Home ਪਟਿਆਲਾ ਅਪਡੇਟ ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਸਕੂਲਾਂ ‘ਚ ਜਾਗਰੂਕਤਾ ਦਾ ਸਿਲਸਿਲਾ ਜਾਰੀ 

ਯੁੱਧ ਨਸ਼ੇ ਵਿਰੁੱਧ’ ਮੁਹਿੰਮ ਤਹਿਤ ਸਕੂਲਾਂ ‘ਚ ਜਾਗਰੂਕਤਾ ਦਾ ਸਿਲਸਿਲਾ ਜਾਰੀ 

School Awareness Drives Continue Under War Against Drugs Campaign

0
ਪਟਿਆਲਾ, 3 ਸਤੰਬਰ, 2026 (ਦੀਪਕ ਦੱਤਾ) : ਪਟਿਆਲਾ ਦੇ ਡਿਪਟੀ ਕਮਿਸ਼ਨਰ ਡਾ.ਹਿਮਾਂਸ਼ੂ ਅਗਰਵਾਲ ਦੀ ਯੋਗ ਅਗਵਾਈ ਅਤੇ ਡੀਈਓ (ਸੈਕੰਡਰੀ) ਸ਼ਾਲੂ ਮਹਿਰਾ, ਡਿਪਟੀ ਡੀਈਓ ਰਵਿੰਦਰਪਾਲ ਸ਼ਰਮਾ ਅਤੇ ਜ਼ਿਲ੍ਹਾ ਨੋਡਲ ਅਫ਼ਸਰ ਨੀਰੂ ਬਾਲਾ ਦੀ ਦੇਖ-ਰੇਖ ਹੇਠ ਜ਼ਿਲ੍ਹਾ ਪਟਿਆਲਾ ਦੇ ਸਮੂਹ ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਨਸ਼ਿਆਂ ਦੀ ਵਰਤੋਂ ਤੋਂ ਦੂਰ ਰਹਿਣ ਲਈ ਜਾਗਰੂਕ ਕਰਨ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਤਹਿਤ ‘ਯੁੱਧ ਨਸ਼ੇ ਵਿਰੁੱਧ’ ਜਾਗਰੂਕਤਾ ਪ੍ਰੋਗਰਾਮ 3 ਅਗਸਤ ਤੋਂ ਸਕੂਲਾਂ ਵਿੱਚ ਲਾਗੂ ਕੀਤਾ ਹੋਇਆ ਹੈ। ਪ੍ਰੋਗਰਾਮ ਨੂੰ ਕਾਮਯਾਬ ਬਣਾਉਣ ਲਈ ਸੂਬਾ ਸਰਕਾਰ ਵੱਲੋਂ ਮਾਹਿਰਾਂ ਦੀ ਟੀਮ ਰਾਹੀਂ ਇੱਕ ਵਿਸ਼ੇਸ਼ ਪਾਠਕ੍ਰਮ ਤਿਆਰ ਕਰਵਾ ਕੇ ਸਕੂਲਾਂ ਨੂੰ ਮੁਹੱਈਆ ਕਰਵਾਇਆ ਗਿਆ ਹੈ। ਇਸ ਪਾਠਕ੍ਰਮ ਵਿੱਚ 9 ਡਾਕੂਮੈਂਟਰੀ ਫ਼ਿਲਮਾਂ, ਵਰਕਸ਼ੀਟਾਂ, ਇੰਟਰਐਕਟਿਵ ਗਤੀਵਿਧੀਆਂ ਅਤੇ ਨਸ਼ਿਆਂ ਤੋਂ ਦੂਰ ਰਹਿਣ ਸਬੰਧੀ ਸਹੁੰ ਚੁੱਕਣ ਦੀ ਗਤੀਵਿਧੀ ਸ਼ਾਮਲ ਕੀਤੀ ਗਈ ਹੈ। ਸਕੂਲਾਂ ਵਿੱਚ ਹਰ ਗਤੀਵਿਧੀ ਨੂੰ ਸੁਚੱਜੇ ਢੰਗ ਨਾਲ ਕਰਵਾਉਣ ਲਈ ਅਧਿਆਪਕਾਂ ਨੂੰ ਲਗਭਗ ਇੱਕ ਹਫ਼ਤੇ ਦਾ ਸਮਾਂ ਦਿੱਤਾ ਜਾਂਦਾ ਹੈ।
ਇਸ ਪੂਰੇ ਕਾਰਜ ਦੀ ਨਿਗਰਾਨੀ ਲਈ ਸਕੂਲ ਪੱਧਰ ’ਤੇ ਨੋਡਲ ਅਫ਼ਸਰ ਵੀ ਤਾਇਨਾਤ ਕੀਤੇ ਗਏ ਹਨ। ਜ਼ਿਲ੍ਹਾ ਨੋਡਲ ਅਫ਼ਸਰ ਨੀਰੂ ਬਾਲਾ ਨੇ ਦੱਸਿਆ ਕਿ ਸਕੂਲਾਂ ਤੋਂ ਪ੍ਰਾਪਤ ਹੋ ਰਹੀ ਜਾਣਕਾਰੀ ਮੁਤਾਬਕ ‘ਯੁੱਧ ਨਸ਼ਿਆਂ ਵਿਰੁੱਧ’ ਜਾਗਰੂਕਤਾ ਪ੍ਰੋਗਰਾਮ ਦੇ ਸਾਕਾਰਾਤਮਕ ਨਤੀਜੇ ਸਾਹਮਣੇ ਆ ਰਹੇ ਹਨ। ਉਨ੍ਹਾਂ ਕਿਹਾ ਕਿ ਪਾਠਕ੍ਰਮ ਤਹਿਤ ਵਿਖਾਈਆਂ ਜਾ ਰਹੀਆਂ ਡਾਕੂਮੈਂਟਰੀ ਫ਼ਿਲਮਾਂ ਵਿੱਚ ਅਜਿਹੇ ਅਸਲ ਵਿਅਕਤੀਆਂ ਦੀਆਂ ਕਹਾਣੀਆਂ ਦਰਸਾਈਆਂ ਗਈਆਂ ਹਨ, ਜੋ ਆਪਣੀ ਜ਼ਿੰਦਗੀ ਦੌਰਾਨ ਨਸ਼ਿਆਂ ਦੀ ਦਲਦਲ ਵਿੱਚ ਫਸਣ ਤੋਂ ਬਾਅਦ ਇਸ ਤੋਂ ਬਾਹਰ ਨਿਕਲਣ ਵਿੱਚ ਕਾਮਯਾਬ ਹੋਏ। ਇਨ੍ਹਾਂ ਹਕੀਕੀ ਕਹਾਣੀਆਂ ਰਾਹੀਂ ਵਿਦਿਆਰਥੀਆਂ ਨੂੰ ਨਸ਼ਿਆਂ ਦੇ ਮਾੜੇ ਅਸਰਾਂ ਪ੍ਰਤੀ ਸੰਵੇਦਨਸ਼ੀਲ ਬਣਾਇਆ ਜਾ ਰਿਹਾ ਹੈ, ਜਿਸ ਦਾ ਉਨ੍ਹਾਂ ਦੇ ਮਨਾਂ ’ਤੇ ਡੂੰਘਾ ਅਸਰ ਪੈ ਰਿਹਾ ਹੈ। ਸਕੂਲਾਂ ਵਿੱਚ ਹਰੇਕ ਗਤੀਵਿਧੀ ਮੁਕੰਮਲ ਕਰਵਾਉਣ ਉਪਰੰਤ ਇਸ ਦਾ ਰਿਕਾਰਡ ਵਿਧੀਵਤ ਢੰਗ ਨਾਲ ਮੇਨਟੇਨ ਕੀਤਾ ਜਾਂਦਾ ਹੈ ਅਤੇ ਸ਼ੈਸ਼ਨ ਟਰੈਕਰ ਫਾਰਮ ’ਤੇ ਅਪਲੋਡ ਕੀਤਾ ਜਾਂਦਾ ਹੈ। ਪ੍ਰੋਗਰਾਮ ਦੀ ਕਾਮਯਾਬੀ ਅਤੇ ਗਤੀਵਿਧੀਆਂ ਦੀ ਨਿਰੰਤਰ ਨਿਗਰਾਨੀ ਲਈ ਸਮੇਂ-ਸਮੇਂ ’ਤੇ ਉੱਚ ਅਧਿਕਾਰੀਆਂ ਵੱਲੋਂ ਸਕੂਲਾਂ ਦੇ ਦੌਰੇ ਵੀ ਕੀਤੇ ਜਾ ਰਹੇ ਹਨ।

Exit mobile version