ਮੈਲਬੌਰਨ, 26 ਨਵੰਬਰ, 2026 (ਕਾਜਲ) : ਡਿਜੀਟਲ ਦੁਨੀਆ ਵਿੱਚ ਵਧ ਰਹੇ ਖ਼ਤਰਿਆਂ ਅਤੇ ਆਨਲਾਈਨ ਹਾਨੀਕਾਰਕ ਸਮੱਗਰੀ ’ਤੇ ਲਗਾਮ ਲਗਾਉਣ ਲਈ ਆਸਟ੍ਰੇਲੀਆ ਨੇ ਵੱਡੀਆਂ ਤਕਨੀਕੀ ਕੰਪਨੀਆਂ ਵਿਰੁੱਧ ਸਖ਼ਤ ਕਦਮ ਚੁੱਕਿਆ ਹੈ। ਆਸਟ੍ਰੇਲੀਆ ਦੀ ਸੰਸਦ ਨੇ ਨਵਾਂ ‘ਡਿਜੀਟਲ ਡਿਊਟੀ ਆਫ ਕੇਅਰ ਐਕਟ’ ਪਾਸ ਕਰ ਦਿੱਤਾ ਹੈ, ਜਿਸ ਤਹਿਤ ਸੋਸ਼ਲ ਮੀਡੀਆ ਪਲੇਟਫਾਰਮਾਂ, ਆਨਲਾਈਨ ਗੇਮਿੰਗ ਕੰਪਨੀਆਂ, ਮੋਬਾਈਲ ਐਪਸ ਅਤੇ ਆਰਟੀਫੀਸ਼ੀਅਲ ਇੰਟੈਲੀਜੈਂਸ (AI) ਚੈਟਬੋਟਸ ਨੂੰ ਆਪਣੇ ਉਪਭੋਗਤਾਵਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਪਵੇਗੀ। ਇਸ ਕਾਨੂੰਨ ਦੀ ਸਭ ਤੋਂ ਅਹਿਮ ਵਿਵਸਥਾ ਇਹ ਹੈ ਕਿ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਕੰਪਨੀਆਂ ਨੂੰ ਉਨ੍ਹਾਂ ਦੇ ਵਿਸ਼ਵਵਿਆਪੀ ਮਾਲੀਏ ਦਾ 5 ਫ਼ੀਸਦੀ ਤੱਕ ਜੁਰਮਾਨਾ ਭਰਨਾ ਪੈ ਸਕਦਾ ਹੈ। ਕੰਪਨੀਆਂ ਨੂੰ ਸਿਰਫ਼ ਸ਼ਿਕਾਇਤ ਮਿਲਣ ਤੋਂ ਬਾਅਦ ਹੀ ਕਾਰਵਾਈ ਨਹੀਂ ਕਰਨੀ ਪਵੇਗੀ, ਸਗੋਂ ਆਨਲਾਈਨ ਖ਼ਤਰਿਆਂ ਦੀ ਪਹਿਲਾਂ ਤੋਂ ਪਛਾਣ ਕਰਕੇ ਉਨ੍ਹਾਂ ਨੂੰ ਰੋਕਣ ਲਈ ਵੀ ਢੁਕਵੇਂ ਪ੍ਰਬੰਧ ਕਰਨੇ ਹੋਣਗੇ।
ਸੰਸਦ ਦੇ ਦੋਵਾਂ ਸਦਨਾਂ ਵਿੱਚ ਮਿਲੀ ਮਨਜ਼ੂਰੀ
ਪ੍ਰਧਾਨ ਮੰਤਰੀ ਐਂਥਨੀ ਅਲਬਨੀਜ਼ ਦੀ ਅਗਵਾਈ ਵਾਲੀ ਲੇਬਰ ਪਾਰਟੀ ਨੂੰ ਪ੍ਰਤੀਨਿਧੀ ਸਭਾ ਵਿੱਚ ਬਹੁਮਤ ਹੋਣ ਕਾਰਨ ਬਿੱਲ 97 ਦੇ ਮੁਕਾਬਲੇ 43 ਵੋਟਾਂ ਨਾਲ ਪਾਸ ਹੋ ਗਿਆ। ਇਸ ਤੋਂ ਬਾਅਦ ਸੈਨੇਟ ਵਿੱਚ ਵੀ ਗ੍ਰੀਨਜ਼ ਪਾਰਟੀ ਦੇ ਸਮਰਥਨ ਨਾਲ ਬਿੱਲ ਨੂੰ 36 ਦੇ ਮੁਕਾਬਲੇ 23 ਵੋਟਾਂ ਨਾਲ ਪ੍ਰਵਾਨਗੀ ਮਿਲ ਗਈ। ਪ੍ਰਧਾਨ ਮੰਤਰੀ ਅਲਬਨੀਜ਼ ਨੇ ਕਿਹਾ ਕਿ ਇਹ ਕਾਨੂੰਨ ਬੱਚਿਆਂ ਅਤੇ ਆਮ ਨਾਗਰਿਕਾਂ ਨੂੰ ਡਿਜੀਟਲ ਦੁਨੀਆ ਵਿੱਚ ਮੌਜੂਦ ਖ਼ਤਰਿਆਂ ਤੋਂ ਬਚਾਉਣ ਲਈ ਮਹੱਤਵਪੂਰਨ ਸਾਬਤ ਹੋਵੇਗਾ। ਉਨ੍ਹਾਂ ਮੁਤਾਬਕ, ਹੁਣ ਆਨਲਾਈਨ ਨੁਕਸਾਨ ਪਹੁੰਚਾਉਣ ਵਾਲੀਆਂ ਗਤੀਵਿਧੀਆਂ ਦੀ ਪਛਾਣ ਕਰਨਾ ਅਤੇ ਉਨ੍ਹਾਂ ਨੂੰ ਰੋਕਣਾ ਪਹਿਲਾਂ ਨਾਲੋਂ ਵਧੇਰੇ ਸੰਭਵ ਹੈ।
ਜੁਰਮਾਨੇ ਦੀ ਰਕਮ ਵਧਾ ਕੇ ਵਿਸ਼ਵਵਿਆਪੀ ਆਮਦਨ ਦਾ 5 ਫ਼ੀਸਦੀ ਕੀਤੀ
ਗ੍ਰੀਨਜ਼ ਪਾਰਟੀ ਵੱਲੋਂ ਪੇਸ਼ ਕੀਤੀ ਗਈ ਸੋਧ ਤੋਂ ਬਾਅਦ ਜੁਰਮਾਨੇ ਦੀ ਵੱਧ ਤੋਂ ਵੱਧ ਹੱਦ 10.9 ਕਰੋੜ ਆਸਟ੍ਰੇਲੀਆਈ ਡਾਲਰ ਤੋਂ ਵਧਾ ਕੇ ਕੰਪਨੀ ਦੇ ਵਿਸ਼ਵਵਿਆਪੀ ਮਾਲੀਏ ਦਾ 5 ਫ਼ੀਸਦੀ ਕਰ ਦਿੱਤੀ ਗਈ ਹੈ। ਗ੍ਰੀਨਜ਼ ਪਾਰਟੀ ਦੀ ਮੁੱਖ ਵਾਰਤਾਕਾਰ ਸਾਰਾ ਹੈਨਸਨ-ਯੰਗ ਨੇ ਕਿਹਾ ਕਿ ਇਸ ਕਾਨੂੰਨ ਰਾਹੀਂ ਬੱਚਿਆਂ ਅਤੇ ਨਾਗਰਿਕਾਂ ਦੀ ਸੁਰੱਖਿਆ ਨੂੰ ਵੱਡੀਆਂ ਕੰਪਨੀਆਂ ਦੇ ਮੁਨਾਫ਼ੇ ਨਾਲੋਂ ਵੱਧ ਤਰਜੀਹ ਦਿੱਤੀ ਗਈ ਹੈ।
ਵਿਰੋਧੀ ਧਿਰ ਨੇ ਪ੍ਰਗਟਾਵੇ ਦੀ ਆਜ਼ਾਦੀ ’ਤੇ ਖ਼ਤਰੇ ਦਾ ਖਦਸ਼ਾ ਜਤਾਇਆ
ਦੂਜੇ ਪਾਸੇ, ਇਸ ਕਾਨੂੰਨ ਨੂੰ ਲੈ ਕੇ ਆਸਟ੍ਰੇਲੀਆ ਦੀ ਵਿਰੋਧੀ ਧਿਰ ਅਤੇ ਅਮਰੀਕਾ ਵੱਲੋਂ ਇਤਰਾਜ਼ ਵੀ ਉਠਾਏ ਗਏ ਹਨ। ਆਲੋਚਕਾਂ ਦਾ ਮੰਨਣਾ ਹੈ ਕਿ ਆਨਲਾਈਨ ਨੁਕਸਾਨ ਦੀ ਸਪੱਸ਼ਟ ਪਰਿਭਾਸ਼ਾ ਨਾ ਹੋਣ ਅਤੇ ਭਾਰੀ ਜੁਰਮਾਨਿਆਂ ਕਾਰਨ ਤਕਨੀਕੀ ਕੰਪਨੀਆਂ ਵਿਵਾਦਾਂ ਤੋਂ ਬਚਣ ਲਈ ਕਾਨੂੰਨੀ ਤੌਰ ’ਤੇ ਜਾਇਜ਼ ਸਮੱਗਰੀ ਵੀ ਹਟਾ ਸਕਦੀਆਂ ਹਨ। ਇਸ ਨਾਲ ਵਿਚਾਰ ਪ੍ਰਗਟ ਕਰਨ ਦੀ ਆਜ਼ਾਦੀ ਪ੍ਰਭਾਵਿਤ ਹੋਣ ਦਾ ਖ਼ਦਸ਼ਾ ਹੈ। ਆਸਟ੍ਰੇਲੀਆ ਵਿੱਚ ਵਿਰੋਧੀ ਧਿਰ ਦੇ ਆਗੂ ਐਂਗਸ ਟੇਲਰ ਨੇ ਇਸ ਕਾਨੂੰਨ ਨੂੰ ਤਾਨਾਸ਼ਾਹੀ ਕਰਾਰ ਦਿੰਦਿਆਂ ਦੋਸ਼ ਲਾਇਆ ਕਿ ਇਸ ਨਾਲ ਰਾਜਨੀਤਿਕ ਸੈਂਸਰਸ਼ਿਪ ਨੂੰ ਉਤਸ਼ਾਹ ਮਿਲ ਸਕਦਾ ਹੈ। ਉਨ੍ਹਾਂ ਕਿਹਾ ਕਿ ਜੇਕਰ ਲਿਬਰਲ ਪਾਰਟੀ 2028 ਦੀਆਂ ਚੋਣਾਂ ਤੋਂ ਬਾਅਦ ਸੱਤਾ ਵਿੱਚ ਆਉਂਦੀ ਹੈ ਤਾਂ ਇਸ ਕਾਨੂੰਨ ਨੂੰ ਰੱਦ ਕਰਨ ਬਾਰੇ ਕਦਮ ਚੁੱਕੇ ਜਾਣਗੇ। ਆਸਟ੍ਰੇਲੀਆ ਵਿੱਚ ਅਮਰੀਕੀ ਰਾਜਦੂਤ ਡੇਵਿਡ ਬ੍ਰੈਟ ਨੇ ਵੀ ਚਿੰਤਾ ਜਤਾਈ ਕਿ ਨਵੇਂ ਨਿਯਮਾਂ ਨਾਲ ਅਮਰੀਕੀ ਤਕਨੀਕੀ ਕੰਪਨੀਆਂ ’ਤੇ ਵਾਧੂ ਪਾਲਣਾ ਦਾ ਬੋਝ ਪੈ ਸਕਦਾ ਹੈ ਅਤੇ ਜਾਇਜ਼ ਸਮੱਗਰੀ ਨੂੰ ਵੀ ਹਟਾਉਣ ਦੀ ਨੌਬਤ ਆ ਸਕਦੀ ਹੈ।
ਯੂਰਪ ਅਤੇ ਬ੍ਰਿਟੇਨ ਦੇ ਕਾਨੂੰਨਾਂ ਤੋਂ ਲਈ ਪ੍ਰੇਰਣਾ
ਆਸਟ੍ਰੇਲੀਆ ਦਾ ਇਹ ਕਾਨੂੰਨ ਯੂਰਪੀ ਸੰਘ ਦੇ 2022 ਦੇ ਡਿਜੀਟਲ ਸਰਵਿਸਿਜ਼ ਐਕਟ ਅਤੇ ਬ੍ਰਿਟੇਨ ਦੇ 2023 ਦੇ ਆਨਲਾਈਨ ਸੇਫਟੀ ਐਕਟ ਦੀ ਤਰਜ਼ ’ਤੇ ਤਿਆਰ ਕੀਤਾ ਗਿਆ ਹੈ। ਦੁਨੀਆ ਭਰ ਵਿੱਚ ਸਰਕਾਰਾਂ ਹੁਣ ਸੋਸ਼ਲ ਮੀਡੀਆ, ਬੱਚਿਆਂ ਦੀ ਡਿਜੀਟਲ ਸੁਰੱਖਿਆ ਅਤੇ AI ਦੀ ਵਧਦੀ ਵਰਤੋਂ ਨਾਲ ਜੁੜੇ ਖ਼ਤਰਿਆਂ ਨੂੰ ਦੇਖਦਿਆਂ ਤਕਨੀਕੀ ਕੰਪਨੀਆਂ ਦੀ ਜਵਾਬਦੇਹੀ ਵਧਾਉਣ ਵੱਲ ਧਿਆਨ ਦੇ ਰਹੀਆਂ ਹਨ।






