Home ਮਨੋਰੰਜਨ ਆਸ਼ਾ ਭੋਸਲੇ ਨੇ ਅਦਨਾਨ ਸਾਮੀ ਨੂੰ ਭਾਰਤ ਆਉਣ ਲਈ ਕੀਤਾ ਸੀ ਪ੍ਰੇਰਿਤ,...

ਆਸ਼ਾ ਭੋਸਲੇ ਨੇ ਅਦਨਾਨ ਸਾਮੀ ਨੂੰ ਭਾਰਤ ਆਉਣ ਲਈ ਕੀਤਾ ਸੀ ਪ੍ਰੇਰਿਤ, ਕਿਹਾ ਸੀ- ਮੁੰਬਈ ਤੋਂ ਬਿਹਤਰ ਮਿਊਜ਼ਿਕ ਮਾਰਕੀਟ ਨਹੀਂ

Adnan Sami recalls how Asha Bhosle encouraged him to launch his music in Mumbai and played a key role in his India journey.

0

ਮੁੰਬਈ, 8 ਸਤੰਬਰ, 2026 (ਛਤਰਪਾਲ ਸਿੰਘ) : ਮਸ਼ਹੂਰ ਗਾਇਕਾ ਆਸ਼ਾ ਭੋਸਲੇ ਦਾ ਸੰਗੀਤ ਜਗਤ ਵਿੱਚ ਯੋਗਦਾਨ ਬੇਮਿਸਾਲ ਰਿਹਾ ਹੈ। ਉਨ੍ਹਾਂ ਨੇ ਆਪਣੇ ਲੰਬੇ ਕਰੀਅਰ ਦੌਰਾਨ ਕਈ ਕਲਾਕਾਰਾਂ ਨੂੰ ਮੌਕੇ ਦਿੱਤੇ ਅਤੇ ਉਨ੍ਹਾਂ ਦੀਆਂ ਕਾਬਲੀਅਤਾਂ ਨੂੰ ਨਿਖਾਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਇਨ੍ਹਾਂ ਕਲਾਕਾਰਾਂ ਵਿੱਚ ਗਾਇਕ ਅਤੇ ਸੰਗੀਤਕਾਰ ਅਦਨਾਨ ਸਾਮੀ ਦਾ ਨਾਮ ਵੀ ਸ਼ਾਮਲ ਹੈ। ਅਦਨਾਨ ਸਾਮੀ ਨੇ ਇੱਕ ਇੰਟਰਵਿਊ ਦੌਰਾਨ ਆਸ਼ਾ ਭੋਸਲੇ ਨਾਲ ਆਪਣੀ ਸਾਂਝ ਅਤੇ ਉਨ੍ਹਾਂ ਦੇ ਜੀਵਨ ਵਿੱਚ ਪਾਏ ਪ੍ਰਭਾਵ ਬਾਰੇ ਗੱਲ ਕੀਤੀ। ਉਨ੍ਹਾਂ ਮੁਤਾਬਕ ਉਹ ਆਸ਼ਾ ਭੋਸਲੇ ਨੂੰ ਆਪਣੀ ਜ਼ਿੰਦਗੀ ਦੀਆਂ ਕਈ ਉਪਲਬਧੀਆਂ ਲਈ ਸ਼੍ਰੇਯ ਦਿੰਦੇ ਹਨ। ਸਾਮੀ ਦਾ ਕਹਿਣਾ ਹੈ ਕਿ ਭਾਰਤ ਵਿੱਚ ਆਪਣਾ ਸੰਗੀਤਕ ਸਫ਼ਰ ਅੱਗੇ ਵਧਾਉਣ ਵਿੱਚ ਵੀ ਆਸ਼ਾ ਭੋਸਲੇ ਦੀ ਅਹਿਮ ਭੂਮਿਕਾ ਰਹੀ। ਸਾਮੀ ਨੇ 1997 ਵਿੱਚ ਆਸ਼ਾ ਭੋਸਲੇ ਨਾਲ ਮਿਲ ਕੇ ਤਿਆਰ ਕੀਤੀ ਐਲਬਮ ਕਭੀ ਤੋ ਨਜ਼ਰ ਮਿਲਾਓ’ ਨਾਲ ਜੁੜੀ ਇੱਕ ਯਾਦ ਸਾਂਝੀ ਕੀਤੀ। ਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਲੰਡਨ ਵਿੱਚ ਰਹਿੰਦੇ ਸਨ ਅਤੇ ਉੱਥੇ ਹੀ ਐਲਬਮ ਦੀ ਰਿਕਾਰਡਿੰਗ ਹੋ ਰਹੀ ਸੀ। ਜਦੋਂ ਆਸ਼ਾ ਭੋਸਲੇ ਨੇ ਉਨ੍ਹਾਂ ਤੋਂ ਪੁੱਛਿਆ ਕਿ ਉਹ ਐਲਬਮ ਕਿੱਥੇ ਰਿਲੀਜ਼ ਕਰਨ ਦੀ ਯੋਜਨਾ ਬਣਾ ਰਹੇ ਹਨ ਤਾਂ ਸਾਮੀ ਨੇ ਲੰਡਨ ਦਾ ਨਾਮ ਲਿਆ।

ਅਦਨਾਨ ਸਾਮੀ ਮੁਤਾਬਕ ਆਸ਼ਾ ਭੋਸਲੇ ਨੂੰ ਇਹ ਵਿਚਾਰ ਪਸੰਦ ਨਹੀਂ ਆਇਆ। ਉਨ੍ਹਾਂ ਨੇ ਸਾਮੀ ਨੂੰ ਐਲਬਮ ਭਾਰਤ, ਖ਼ਾਸ ਕਰਕੇ ਮੁੰਬਈ ਵਿੱਚ ਰਿਲੀਜ਼ ਕਰਨ ਦੀ ਸਲਾਹ ਦਿੱਤੀ। ਆਸ਼ਾ ਭੋਸਲੇ ਦਾ ਮੰਨਣਾ ਸੀ ਕਿ ਹਿੰਦੀ ਸੰਗੀਤ ਲਈ ਮੁੰਬਈ ਇੱਕ ਵੱਡਾ ਕੇਂਦਰ ਹੈ ਅਤੇ ਜੇਕਰ ਕੋਈ ਗੀਤ ਜਾਂ ਐਲਬਮ ਮੁੰਬਈ ਵਿੱਚ ਸਫਲ ਹੋ ਜਾਂਦੀ ਹੈ ਤਾਂ ਉਸ ਦੀ ਪਹੁੰਚ ਦੇਸ਼-ਵਿਦੇਸ਼ ਤੱਕ ਹੋ ਸਕਦੀ ਹੈ। ਸਾਮੀ ਨੇ ਦੱਸਿਆ ਕਿ ਆਸ਼ਾ ਭੋਸਲੇ ਨੇ ਉਨ੍ਹਾਂ ਨੂੰ ਭਾਰਤ ਵਿੱਚ ਆਪਣਾ ਸੰਗੀਤ ਜਾਰੀ ਕਰਨ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਦੀ ਸਲਾਹ ਨੇ ਸਾਮੀ ਦੇ ਕਰੀਅਰ ਦੀ ਦਿਸ਼ਾ ਬਦਲਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਅਤੇ ਬਾਅਦ ਵਿੱਚ ਉਹ ਭਾਰਤੀ ਸੰਗੀਤ ਉਦਯੋਗ ਵਿੱਚ ਆਪਣੀ ਵੱਖਰੀ ਪਛਾਣ ਬਣਾਉਣ ਵਿੱਚ ਕਾਮਯਾਬ ਰਹੇ। ਆਸ਼ਾ ਭੋਸਲੇ ਅਤੇ ਅਦਨਾਨ ਸਾਮੀ ਦੀ ਇਹ ਸਾਂਝ ਸਿਰਫ਼ ਸੰਗੀਤਕ ਸਹਿਯੋਗ ਤੱਕ ਸੀਮਿਤ ਨਹੀਂ ਰਹੀ। ਦੋਵਾਂ ਨੇ ਕਈ ਪ੍ਰੋਜੈਕਟਾਂ ਵਿੱਚ ਇਕੱਠੇ ਕੰਮ ਕੀਤਾ ਅਤੇ ਸਾਮੀ ਨੇ ਹਮੇਸ਼ਾ ਆਸ਼ਾ ਭੋਸਲੇ ਨੂੰ ਆਪਣੇ ਕਰੀਅਰ ਦੀਆਂ ਮਹੱਤਵਪੂਰਨ ਪ੍ਰੇਰਣਾਵਾਂ ਵਿੱਚੋਂ ਇੱਕ ਵਜੋਂ ਯਾਦ ਕੀਤਾ ਹੈ।

 

Exit mobile version