਤੇ ਸਾਰੇ ਸ਼ਨੀਵਾਰਾਂ ਨੂੰ ਛੁੱਟੀ ਐਲਾਨਣਾ ਸ਼ਾਮਲ ਹੈ।

ਯੂਐਫਬੀਯੂ ਦੇ ਬਿਆਨ ਅਨੁਸਾਰ, ਬਾਕੀ ਰਹਿੰਦੇ ਸ਼ਨੀਵਾਰਾਂ ਨੂੰ ਛੁੱਟੀ ਦੇਣ ਦੇ ਮੁੱਦੇ ’ਤੇ ਵਿਚਾਰ ਕਰਨ ਲਈ ਆਈਬੀਏ ਅਤੇ ਯੂਐਫਬੀਯੂ ਦੀ ਉੱਚ ਪੱਧਰੀ ਕਮੇਟੀ ਬਣਾਈ ਜਾਵੇਗੀ। ਇਹ ਕਮੇਟੀ ਵੱਖ-ਵੱਖ ਵਿਕਲਪਾਂ ’ਤੇ ਵਿਚਾਰ ਕਰਨ ਦੇ ਨਾਲ-ਨਾਲ ਸਾਰੇ ਸਬੰਧਤ ਧਿਰਾਂ ਨਾਲ ਚਰਚਾ ਕਰਕੇ ਹੱਲ ਲੱਭਣ ਦੀ ਕੋਸ਼ਿਸ਼ ਕਰੇਗੀ। ਇਸ ਵੇਲੇ ਬੈਂਕਾਂ ਵਿੱਚ ਐਤਵਾਰ ਤੋਂ ਇਲਾਵਾ ਹਰ ਮਹੀਨੇ ਦੇ ਦੂਜੇ ਅਤੇ ਚੌਥੇ ਸ਼ਨੀਵਾਰ ਨੂੰ ਛੁੱਟੀ ਹੁੰਦੀ ਹੈ। ਯੂਨੀਅਨਾਂ ਵੱਲੋਂ ਬਾਕੀ ਸ਼ਨੀਵਾਰਾਂ ਨੂੰ ਵੀ ਛੁੱਟੀ ਦੇਣ ਦੀ ਮੰਗ ਲੰਬੇ ਸਮੇਂ ਤੋਂ ਕੀਤੀ ਜਾ ਰਹੀ ਹੈ।

ਇਸ ਤੋਂ ਇਲਾਵਾ ਸ਼੍ਰੇਣੀ-IV ਅਤੇ ਇਸ ਤੋਂ ਉੱਪਰਲੇ ਅਧਿਕਾਰੀਆਂ ਲਈ ਕਾਰਗੁਜ਼ਾਰੀ ਨਾਲ ਜੁੜੀ ਪ੍ਰੋਤਸਾਹਨ ਯੋਜਨਾ (PLI) ਸਬੰਧੀ ਵੀ ਆਈਬੀਏ ਨਾਲ ਗੱਲਬਾਤ ਕਰਨ ’ਤੇ ਸਹਿਮਤੀ ਬਣੀ ਹੈ। ਯੂਨੀਅਨਾਂ ਅਤੇ ਸੰਗਠਨਾਂ ਵੱਲੋਂ ਉਠਾਈਆਂ ਗਈਆਂ ਇਤਰਾਜ਼ਾਂ ਨੂੰ ਦੂਰ ਕਰਨ ਲਈ ਯੋਜਨਾ ਵਿੱਚ ਸੋਧ ਦਾ ਪ੍ਰਸਤਾਵ ਸਰਕਾਰ ਅੱਗੇ ਰੱਖਣ ਬਾਰੇ ਵੀ ਵਿਚਾਰ ਕੀਤਾ ਜਾ ਸਕਦਾ ਹੈ। 8 ਮਾਰਚ 2024 ਦੇ ਕਾਰਵਾਈ ਵੇਰਵੇ ਵਿੱਚ ਦਰਜ ਲੰਬਿਤ ਮਸਲਿਆਂ ਨੂੰ ਵੀ ਦੋਵੇਂ ਧਿਰਾਂ ਜਲਦ ਹੱਲ ਕਰਨ ਲਈ ਵਿਚਾਰ-ਵਟਾਂਦਰਾ ਕਰਨਗੀਆਂ। ਹੜਤਾਲ ਦੇ ਸੰਭਾਵਿਤ ਪ੍ਰਭਾਵ ਨੂੰ ਦੇਖਦਿਆਂ ਗਾਹਕਾਂ ਨੂੰ ਹੋਣ ਵਾਲੀ ਪਰੇਸ਼ਾਨੀ ਘਟਾਉਣ ਲਈ ਐਤਵਾਰ ਨੂੰ ਸਰਕਾਰੀ ਬੈਂਕਾਂ ਅਤੇ ਖੇਤਰੀ ਪੇਂਡੂ ਬੈਂਕਾਂ ਨੂੰ ਖੁੱਲ੍ਹਾ ਰੱਖਿਆ ਗਿਆ ਸੀ।

 

Exit mobile version