ਸੰਗਰੂਰ, 14 ਜੁਲਾਈ: (ਵਿਸ਼ਾਲ ਗੁਪਤਾ) : ਜ਼ਿਲ੍ਹਾ ਸੰਗਰੂਰ ਵਿੱਚ ਨਸ਼ੇ ਦੀ ਰੋਕਥਾਮ ਲਈ ਪ੍ਰਸ਼ਾਸਨ ਨੇ ਅਹਿਮ ਕਦਮ ਚੁੱਕਦਿਆਂ ਪ੍ਰੇਗਾਬਾਲੀਨ (Pregabalin) 75 ਐਮ.ਜੀ. ਤੋਂ ਵੱਧ ਮਾਤਰਾ ਵਾਲੇ ਕੈਪਸੂਲਾਂ ਦੀ ਵਿਕਰੀ ‘ਤੇ ਪੂਰਨ ਪਾਬੰਦੀ ਲਗਾ ਦਿੱਤੀ ਹੈ। ਇਹ ਹੁਕਮ ਵਧੀਕ ਜ਼ਿਲ੍ਹਾ ਮੈਜਿਸਟਰੇਟ ਸ੍ਰੀ ਅੰਕੁਰ ਮਹਿੰਦਰੂ ਵੱਲੋਂ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ (BNSS), 2023 ਦੀ ਧਾਰਾ 163 ਤਹਿਤ ਜਾਰੀ ਕੀਤੇ ਗਏ ਹਨ।
ਹੁਕਮਾਂ ਅਨੁਸਾਰ ਕੋਈ ਵੀ ਕੈਮਿਸਟ ਡਾਕਟਰ ਦੀ ਵੈਧ ਪਰਚੀ ਤੋਂ ਬਿਨਾਂ ਇਹ ਦਵਾਈ ਨਹੀਂ ਵੇਚ ਸਕੇਗਾ। ਦਵਾਈ ਜਾਰੀ ਕਰਦੇ ਸਮੇਂ ਕੈਮਿਸਟ ਨੂੰ ਪ੍ਰਿਸਕ੍ਰਿਪਸ਼ਨ ‘ਤੇ ਆਪਣੀ ਮੋਹਰ ਲਗਾਉਣ ਦੇ ਨਾਲ-ਨਾਲ ਦਵਾਈ ਦੇਣ ਦੀ ਮਿਤੀ ਵੀ ਦਰਜ ਕਰਨੀ ਲਾਜ਼ਮੀ ਹੋਵੇਗੀ।
ਪ੍ਰਸ਼ਾਸਨ ਨੇ ਦੱਸਿਆ ਕਿ ਸਿਵਲ ਸਰਜਨ ਵੱਲੋਂ ਭੇਜੀ ਗਈ ਰਿਪੋਰਟ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਪ੍ਰੇਗਾਬਾਲੀਨ 300 ਐਮ.ਜੀ. ਕੈਪਸੂਲ, ਜਿਸ ਨੂੰ ਆਮ ਤੌਰ ‘ਤੇ ‘ਸਿਗਨੇਚਰ’ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਦੀ ਕੁਝ ਲੋਕਾਂ ਵੱਲੋਂ ਨਸ਼ੇ ਵਜੋਂ ਦੁਰਵਰਤੋਂ ਕੀਤੀ ਜਾ ਰਹੀ ਹੈ। ਇਸ ਕਾਰਨ ਸਿਵਲ ਸਰਜਨ ਨੇ ਇਸ ਦੀ ਵਿਕਰੀ ‘ਤੇ ਸਖ਼ਤ ਨਿਯੰਤਰਣ ਦੀ ਸਿਫ਼ਾਰਸ਼ ਕੀਤੀ ਸੀ।
ਵਧੀਕ ਜ਼ਿਲ੍ਹਾ ਮੈਜਿਸਟਰੇਟ ਵੱਲੋਂ ਜਾਰੀ ਕੀਤੇ ਇਹ ਹੁਕਮ 2 ਸਤੰਬਰ 2026 ਤੱਕ ਪ੍ਰਭਾਵੀ ਰਹਿਣਗੇ। ਪ੍ਰਸ਼ਾਸਨ ਨੇ ਦਵਾਈ ਵਿਕਰੇਤਾਵਾਂ ਨੂੰ ਹੁਕਮਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਅਤੇ ਉਲੰਘਣਾ ਤੋਂ ਬਚਣ ਦੀ ਅਪੀਲ ਕੀਤੀ ਹੈ।
