ਚੰਡੀਗੜ੍ਹ, 3 ਜੁਲਾਈ 2026: ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਲੋਕ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਦੋ ਮਹੱਤਵਪੂਰਨ ਪ੍ਰਸ਼ਾਸਕੀ ਪ੍ਰਸਤਾਵਾਂ ਨੂੰ ਮਨਜ਼ੂਰੀ ਦਿੱਤੀ ਹੈ। ਇਨ੍ਹਾਂ ਤਹਿਤ ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਿੱਚ 619 ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਦੀਆਂ ਅਸਾਮੀਆਂ ਭਰੀਆਂ ਜਾਣਗੀਆਂ, ਜਦਕਿ ਉਦਯੋਗ ਵਿਭਾਗ ਵਿੱਚ ਵੀ ਕਈ ਅਹਿਮ ਅਸਾਮੀਆਂ ਨੂੰ ਮੁੜ ਬਹਾਲ ਕੀਤਾ ਜਾਵੇਗਾ।
ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਜਾਰੀ ਪ੍ਰੈਸ ਬਿਆਨ ਵਿੱਚ ਕਿਹਾ ਕਿ ਇਨ੍ਹਾਂ ਫ਼ੈਸਲਿਆਂ ਦਾ ਉਦੇਸ਼ ਪੰਜਾਬ ਵਿੱਚ ਪੇਂਡੂ ਅਤੇ ਸ਼ਹਿਰੀ ਪੱਧਰ ‘ਤੇ ਸਿਹਤ ਸੇਵਾਵਾਂ ਨੂੰ ਹੋਰ ਮਜ਼ਬੂਤ ਕਰਨਾ, ਉਦਯੋਗਿਕ ਪ੍ਰਸ਼ਾਸਨ ਨੂੰ ਪ੍ਰਭਾਵਸ਼ਾਲੀ ਬਣਾਉਣਾ ਅਤੇ ਲੋਕਾਂ ਨੂੰ ਬਿਹਤਰ ਸਰਕਾਰੀ ਸੇਵਾਵਾਂ ਮੁਹੱਈਆ ਕਰਵਾਉਣਾ ਹੈ। ਉਨ੍ਹਾਂ ਕਿਹਾ ਕਿ ਇਹ ਸਾਰੇ ਕਦਮ ਵਿੱਤੀ ਅਨੁਸ਼ਾਸਨ ਨੂੰ ਧਿਆਨ ਵਿੱਚ ਰੱਖਦੇ ਹੋਏ ਚੁੱਕੇ ਗਏ ਹਨ।
619 ਮਹਿਲਾ ਹੈਲਥ ਵਰਕਰਾਂ ਦੀ ਭਰਤੀ ਨੂੰ ਹਰੀ ਝੰਡੀ
ਵਿੱਤ ਮੰਤਰੀ ਨੇ ਦੱਸਿਆ ਕਿ ਨਵੇਂ ਮਨਜ਼ੂਰਸ਼ੁਦਾ ਢਾਂਚੇ ਤਹਿਤ ਗਰੁੱਪ-ਸੀ ਦੀਆਂ 619 ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਅਸਾਮੀਆਂ ਭਰੀਆਂ ਜਾਣਗੀਆਂ। ਇਨ੍ਹਾਂ ਵਿੱਚ ਸਿੱਧੀ ਭਰਤੀ ਅਤੇ ਤਰੱਕੀ (Promotion) ਦੋਵੇਂ ਸ਼੍ਰੇਣੀਆਂ ਸ਼ਾਮਲ ਹਨ।
ਵੇਰਵਿਆਂ ਅਨੁਸਾਰ:
220 ਅਸਾਮੀਆਂ ਇੱਕ ਸਾਲ ਤੋਂ ਘੱਟ ਸਮੇਂ ਤੋਂ ਖਾਲੀ ਹਨ।
346 ਅਸਾਮੀਆਂ ਟ੍ਰੇਨਡ ਦਾਈ (Trained Dai) ਕੈਡਰ ਤੋਂ ਮਲਟੀਪਰਪਜ਼ ਹੈਲਥ ਵਰਕਰ (ਮਹਿਲਾ) ਵਜੋਂ ਤਰੱਕੀ ਲਈ ਰਾਖਵੀਆਂ ਹਨ।
53 ਸਿੱਧੀ ਭਰਤੀ ਵਾਲੀਆਂ ਅਸਾਮੀਆਂ, ਜੋ ਇੱਕ ਸਾਲ ਤੋਂ ਵੱਧ ਸਮੇਂ ਤੋਂ ਖਾਲੀ ਹੋਣ ਕਾਰਨ 6 ਜੂਨ 2019 ਦੀ ਵਿੱਤ ਵਿਭਾਗ ਦੀਆਂ ਹਦਾਇਤਾਂ ਅਨੁਸਾਰ ਖ਼ਤਮ ਕਰ ਦਿੱਤੀਆਂ ਗਈਆਂ ਸਨ, ਹੁਣ ਮੰਤਰੀ ਮੰਡਲ ਦੀ ਮਨਜ਼ੂਰੀ ਤੋਂ ਬਾਅਦ ਮੁੜ ਬਹਾਲ ਕੀਤੀਆਂ ਜਾਣਗੀਆਂ।
ਚੀਮਾ ਨੇ ਦੱਸਿਆ ਕਿ ਨਿਯੁਕਤ ਕੀਤੇ ਜਾਣ ਵਾਲੇ ਹੈਲਥ ਵਰਕਰਾਂ ਨੂੰ ਲੇਵਲ-3 ਦੇ ਤਹਿਤ 21,700 ਰੁਪਏ ਤੋਂ 69,100 ਰੁਪਏ ਤੱਕ ਦੇ ਤਨਖ਼ਾਹ ਸਕੇਲ ਵਿੱਚ ਨਿਯੁਕਤ ਕੀਤਾ ਜਾਵੇਗਾ। ਇਹ ਨਿਯੁਕਤੀਆਂ ਪੰਜਾਬ ਹੈਲਥ ਐਂਡ ਫੈਮਿਲੀ ਵੈਲਫੇਅਰ ਟੈਕਨੀਕਲ (ਗਰੁੱਪ-ਸੀ) ਸਰਵਿਸ (ਪਹਿਲੀ ਸੋਧ) ਨਿਯਮ, 2025 ਅਨੁਸਾਰ ਹੋਣਗੀਆਂ।
ਬਾਬਾ ਫ਼ਰੀਦ ਯੂਨੀਵਰਸਿਟੀ ਕਰੇਗੀ ਭਰਤੀ
ਭਰਤੀ ਪ੍ਰਕਿਰਿਆ ਨੂੰ ਤੇਜ਼ ਅਤੇ ਪਾਰਦਰਸ਼ੀ ਬਣਾਉਣ ਲਈ ਸਰਕਾਰ ਨੇ ਇਹ 619 ਅਸਾਮੀਆਂ ਪੰਜਾਬ ਸਬਆਰਡੀਨੇਟ ਸਰਵਿਸਿਜ਼ ਸਿਲੈਕਸ਼ਨ ਬੋਰਡ (PSSSB) ਦੇ ਦਾਇਰੇ ਤੋਂ ਬਾਹਰ ਰੱਖਣ ਦਾ ਫ਼ੈਸਲਾ ਕੀਤਾ ਹੈ। ਹੁਣ ਇਹ ਸਾਰੀ ਭਰਤੀ ਬਾਬਾ ਫ਼ਰੀਦ ਯੂਨੀਵਰਸਿਟੀ ਆਫ਼ ਹੈਲਥ ਸਾਇੰਸਿਜ਼, ਫ਼ਰੀਦਕੋਟ ਵੱਲੋਂ ਸਿੱਧੀ ਕੀਤੀ ਜਾਵੇਗੀ। ਇਸ ਲਈ ਚੋਣ ਬੋਰਡ ਵੱਲੋਂ 3 ਦਸੰਬਰ 2025 ਨੂੰ ਆਪਣੀ ਸਹਿਮਤੀ ਵੀ ਦੇ ਦਿੱਤੀ ਗਈ ਸੀ।
ਵਿੱਤ ਮੰਤਰੀ ਨੇ ਦੱਸਿਆ ਕਿ ਇਨ੍ਹਾਂ ਨਿਯੁਕਤੀਆਂ ਨਾਲ ਪ੍ਰੋਬੇਸ਼ਨ ਮਿਆਦ ਦੌਰਾਨ ਸਰਕਾਰ ‘ਤੇ ਲਗਭਗ 16.12 ਕਰੋੜ ਰੁਪਏ ਸਾਲਾਨਾ ਦਾ ਵਾਧੂ ਵਿੱਤੀ ਬੋਝ ਪਵੇਗਾ।
ਉਦਯੋਗ ਵਿਭਾਗ ਵਿੱਚ ਵੀ ਭਰਤੀਆਂ ਅਤੇ ਅਸਾਮੀਆਂ ਦੀ ਬਹਾਲੀ
ਉਦਯੋਗ ਵਿਭਾਗ ਸਬੰਧੀ ਵਿੱਤ ਮੰਤਰੀ ਨੇ ਦੱਸਿਆ ਕਿ ਵਿਭਾਗ ਦੀ ਕਾਰਗੁਜ਼ਾਰੀ ਨੂੰ ਮਜ਼ਬੂਤ ਬਣਾਉਣ ਲਈ ਅਹਿਮ ਅਸਾਮੀਆਂ ਮੁੜ ਬਹਾਲ ਕਰਨ ਦਾ ਪ੍ਰਸਤਾਵ ਵੀ ਮਨਜ਼ੂਰ ਕਰ ਲਿਆ ਗਿਆ ਹੈ।
ਉਨ੍ਹਾਂ ਦੱਸਿਆ ਕਿ ਸਾਲ 2020 ਦੌਰਾਨ ਹੋਏ ਪੁਨਰਗਠਨ ਸਮੇਂ ਉਦਯੋਗ ਵਿਭਾਗ ਨੇ ਆਪਣੀਆਂ 1,728 ਮਨਜ਼ੂਰਸ਼ੁਦਾ ਅਸਾਮੀਆਂ ਵਿੱਚੋਂ 721 ਅਸਾਮੀਆਂ ਸਰੰਡਰ ਕਰ ਦਿੱਤੀਆਂ ਸਨ। ਇਸ ਨਾਲ ਵਿਭਾਗ ਦੀ ਕੁੱਲ ਮਨੁੱਖੀ ਸ਼ਕਤੀ ਵਿੱਚ 42 ਫ਼ੀਸਦੀ ਕਟੌਤੀ ਹੋ ਗਈ ਸੀ ਅਤੇ ਗਰੁੱਪ-ਏ, ਬੀ ਅਤੇ ਸੀ ਵਿੱਚ ਸਿਰਫ਼ 825 ਅਸਾਮੀਆਂ ਹੀ ਬਚੀਆਂ ਸਨ।
ਚੀਮਾ ਨੇ ਕਿਹਾ ਕਿ ਜੇ ਹੋਰ ਸਟਾਫ਼ ਘਟਾਇਆ ਜਾਂਦਾ ਤਾਂ ਲੋਕਾਂ ਨਾਲ ਜੁੜੀਆਂ ਸੇਵਾਵਾਂ ਅਤੇ ਮੈਦਾਨੀ ਪੱਧਰ ਦੀ ਕਾਰਗੁਜ਼ਾਰੀ ਬੁਰੀ ਤਰ੍ਹਾਂ ਪ੍ਰਭਾਵਿਤ ਹੁੰਦੀ। ਇਸ ਲਈ ਸਰਕਾਰ ਨੇ ਮੌਜੂਦਾ ਵਿੱਤੀ ਸਾਲ ਦੌਰਾਨ ਵੱਧ ਤੋਂ ਵੱਧ 97 ਅਸਾਮੀਆਂ ਦੀ ਭਰਤੀ ਲਈ ਇਸ਼ਤਿਹਾਰ ਜਾਰੀ ਕਰਨ ਦੀ ਮਨਜ਼ੂਰੀ ਦੇ ਦਿੱਤੀ ਹੈ।
ਉਨ੍ਹਾਂ ਨਾਲ ਹੀ ਉਦਯੋਗ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਆਪਣੇ ਮੌਜੂਦਾ ਢਾਂਚੇ ਦੀ ਵਿਸਤ੍ਰਿਤ ਅਤੇ ਆਧੁਨਿਕ ਲੋੜਾਂ ਅਨੁਸਾਰ ਸਮੀਖਿਆ ਕਰਕੇ ਪੁਨਰਗਠਨ ਦਾ ਨਵਾਂ ਪ੍ਰਸਤਾਵ ਤਿਆਰ ਕਰੇ ਅਤੇ ਲੰਬੇ ਸਮੇਂ ਦੀ ਯੋਜਨਾਬੰਦੀ ਲਈ ਵਿੱਤ ਵਿਭਾਗ ਨੂੰ ਭੇਜੇ।








