ਸੈਨ ਫਰਾਂਸਿਸਕੋ, 11 ਸਤੰਬਰ, 2026 (ਕਾਜਲ) : ਆਰਟੀਫੀਸ਼ੀਅਲ ਇੰਟੈਲੀਜੈਂਸ ਦੀ ਦੁਰਵਰਤੋਂ ਨੂੰ ਲੈ ਕੇ ਵਧ ਰਹੀ ਚਿੰਤਾ ਦਰਮਿਆਨ ਏਆਈ ਕੰਪਨੀ ਐਂਥਰੋਪਿਕ ਨੇ ਆਪਣੀ ਨਵੀਂ ਰਿਪੋਰਟ ਜਾਰੀ ਕੀਤੀ ਹੈ। ਕੰਪਨੀ ਮੁਤਾਬਕ ਪਿਛਲੇ ਕੁਝ ਮਹੀਨਿਆਂ ਦੌਰਾਨ ਉਸ ਦੇ ਏਆਈ ਮਾਡਲ ਕਲੌਡ (Claude) ਦੀ ਵਰਤੋਂ ਵੱਖ-ਵੱਖ ਗੈਰ-ਕਾਨੂੰਨੀ ਅਤੇ ਨੁਕਸਾਨਦੇਹ ਗਤੀਵਿਧੀਆਂ ਲਈ ਕਰਨ ਦੀਆਂ ਕੋਸ਼ਿਸ਼ਾਂ ਸਾਹਮਣੇ ਆਈਆਂ। ‘Detecting and Countering Misuse of AI: September 2026’ ਨਾਮੀ ਰਿਪੋਰਟ ਵਿੱਚ ਦਸੰਬਰ 2025 ਤੋਂ ਅਗਸਤ 2026 ਤੱਕ ਐਂਥਰੋਪਿਕ ਦੀ ਥ੍ਰੈਟ ਇੰਟੈਲੀਜੈਂਸ ਟੀਮ ਵੱਲੋਂ ਪਛਾਣੇ ਗਏ ਕਈ ਮਾਮਲਿਆਂ ਦਾ ਜ਼ਿਕਰ ਕੀਤਾ ਗਿਆ ਹੈ। ਇਨ੍ਹਾਂ ਵਿੱਚ ਸਾਈਬਰ ਹਮਲੇ, ਜਾਸੂਸੀ, ਵਿਰੋਧੀ ਧਿਰਾਂ ਦੀ ਨਿਗਰਾਨੀ ਅਤੇ ਧੋਖਾਧੜੀ ਵਰਗੀਆਂ ਗਤੀਵਿਧੀਆਂ ਸ਼ਾਮਲ ਹਨ। ਕੰਪਨੀ ਦਾ ਕਹਿਣਾ ਹੈ ਕਿ ਹਰ ਮਾਮਲੇ ਵਿੱਚ ਸੰਭਾਵਿਤ ਦੁਰਵਰਤੋਂ ਨੂੰ ਰੋਕਣ ਲਈ ਕਾਰਵਾਈ ਕੀਤੀ ਗਈ ਅਤੇ ਇਨ੍ਹਾਂ ਘਟਨਾਵਾਂ ਤੋਂ ਮਿਲੀ ਜਾਣਕਾਰੀ ਦੀ ਵਰਤੋਂ ਏਆਈ ਸੁਰੱਖਿਆ ਪ੍ਰਬੰਧਾਂ ਨੂੰ ਹੋਰ ਮਜ਼ਬੂਤ ਕਰਨ ਲਈ ਕੀਤੀ ਗਈ। ਜਿੱਥੇ ਉਚਿਤ ਸਮਝਿਆ ਗਿਆ, ਉੱਥੇ ਸਬੰਧਤ ਖੁਫੀਆ ਜਾਣਕਾਰੀ ਅਧਿਕਾਰੀਆਂ ਅਤੇ ਉਦਯੋਗਿਕ ਭਾਈਵਾਲਾਂ ਨਾਲ ਵੀ ਸਾਂਝੀ ਕੀਤੀ ਗਈ।
ਇਹ ਐਂਥਰੋਪਿਕ ਦੀ ਏਆਈ ਦੀ ਦੁਰਵਰਤੋਂ ਬਾਰੇ ਚੌਥੀ ਰਿਪੋਰਟ ਹੈ। ਕੰਪਨੀ ਨੇ ਕਿਹਾ ਕਿ ਸਮੇਂ ਦੇ ਨਾਲ ਏਆਈ ਦੀ ਗਲਤ ਵਰਤੋਂ ਦੇ ਤਰੀਕਿਆਂ ਵਿੱਚ ਬਦਲਾਅ ਆ ਰਿਹਾ ਹੈ ਅਤੇ ਇਸ ਲਈ ਖ਼ਤਰੇ ਦੀ ਪਛਾਣ ਕਰਨ ਵਾਲੀਆਂ ਪ੍ਰਣਾਲੀਆਂ ਨੂੰ ਵੀ ਲਗਾਤਾਰ ਅਪਡੇਟ ਕਰਨਾ ਜ਼ਰੂਰੀ ਹੈ। ਰਿਪੋਰਟ ਅਜਿਹੇ ਸਮੇਂ ਸਾਹਮਣੇ ਆਈ ਹੈ ਜਦੋਂ ਏਆਈ ਦੀਆਂ ਵਧ ਰਹੀਆਂ ਸਮਰੱਥਾਵਾਂ ਅਤੇ ਇਸ ਨਾਲ ਜੁੜੇ ਸੰਭਾਵਿਤ ਖ਼ਤਰਿਆਂ ਬਾਰੇ ਵਿਸ਼ਵ ਪੱਧਰ ’ਤੇ ਚਰਚਾ ਜਾਰੀ ਹੈ। ਇਸ ਨਾਲ ਏਆਈ ਦੇ ਜ਼ਿੰਮੇਵਾਰ ਇਸਤੇਮਾਲ, ਸਾਈਬਰ ਸੁਰੱਖਿਆ ਅਤੇ ਦੁਰਵਰਤੋਂ ਰੋਕਣ ਲਈ ਮਜ਼ਬੂਤ ਸੁਰੱਖਿਆ ਉਪਾਵਾਂ ਦੀ ਲੋੜ ਮੁੜ ਉਜਾਗਰ ਹੋਈ ਹੈ।
