ਬਰਮਿੰਘਮ , 15 ਜੁਲਾਈ (ਜਤਿੰਦਰ ਗਰਗ): ਬਰਮਿੰਘਮ ਦੇ ਐਜਬੈਸਟਨ ਵਿੱਚ 14 ਜੁਲਾਈ ਨੂੰ ਖੇਡੇ ਗਏ ਭਾਰਤ ਅਤੇ ਇੰਗਲੈਂਡ ਵਿਚਕਾਰ ਪਹਿਲੇ ਵਨਡੇ ਮੈਚ ਵਿੱਚ ਆਲਰਾਊਂਡਰ ਅਕਸ਼ਰ ਪਟੇਲ ਨੇ ਸ਼ਾਨਦਾਰ ਪ੍ਰਦਰਸ਼ਨ ਕਰਕੇ ਟੀਮ ਦੀ ਜਿੱਤ ਵਿੱਚ ਅਹਿਮ ਭੂਮਿਕਾ ਨਿਭਾਈ। 32 ਸਾਲਾ ਅਕਸ਼ਰ ਨੇ ਪਹਿਲਾਂ ਗੇਂਦਬਾਜ਼ੀ ਵਿੱਚ ਕਮਾਲ ਕਰਦੇ ਹੋਏ 4 ਵਿਕਟਾਂ ਹਾਸਲ ਕੀਤੀਆਂ ਅਤੇ ਫਿਰ ਬੱਲੇ ਨਾਲ ਨਾਬਾਦ ਅਰਧ ਸੈਂਕੜਾ ਲਗਾ ਕੇ ਭਾਰਤ ਨੂੰ 6 ਵਿਕਟਾਂ ਨਾਲ ਜਿੱਤ ਦਿਵਾਈ।
ਮੈਚ ਦੌਰਾਨ ਇੰਗਲੈਂਡ ਨੇ ਭਾਰਤ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਕਪਤਾਨ ਸ਼ੁਭਮਨ ਗਿੱਲ ਰਿਟਾਇਰਡ ਹਰਟ ਹੋ ਕੇ ਮੈਦਾਨ ਤੋਂ ਬਾਹਰ ਚਲੇ ਗਏ ਅਤੇ ਕੇਐੱਲ ਰਾਹੁਲ ਵੀ ਜਲਦੀ ਆਊਟ ਹੋ ਗਏ। ਇਸ ਦੇ ਬਾਵਜੂਦ ਅਕਸ਼ਰ ਪਟੇਲ ਨੇ ਧੀਰਜ ਨਾਲ ਬੱਲੇਬਾਜ਼ੀ ਕੀਤੀ ਅਤੇ ਟੀਮ ਨੂੰ ਆਸਾਨ ਜਿੱਤ ਤੱਕ ਪਹੁੰਚਾਇਆ।
ਮੈਚ ਤੋਂ ਬਾਅਦ ਅਕਸ਼ਰ ਨੇ ਟੀ20 ਸੀਰੀਜ਼ ਦੌਰਾਨ ਆਪਣੀ ਬੱਲੇਬਾਜ਼ੀ ਵਿੱਚ ਹੋਈ ਗਲਤੀ ਬਾਰੇ ਖੁਲਾਸਾ ਕੀਤਾ। ਉਨ੍ਹਾਂ ਕਿਹਾ ਕਿ ਡੈਥ ਓਵਰਾਂ ਵਿੱਚ ਬੱਲੇਬਾਜ਼ੀ ਕਰਦੇ ਸਮੇਂ ਵੱਡੇ ਸ਼ਾਟ ਖੇਡਣ ਦੀ ਕੋਸ਼ਿਸ਼ ਵਿੱਚ ਉਹ ਆਪਣੀ ਬੱਲੇਬਾਜ਼ੀ ਦੀ ਸ਼ਕਲ (ਸ਼ੇਪ) ਗੁਆ ਰਹੇ ਸਨ।
ਅਕਸ਼ਰ ਨੇ ਕਿਹਾ, “ਜਦੋਂ ਤੁਸੀਂ ਡੈਥ ਓਵਰਾਂ ਵਿੱਚ ਬੱਲੇਬਾਜ਼ੀ ਕਰਨ ਜਾਂਦੇ ਹੋ ਤਾਂ ਵੱਡੇ ਸ਼ਾਟ ਖੇਡਣ ਤੋਂ ਇਲਾਵਾ ਕੋਈ ਹੋਰ ਵਿਕਲਪ ਨਹੀਂ ਹੁੰਦਾ, ਪਰ ਮੈਂ ਆਪਣੀ ਸ਼ੇਪ ਥੋੜ੍ਹੀ ਗੁਆ ਰਿਹਾ ਸੀ। ਇਸ ਮੈਚ ਵਿੱਚ ਜਦੋਂ ਮੈਂ ਬੱਲੇਬਾਜ਼ੀ ਕਰਨ ਆਇਆ ਤਾਂ ਟੀਮ ਨੂੰ ਚੰਗੀ ਸ਼ੁਰੂਆਤ ਮਿਲ ਚੁੱਕੀ ਸੀ, ਇਸ ਲਈ ਮੇਰਾ ਧਿਆਨ ਸਿਰਫ਼ ਸਾਂਝੇਦਾਰੀ ਬਣਾਉਣ ‘ਤੇ ਸੀ।”
