ਕੁਰੂਕਸ਼ੇਤਰ, 11 ਅਕਤੂਬਰ, 2026 (ਸੰਜੀਵ ਸ਼ਰਮਾ): ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਕਾਰੀਗਰ ਅਤੇ ਸ਼ਿਲਪਕਾਰ ਸਮਾਜ ਦੇ ਨਵ-ਨਿਰਮਾਣ ਵਿੱਚ ਅਹਿਮ ਯੋਗਦਾਨ ਪਾਉਂਦੇ ਹਨ। ਉਨ੍ਹਾਂ ਦੇ ਹੁਨਰ ਨੂੰ ਸਨਮਾਨ ਦੇਣ ਲਈ ਕੇਂਦਰ ਸਰਕਾਰ ਵੱਲੋਂ ਪੀਐਮ ਵਿਸ਼ਵਕਰਮਾ ਯੋਜਨਾ ਚਲਾਈ ਜਾ ਰਹੀ ਹੈ, ਜਿਸ ਨਾਲ ਉਨ੍ਹਾਂ ਦੇ ਕੰਮ ਨੂੰ ਨਵੀਂ ਪਛਾਣ ਮਿਲ ਰਹੀ ਹੈ। ਉਨ੍ਹਾਂ ਕਿਹਾ ਕਿ ਪੀਐਮ ਵਿਸ਼ਵਕਰਮਾ ਯੋਜਨਾ ਭਾਰਤ ਦੀ ਰਵਾਇਤੀ ਕਲਾ ਅਤੇ ਸ਼ਿਲਪਕਾਰੀ ਨੂੰ ਜਿਊਂਦਾ ਰੱਖਣ ਦੇ ਨਾਲ-ਨਾਲ ਦੇਸ਼ ਦੇ ਕਾਰੀਗਰਾਂ ਅਤੇ ਸ਼ਿਲਪਕਾਰਾਂ ਦੀ ਆਰਥਿਕ ਸਥਿਤੀ ਮਜ਼ਬੂਤ ਕਰਨ ਵਿੱਚ ਸਹਾਇਕ ਹੈ। ਇਸ ਯੋਜਨਾ ਦਾ ਮੁੱਖ ਉਦੇਸ਼ ਕਾਰੀਗਰਾਂ ਦੇ ਉਤਪਾਦਾਂ ਦੀ ਪਹੁੰਚ ਰਾਸ਼ਟਰੀ ਅਤੇ ਕੌਮਾਂਤਰੀ ਪੱਧਰ ਤੱਕ ਵਧਾਉਣਾ, ਉਤਪਾਦਾਂ ਦੀ ਗੁਣਵੱਤਾ ਵਿੱਚ ਸੁਧਾਰ ਕਰਨਾ ਅਤੇ ਉਨ੍ਹਾਂ ਨੂੰ ਘਰੇਲੂ ਤੇ ਵਿਸ਼ਵ ਪੱਧਰੀ ਵਪਾਰਕ ਲੜੀਆਂ ਨਾਲ ਜੋੜਨਾ ਹੈ। ਇਹ ਯੋਜਨਾ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੇ ਕਾਰੀਗਰਾਂ ਤੇ ਸ਼ਿਲਪਕਾਰਾਂ ਨੂੰ ਸਹਾਇਤਾ ਪ੍ਰਦਾਨ ਕਰਦੀ ਹੈ।
ਯੋਗ ਬਿਨੈਕਾਰ ਕਾਮਨ ਸਰਵਿਸ ਸੈਂਟਰ (ਸੀਐੱਸਸੀ) ’ਤੇ ਜਾ ਕੇ ਮੋਬਾਈਲ ਤਸਦੀਕ ਅਤੇ ਆਧਾਰ ਈ-ਕੇਵਾਈਸੀ ਰਾਹੀਂ ਪੀਐਮ ਵਿਸ਼ਵਕਰਮਾ ਪੋਰਟਲ ’ਤੇ ਰਜਿਸਟ੍ਰੇਸ਼ਨ ਕਰਵਾ ਕੇ ਯੋਜਨਾ ਲਈ ਅਰਜ਼ੀ ਦੇ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਵਿੱਚ 18 ਕਿਸਮਾਂ ਦੇ ਰਵਾਇਤੀ ਕਿੱਤਿਆਂ ਨੂੰ ਸ਼ਾਮਲ ਕੀਤਾ ਗਿਆ ਹੈ। ਇਨ੍ਹਾਂ ਵਿੱਚ ਕਿਸ਼ਤੀ ਬਣਾਉਣ ਵਾਲੇ, ਸ਼ਸਤਰ ਬਣਾਉਣ ਵਾਲੇ, ਲੁਹਾਰ, ਹਥੌੜੇ ਅਤੇ ਲੋਹੇ ਦੇ ਔਜ਼ਾਰ ਬਣਾਉਣ ਵਾਲੇ, ਤਾਲਾ ਬਣਾਉਣ ਵਾਲੇ, ਸੁਨਿਆਰੇ, ਘੁਮਿਆਰ, ਮੂਰਤੀਕਾਰ, ਮੋਚੀ, ਰਾਜ ਮਿਸਤਰੀ, ਟੋਕਰੀ ਬਣਾਉਣ ਵਾਲੇ, ਤਰਖਾਣ, ਚਟਾਈ ਬਣਾਉਣ ਵਾਲੇ, ਗੁੱਡੀਆਂ ਤੇ ਖਿਡੌਣੇ ਬਣਾਉਣ ਵਾਲੇ, ਨਾਈ, ਧੋਬੀ, ਦਰਜ਼ੀ ਅਤੇ ਮੱਛੀਆਂ ਫੜਨ ਵਾਲੇ ਜਾਲ ਬਣਾਉਣ ਵਾਲੇ ਸ਼ਾਮਲ ਹਨ। ਉਨ੍ਹਾਂ ਸਾਰੇ ਯੋਗ ਕਾਰੀਗਰਾਂ ਨੂੰ ਅਪੀਲ ਕੀਤੀ ਕਿ ਉਹ ਜਲਦੀ ਤੋਂ ਜਲਦੀ ਰਜਿਸਟ੍ਰੇਸ਼ਨ ਕਰਵਾ ਕੇ ਯੋਜਨਾ ਦਾ ਲਾਭ ਲੈਣ।
ਪੀਐਮ ਵਿਸ਼ਵਕਰਮਾ ਯੋਜਨਾ ਤਹਿਤ ਕਾਰੀਗਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਲਈ ਲਾਭ
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਯੋਜਨਾ ਤਹਿਤ ਮਜ਼ਦੂਰ ਦੀ ਕਾਲਜ ਵਿੱਚ ਪੜ੍ਹਦੀ ਧੀ ਨੂੰ ਇਲੈਕਟ੍ਰਿਕ ਸਕੂਟੀ ਲਈ 50 ਹਜ਼ਾਰ ਰੁਪਏ ਅਤੇ ਮਜ਼ਦੂਰ ਨੂੰ ਸਾਈਕਲ ਖਰੀਦਣ ਲਈ 5 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਇਸੇ ਤਰ੍ਹਾਂ ਮਹਿਲਾ ਮਜ਼ਦੂਰ ਨੂੰ ਸਿਲਾਈ ਮਸ਼ੀਨ ਖਰੀਦਣ ਲਈ 4,500 ਰੁਪਏ ਦਿੱਤੇ ਜਾਂਦੇ ਹਨ। ਨੌਵੀਂ ਅਤੇ ਦਸਵੀਂ ਜਮਾਤ ਦੇ ਵਿਦਿਆਰਥੀਆਂ ਅਤੇ ਆਈਟੀਆਈ ਤੇ ਡਿਪਲੋਮਾ ਕਰਨ ਵਾਲਿਆਂ ਨੂੰ 10 ਹਜ਼ਾਰ ਰੁਪਏ, ਜਦਕਿ ਗਿਆਰ੍ਹਵੀਂ ਅਤੇ ਬਾਰ੍ਹਵੀਂ ਜਮਾਤ ਦੇ ਵਿਦਿਆਰਥੀਆਂ ਨੂੰ 12 ਹਜ਼ਾਰ ਰੁਪਏ ਦੇਣ ਦੀ ਜਾਣਕਾਰੀ ਦਿੱਤੀ ਗਈ।
ਇਸੇ ਤਰ੍ਹਾਂ ਬੀਏ, ਪੌਲੀਟੈਕਨਿਕ, ਡਿਪਲੋਮਾ, ਸੀਏ, ਏਐੱਨਐੱਮ, ਜੀਐੱਨਐੱਮ ਅਤੇ ਅੰਡਰਗ੍ਰੈਜੂਏਟ ਡਿਪਲੋਮਾ ਕਰਨ ਵਾਲੇ ਵਿਦਿਆਰਥੀਆਂ ਲਈ 15 ਹਜ਼ਾਰ ਰੁਪਏ ਦੀ ਸਹਾਇਤਾ ਦਾ ਜ਼ਿਕਰ ਕੀਤਾ ਗਿਆ ਹੈ। ਫਾਰਮੇਸੀ ਅਤੇ ਇੰਜੀਨੀਅਰਿੰਗ ਦੀ ਡਿਗਰੀ ਕਰਨ ਵਾਲੇ ਵਿਦਿਆਰਥੀਆਂ ਨੂੰ 20 ਹਜ਼ਾਰ ਰੁਪਏ, ਜਦਕਿ ਐੱਮਬੀਬੀਐੱਸ, ਬੀਏਐੱਮਐੱਸ ਅਤੇ ਬੀਡੀਐੱਸ ਕਰਨ ਵਾਲੇ ਵਿਦਿਆਰਥੀਆਂ ਨੂੰ ਸਾਲਾਨਾ 21 ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ। ਉਨ੍ਹਾਂ ਦੱਸਿਆ ਕਿ ਇਸ ਯੋਜਨਾ ਤਹਿਤ ਵਿਸ਼ਵਕਰਮਾ ਭਾਈਚਾਰੇ ਦੇ ਕਾਰੀਗਰਾਂ ਨੂੰ 3 ਲੱਖ ਰੁਪਏ ਤੱਕ ਦਾ ਬਿਨਾਂ ਗਾਰੰਟੀ ਕਰਜ਼ਾ, 15 ਹਜ਼ਾਰ ਰੁਪਏ ਤੱਕ ਦੀ ਟੂਲਕਿੱਟ ਸਹਾਇਤਾ, ਹੁਨਰ ਵਿਕਾਸ ਲਈ ਸਿਖਲਾਈ ਅਤੇ ਸਿਖਲਾਈ ਦੌਰਾਨ ਰੋਜ਼ਾਨਾ 500 ਰੁਪਏ ਦਾ ਵਜ਼ੀਫ਼ਾ ਦਿੱਤਾ ਜਾਂਦਾ ਹੈ। ਇਸ ਤੋਂ ਇਲਾਵਾ ਉਤਪਾਦਾਂ ਦੀ ਗੁਣਵੱਤਾ ਪ੍ਰਮਾਣੀਕਰਨ, ਬ੍ਰਾਂਡਿੰਗ ਅਤੇ ਮਾਰਕੀਟਿੰਗ ਲਈ ਵੀ ਸਹਾਇਤਾ ਦਿੱਤੀ ਜਾਂਦੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਪੀਐਮ ਵਿਸ਼ਵਕਰਮਾ ਯੋਜਨਾ ਰਾਹੀਂ ਕਾਰੀਗਰਾਂ ਨੂੰ ਆਤਮਨਿਰਭਰ ਬਣਾਉਣ ਅਤੇ ਉਨ੍ਹਾਂ ਨੂੰ ਵਿਕਾਸ ਦੀ ਮੁੱਖ ਧਾਰਾ ਨਾਲ ਜੋੜਨ ਲਈ ਵਚਨਬੱਧ ਹੈ।







