ਨਵੀਂ ਦਿੱਲੀ, 23 ਸਤੰਬਰ, 2026 (ਚੌਧਰੀ ਪ੍ਰਭਜੀਤ ਸਿੰਘ): ਭਾਰਤ-ਬੰਗਲਾਦੇਸ਼ ਸਬੰਧਾਂ ਵਿਚਾਲੇ ਜਾਰੀ ਕੂਟਨੀਤਕ ਸਰਗਰਮੀਆਂ ਦਰਮਿਆਨ ਬੰਗਲਾਦੇਸ਼ ਨੇ ਵਿਦੇਸ਼ ਸਕੱਤਰ ਅਸਦ ਆਲਮ ਸਯਮ ਨੂੰ ਨਵੀਂ ਦਿੱਲੀ ਵਿੱਚ ਆਪਣਾ ਅਗਲਾ ਹਾਈ ਕਮਿਸ਼ਨਰ ਨਿਯੁਕਤ ਕੀਤਾ ਹੈ। ਜਾਣਕਾਰੀ ਮੁਤਾਬਕ, ਭਾਰਤ ਸਰਕਾਰ ਵੱਲੋਂ ਵੀ ਉਨ੍ਹਾਂ ਦੀ ਨਿਯੁਕਤੀ ਨੂੰ ਰਸਮੀ ਮਨਜ਼ੂਰੀ ਮਿਲ ਗਈ ਹੈ। ਸਯਮ ਮੌਜੂਦਾ ਹਾਈ ਕਮਿਸ਼ਨਰ ਐਮ. ਰਿਆਜ਼ ਹਮੀਦੁੱਲਾ ਦੀ ਥਾਂ ਅਹੁਦਾ ਸੰਭਾਲਣਗੇ।
ਬੰਗਲਾਦੇਸ਼ ਦੇ ਵਿਦੇਸ਼ ਮੰਤਰਾਲੇ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਢਾਕਾ ਨੂੰ ਸਯਮ ਦੀ ਨਿਯੁਕਤੀ ਸਬੰਧੀ ਭਾਰਤ ਦੀ ਰਸਮੀ ਸਹਿਮਤੀ ਪ੍ਰਾਪਤ ਹੋ ਚੁੱਕੀ ਹੈ। ਹਾਲਾਂਕਿ, ਉਨ੍ਹਾਂ ਦੇ ਨਵੀਂ ਦਿੱਲੀ ਪਹੁੰਚਣ ਅਤੇ ਅਹੁਦਾ ਸੰਭਾਲਣ ਦੀ ਤਾਰੀਖ ਦਾ ਅਜੇ ਐਲਾਨ ਨਹੀਂ ਕੀਤਾ ਗਿਆ। ਅਸਦ ਆਲਮ ਸਯਮ ਇਸ ਸਮੇਂ ਨਿਊਯਾਰਕ ਵਿੱਚ ਹਨ, ਜਿੱਥੇ ਉਹ ਪ੍ਰਧਾਨ ਮੰਤਰੀ ਤਾਰਿਕ ਰਹਿਮਾਨ ਨਾਲ ਸੰਯੁਕਤ ਰਾਸ਼ਟਰ ਮਹਾਸਭਾ (UNGA) ਨਾਲ ਸਬੰਧਤ ਕਾਰਜਕ੍ਰਮਾਂ ਵਿੱਚ ਸ਼ਾਮਲ ਹੋ ਰਹੇ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਉਹ ਜਲਦ ਹੀ ਭਾਰਤ ਪਹੁੰਚ ਕੇ ਨਵੀਂ ਜ਼ਿੰਮੇਵਾਰੀ ਸੰਭਾਲਣਗੇ। ਇਹ ਨਿਯੁਕਤੀ ਅਜਿਹੇ ਸਮੇਂ ਹੋਈ ਹੈ ਜਦੋਂ ਭਾਰਤ ਅਤੇ ਬੰਗਲਾਦੇਸ਼ ਆਪਣੇ ਦੁਵੱਲੇ ਸਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੂਟਨੀਤਕ ਪੱਧਰ ’ਤੇ ਸੰਪਰਕ ਵਧਾ ਰਹੇ ਹਨ।
