ਆਸਟ੍ਰੇਲੀਆ, 27 ਜੁਲਾਈ, 2026 (ਦੀਪਕ ਦੱਤਾ) : ਵਰਜੀਨੀਆ ਦੇ ਉਪ-ਨਗਰ ਵਿੱਚ ਸਥਿਤ ਗੁਰਦੁਆਰਾ ਦਸ਼ਮੇਸ਼ ਦਰਬਾਰ ਬੀਤੀ ਰਾਤ ਨੂੰ ਅੱਗ ਲੱਗਣ ਕਾਰਨ ਪੂਰੀ ਤਰ੍ਹਾਂ ਸੜ ਕੇ ਸੁਆਹ ਹੋ ਗਿਆ। ਜਾਣਕਾਰੀ ਅਨੁਸਾਰ ਗੁਰਦੁਆਰਾ ਸਾਹਿਬ ਵਿੱਚ ਰਾਤ ਲਗਭਗ 9:40 ਵਜੇ ਅੱਗ ਲੱਗੀ।
ਅੱਗ ਬੁਝਾਊ ਦਸਤਿਆਂ ਨੂੰ ਤੁਰੰਤ ਬੁਲਾਇਆ ਗਿਆ ਅਤੇ ਕੰਟਰੀ ਫਾਇਰ ਸਰਵਿਸ (CFS) ਨੇ ਅੱਗ ‘ਤੇ ਕਾਬੂ ਪਾਉਣ ਲਈ ਲਗਭਗ 60 ਫਾਇਰਫਾਈਟਰਾਂ ਅਤੇ 20 ਗੱਡੀਆਂ ਨੂੰ ਕੰਮ ‘ਤੇ ਲਗਾਇਆ। ਪਾਣੀ ਦੀ ਕਮੀ ਕਾਰਨ ਅੱਗ ਬੁਝਾਊ ਅਭਿਆਨ ‘ਚ ਕੁਝ ਦਿੱਕਤਾਂ ਆਈਆਂ, ਪਰ ਅਖੀਰ 3 ਤੋਂ 4 ਘੰਟਿਆਂ ਵਿੱਚ ਅੱਗ ‘ਤੇ ਕਾਬੂ ਪਾ ਲਿਆ ਗਿਆ।
ਸਥਾਨਕ ਸੰਗਤਾਂ ਅਤੇ ਨਿਵਾਸੀਆਂ ਨੇ ਦੱਸਿਆ ਕਿ ਛੱਤ ਦਾ ਇੱਕ ਵੱਡਾ ਹਿੱਸਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ‘ਤੇ ਡਿੱਗ ਗਿਆ ਸੀ ਅਤੇ ਅੱਗ ਬੁਝਾਊ ਕਰਮਚਾਰੀ ਛੱਤ ਦੇ ਉਸ ਵੱਡੇ ਹਿੱਸੇ ਨੂੰ ਕੱਟਣ ਲਈ ਔਜ਼ਾਰਾਂ ਦੀ ਵਰਤੋਂ ਕਰ ਰਹੇ ਸਨ। ਇਹ ਗੁਰਦੁਆਰਾ ਸਾਹਿਬ ਓਲਡ ਪੋਰਟ ਵੇਕਫੀਲਡ ਰੋਡ ‘ਤੇ ਇੱਕ ਵੱਡੀ ਇੰਡਸਟਰੀਅਲ ਫੈਕਟਰੀ (ਉਦਯੋਗਿਕ ਇਮਾਰਤ) ਦੇ ਅੰਦਰ ਸਥਾਪਿਤ ਹੈ।








