Home ਪੰਜਾਬ ਧੂਰੀ ਵਿੱਚ ਐਂਟੀ ਬੈਗਿੰਗ ਟੀਮ ਦੀ ਕਾਰਵਾਈ, ਚੈਕਿੰਗ ਦੌਰਾਨ ਕੋਈ ਵੀ ਬੱਚਾ...

ਧੂਰੀ ਵਿੱਚ ਐਂਟੀ ਬੈਗਿੰਗ ਟੀਮ ਦੀ ਕਾਰਵਾਈ, ਚੈਕਿੰਗ ਦੌਰਾਨ ਕੋਈ ਵੀ ਬੱਚਾ ਭੀਖ ਮੰਗਦਾ ਨਹੀਂ ਮਿਲਿਆ

0

ਧੂਰੀ 22 ਜੁਲਾਈ, 2026 (ਅਨਿਲ ਕੁਮਾਰ ਭਾਰਤੀ): ਸਮਾਜਿਕ ਸੁਰੱਖਿਆ, ਇਸਤਰੀ ਤੇ ਬਾਲ ਵਿਕਾਸ ਵਿਭਾਗ, ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਬਾਲ ਭੀਖ ਮੰਗਣ ਦੀ ਰੋਕਥਾਮ ਲਈ ਧੂਰੀ ਸ਼ਹਿਰ ਵਿੱਚ ਐਂਟੀ ਬੈਗਿੰਗ ਟਾਸਕ ਟੀਮ ਵੱਲੋਂ ਵਿਸ਼ੇਸ਼ ਚੈਕਿੰਗ ਮੁਹਿੰਮ ਚਲਾਈ ਗਈ। ਇਹ ਮੁਹਿੰਮ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਦੀ ਅਗਵਾਈ ਹੇਠ ਕੀਤੀ ਗਈ।

ਟੀਮ ਨੇ ਸ਼ਹਿਰ ਦੇ ਬੱਸ ਸਟੈਂਡ, ਰੇਲਵੇ ਸਟੇਸ਼ਨ, ਮੁੱਖ ਬਾਜ਼ਾਰਾਂ, ਧਾਰਮਿਕ ਸਥਾਨਾਂ ਅਤੇ ਹੋਰ ਭੀੜ ਵਾਲੀਆਂ ਜਨਤਕ ਥਾਵਾਂ ਦਾ ਦੌਰਾ ਕਰਕੇ ਸਥਿਤੀ ਦਾ ਜਾਇਜ਼ਾ ਲਿਆ। ਇਸ ਦੌਰਾਨ ਬੱਚਿਆਂ ਨੂੰ ਭੀਖ ਮੰਗਣ ਲਈ ਵਰਤੇ ਜਾਣ ਜਾਂ ਕਿਸੇ ਤਰ੍ਹਾਂ ਦੀ ਮਜਬੂਰੀ ਵਿੱਚ ਇਸ ਕੰਮ ਨਾਲ ਜੋੜੇ ਜਾਣ ਸਬੰਧੀ ਜਾਂਚ ਕੀਤੀ ਗਈ।

ਅਧਿਕਾਰੀਆਂ ਨੇ ਦੱਸਿਆ ਕਿ ਜਾਂਚ ਦੌਰਾਨ ਕੋਈ ਵੀ ਬੱਚਾ ਭੀਖ ਮੰਗਦਾ ਨਹੀਂ ਮਿਲਿਆ ਅਤੇ ਨਾ ਹੀ ਕਿਸੇ ਬੱਚੇ ਨੂੰ ਭੀਖ ਮੰਗਣ ਲਈ ਵਰਤਿਆ ਜਾ ਰਿਹਾ ਸੀ।

ਮੁਹਿੰਮ ਦੌਰਾਨ ਟੀਮ ਮੈਂਬਰਾਂ ਨੇ ਦੁਕਾਨਦਾਰਾਂ, ਰਾਹਗੀਰਾਂ ਅਤੇ ਆਮ ਲੋਕਾਂ ਨੂੰ ਬਾਲ ਭੀਖ ਮੰਗਣ ਦੇ ਨੁਕਸਾਨਾਂ ਬਾਰੇ ਜਾਗਰੂਕ ਕੀਤਾ। ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਬੱਚਿਆਂ ਨੂੰ ਭੀਖ ਦੇਣ ਦੀ ਬਜਾਏ ਉਨ੍ਹਾਂ ਦੀ ਮਦਦ ਲਈ ਚਾਈਲਡ ਹੈਲਪਲਾਈਨ ਨੰਬਰ 1098 ਜਾਂ ਸਬੰਧਤ ਵਿਭਾਗ ਨੂੰ ਜਾਣਕਾਰੀ ਦੇਣ, ਤਾਂ ਜੋ ਲੋੜਵੰਦ ਬੱਚਿਆਂ ਨੂੰ ਸਰਕਾਰੀ ਸਹਾਇਤਾ ਅਤੇ ਸੁਰੱਖਿਆ ਸੇਵਾਵਾਂ ਮਿਲ ਸਕਣ।

ਇਸ ਜਾਂਚ ਮੁਹਿੰਮ ਵਿੱਚ ਸਿੱਖਿਆ ਵਿਭਾਗ ਤੋਂ ਕਰਮਜੀਤ ਸਿੰਘ, ਪੁਲਿਸ ਵਿਭਾਗ ਤੋਂ ਰਵੀ ਸ਼ਰਮਾ ਅਤੇ ਕਾਂਸਟੇਬਲ ਜਗਜੀਤ ਸਿੰਘ, ਸਿਹਤ ਵਿਭਾਗ ਤੋਂ ਡਾ. ਰੋਹਿਤ ਬਰਾਲਾ ਅਤੇ ਡੀ.ਸੀ.ਪੀ.ਯੂ. ਤੋਂ ਜੋਤੀ ਕੌਸ਼ਲ ਨੇ ਭਾਗ ਲਿਆ।

ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਪਰਦੀਪ ਸਿੰਘ ਗਿੱਲ ਨੇ ਕਿਹਾ ਕਿ ਬੱਚਿਆਂ ਦੇ ਅਧਿਕਾਰਾਂ ਦੀ ਰੱਖਿਆ ਅਤੇ ਬਾਲ ਭੀਖ ਮੰਗਣ ਦੀ ਪ੍ਰਥਾ ਨੂੰ ਖਤਮ ਕਰਨ ਲਈ ਅਜਿਹੀਆਂ ਮੁਹਿੰਮਾਂ ਲਗਾਤਾਰ ਜਾਰੀ ਰਹਿਣਗੀਆਂ।

Exit mobile version