ਪਟਿਆਲਾ, 27 ਅਕਤੂਬਰ, 2026 (ਛਤਰਪਾਲ ਸਿੰਘ ) : ਜਨਗਣਨਾ-2027 ਦੀਆਂ ਚੱਲ ਰਹੀਆਂ ਤਿਆਰੀਆਂ ਦੇ ਹਿੱਸੇ ਵਜੋਂ, ਸ਼੍ਰੀ ਸੋਨਮ ਛੇਰਿੰਗ, ਡਿਪਟੀ ਡਾਇਰੈਕਟਰ ਅਤੇ ਸ਼੍ਰੀਮਤੀ ਰੇਣੂ, ਸਹਾਇਕ ਡਾਇਰੈਕਟਰ, ਜਨਗਣਨਾ ਕਾਰਜ ਡਾਇਰੈਕਟੋਰੇਟ, ਪੰਜਾਬ ਨੇ ਜ਼ਿਲ੍ਹਾ ਪਟਿਆਲਾ ਦਾ ਦੌਰਾ ਕੀਤਾ। ਇਸ ਦੌਰੇ ਦਾ ਉਦੇਸ਼ ਜਨਗਣਨਾ-2027 ਬਾਰੇ ਲੋਕਾਂ ਨੂੰ ਜਾਗਰੂਕ ਕਰਨਾ ਅਤੇ ਜਨਗਣਨਾ ਦੇ ਦੂਜੇ ਪੜਾਅ ਦੀਆਂ ਸਿਖਲਾਈ ਗਤੀਵਿਧੀਆਂ ਦਾ ਜਾਇਜ਼ਾ ਲੈਣਾ ਸੀ। ਦੌਰੇ ਦੌਰਾਨ ਅਧਿਕਾਰੀਆਂ ਨੇ ਖਾਲਸਾ ਕਾਲਜ, ਪਟਿਆਲਾ ਵਿਖੇ ਕਰਵਾਏ ਗਏ ਯੁਵਕ ਮੇਲੇ ਵਿੱਚ ਜਨਗਣਨਾ-2027 ਸਬੰਧੀ ਜਾਗਰੂਕਤਾ ਗਤੀਵਿਧੀਆਂ ਵਿੱਚ ਹਿੱਸਾ ਲਿਆ। ਇਸ ਪਹਿਲਕਦਮੀ ਦਾ ਉਦੇਸ਼ ਨੌਜਵਾਨਾਂ ਨੂੰ ਦੇਸ਼ ਦੀ ਯੋਜਨਾਬੰਦੀ, ਨੀਤੀਆਂ ਦੇ ਨਿਰਮਾਣ ਅਤੇ ਸਮਾਜਿਕ-ਆਰਥਿਕ ਵਿਕਾਸ ਵਿੱਚ ਜਨਗਣਨਾ ਦੀ ਮਹੱਤਤਾ ਬਾਰੇ ਜਾਣੂ ਕਰਵਾਉਣਾ ਸੀ। ਅਧਿਕਾਰੀਆਂ ਨੇ ਜਨਗਣਨਾ-2027 ਸਬੰਧੀ ਜਾਗਰੂਕਤਾ ਫੈਲਾਉਣ ਵਿੱਚ ਨੌਜਵਾਨਾਂ ਦੀ ਭੂਮਿਕਾ ਨੂੰ ਉਜਾਗਰ ਕੀਤਾ ਅਤੇ ਉਨ੍ਹਾਂ ਨੂੰ ਆਪਣੇ ਪਰਿਵਾਰਾਂ ਅਤੇ ਭਾਈਚਾਰਿਆਂ ਵਿੱਚ ਜਨਗਣਨਾ ਬਾਰੇ ਜਾਣਕਾਰੀ ਸਾਂਝੀ ਕਰਨ ਲਈ ਪ੍ਰੇਰਿਤ ਕੀਤਾ।
ਅਧਿਕਾਰੀਆਂ ਨੇ ਨਗਰ ਨਿਗਮ, ਪਟਿਆਲਾ ਵੱਲੋਂ ਗਣਨਾਕਾਰਾਂ ਅਤੇ ਸੁਪਰਵਾਈਜ਼ਰਾਂ ਲਈ ਕਰਵਾਏ ਜਾ ਰਹੇ ਦੂਜੇ ਪੜਾਅ (ਆਬਾਦੀ ਗਣਨਾ) ਦੇ ਸਿਖਲਾਈ ਪ੍ਰੋਗਰਾਮ ਦਾ ਵੀ ਦੌਰਾ ਕੀਤਾ। ਸਿਖਿਆਰਥੀਆਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਜਨਗਣਨਾ ਦੀ ਪ੍ਰਕਿਰਿਆ, ਇਸ ਨਾਲ ਸਬੰਧਤ ਮੁੱਖ ਧਾਰਨਾਵਾਂ ਅਤੇ ਕਾਰਜ-ਵਿਧੀਆਂ, ਸਹੀ ਅੰਕੜੇ ਇਕੱਠੇ ਕਰਨ ਦੀ ਮਹੱਤਤਾ ਅਤੇ ਗਣਨਾਕਾਰਾਂ ਤੇ ਸੁਪਰਵਾਈਜ਼ਰਾਂ ਦੀਆਂ ਭੂਮਿਕਾਵਾਂ ਅਤੇ ਜ਼ਿੰਮੇਵਾਰੀਆਂ ਬਾਰੇ ਜਾਣਕਾਰੀ ਦਿੱਤੀ ਗਈ। ਅਧਿਕਾਰੀਆਂ ਨੇ ਜ਼ੋਰ ਦੇ ਕੇ ਕਿਹਾ ਕਿ ਜਨਗਣਨਾ-2027 ਨੂੰ ਸਫ਼ਲਤਾਪੂਰਵਕ ਨੇਪਰੇ ਚਾੜ੍ਹਨਾ ਖੇਤਰੀ ਅਮਲੇ ਦੀ ਤਿਆਰੀ, ਸਮਰਪਣ ਅਤੇ ਕਾਰਜਕੁਸ਼ਲਤਾ ‘ਤੇ ਨਿਰਭਰ ਕਰਦਾ ਹੈ। ਉਨ੍ਹਾਂ ਸਿਖਿਆਰਥੀਆਂ ਨੂੰ ਨਿਰਧਾਰਤ ਹਦਾਇਤਾਂ ਨੂੰ ਚੰਗੀ ਤਰ੍ਹਾਂ ਸਮਝਣ ਅਤੇ ਆਬਾਦੀ ਗਣਨਾ ਦੌਰਾਨ ਸਹੀ ਤੇ ਭਰੋਸੇਯੋਗ ਜਾਣਕਾਰੀ ਇਕੱਠੀ ਕਰਨਾ ਯਕੀਨੀ ਬਣਾਉਣ ਲਈ ਪ੍ਰੇਰਿਤ ਕੀਤਾ। nਇਹ ਦੌਰਾ ਜਨਗਣਨਾ ਸਬੰਧੀ ਤਿਆਰੀਆਂ ਨੂੰ ਹੋਰ ਮਜ਼ਬੂਤ ਕਰਨ ਲਈ ਜਨਗਣਨਾ ਕਾਰਜ ਡਾਇਰੈਕਟੋਰੇਟ, ਪੰਜਾਬ ਵੱਲੋਂ ਕੀਤੇ ਜਾ ਰਹੇ ਨਿਰੰਤਰ ਯਤਨਾਂ ਨੂੰ ਦਰਸਾਉਂਦਾ ਹੈ। ਇਨ੍ਹਾਂ ਯਤਨਾਂ ਵਿੱਚ ਜਨਤਕ ਜਾਗਰੂਕਤਾ, ਨੌਜਵਾਨਾਂ ਦੀ ਭਾਗੀਦਾਰੀ ਅਤੇ ਖੇਤਰੀ ਅਮਲੇ ਦੀ ਪ੍ਰਭਾਵਸ਼ਾਲੀ ਸਿਖਲਾਈ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ।
