ਬੁਢਾਪੇ ਅਤੇ ਗਰੀਬੀ ਵਿੱਚ ਲਿੰਗ-ਅਧਾਰਿਤ ਵਿਤਕਰਾ ਖ਼ਤਮ ਕਰਕੇ ਸਮਾਨਤਾ ਲਿਆਉਣ ਦੀ ਕੀਤੀ ਮੰਗ
58 ਸਾਲ ਦੀ ਉਮਰ ਤੋਂ ਬਾਅਦ 7 ਸਾਲ ਦਾ ਇੰਤਜ਼ਾਰ ਬਜ਼ੁਰਗਾਂ ਲਈ ਬਣਦਾ ਹੈ ਮਾਨਸਿਕ ਸੰਤਾਪ ਦਾ ਕਾਰਨ
ਪਟਿਆਲਾ, 7 ਅਕਤੂਬਰ, 2026 (ਅਨਿਲ ਕੁਮਾਰ ਭਾਰਤੀ) : ਉੱਘੇ ਸਮਾਜ ਸੇਵਕ, ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਅਨਿਲ ਕੁਮਾਰ “ਭਾਰਤੀ” ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਇੱਕ ਖੁੱਲ੍ਹਾ ਮੰਗ ਪੱਤਰ ਭੇਜ ਕੇ ਪੰਜਾਬ ਵਿੱਚ ਬਜ਼ੁਰਗ ਪੁਰਸ਼ਾਂ ਦੀ ਬੁਢਾਪਾ ਪੈਨਸ਼ਨ ਦੀ ਉਮਰ ਸੀਮਾ ਔਰਤਾਂ ਦੀ ਤਰਜ਼ ‘ਤੇ 65 ਸਾਲ ਤੋਂ ਘਟਾ ਕੇ 58 ਸਾਲ ਕਰਨ ਦੀ ਪੁਰਜ਼ੋਰ ਮੰਗ ਕੀਤੀ ਗਈ ਹੈ। ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਅਨਿਲ ਕੁਮਾਰ “ਭਾਰਤੀ” ਨੇ ਦੱਸਿਆ ਕਿ ਰਾਜ ਵਿੱਚ ਗੈਰ-ਸੰਗਠਿਤ ਖੇਤਰ, ਦਿਹਾੜੀਦਾਰ ਮਜ਼ਦੂਰੀ ਅਤੇ ਛੋਟੇ-ਮੋਟੇ ਕੰਮ ਕਰਨ ਵਾਲੇ ਬਜ਼ੁਰਗ 58 ਸਾਲ ਦੀ ਉਮਰ ਤੱਕ ਪਹੁੰਚਦਿਆਂ ਆਪਣੀ ਸਰੀਰਕ ਸਮਰੱਥਾ ਗੁਆ ਬੈਠਦੇ ਹਨ। ਅਜਿਹੀ ਸਥਿਤੀ ਵਿੱਚ ਸਰਕਾਰ ਵੱਲੋਂ ਔਰਤਾਂ ਨੂੰ 58 ਸਾਲ ਦੀ ਉਮਰ ਵਿੱਚ ਪੈਨਸ਼ਨ ਦੇ ਕੇ ਸਹਾਰਾ ਦੇਣਾ ਹਾਲਾਂਕਿ ਇੱਕ ਸ਼ਲਾਘਾਯੋਗ ਕਦਮ ਹੈ, ਪਰ ਦੂਜੇ ਪਾਸੇ ਉਸੇ ਉਮਰ ਦੇ ਬਜ਼ੁਰਗ ਪੁਰਸ਼ਾਂ ਨੂੰ ਪੈਨਸ਼ਨ ਲਈ 65 ਸਾਲ ਦੀ ਉਮਰ ਤੱਕ ਯਾਨੀ ਹੋਰ 7 ਲੰਮੇ ਸਾਲ ਇੰਤਜ਼ਾਰ ਕਰਨ ਲਈ ਮਜਬੂਰ ਕੀਤਾ ਜਾਂਦਾ ਹੈ, ਜੋਕਿ ਪੁਰਸ਼ ਬਜ਼ੁਰਗਾਂ ਲਈ ਇੱਕ ਬਹੁਤ ਵੱਡੀ ਨਾਇਨਸਾਫੀ ਦੀ ਤਰ੍ਹਾਂ ਹੀ ਹੈ।
ਉਨ੍ਹਾਂ ਕਿਹਾ, “ਬੁਢਾਪਾ, ਬੀਮਾਰੀ ਅਤੇ ਭੁੱਖ ਕਦੇ ਲਿੰਗ ਵੇਖ ਕੇ ਨਹੀਂ ਆਉਂਦੀ। 58 ਸਾਲ ਦੀ ਉਮਰ ਤੋਂ ਬਾਅਦ ਇੱਕ ਬਜ਼ੁਰਗ ਬਾਪ, ਜੋ ਜ਼ਿੰਦਗੀ ਭਰ ਪਰਿਵਾਰ ਦੇ ਪਾਲਣ-ਪੋਸ਼ਣ ਲਈ ਖੂਨ-ਪਸੀਨਾ ਵਹਾਉਂਦਾ ਹੈ, ਉਹ ਅਗਲੇ 7 ਸਾਲ ਬਿਨਾਂ ਕਿਸੇ ਆਰਥਿਕ ਸਹਾਰੇ ਦੇ ਕਿਵੇਂ ਜੀਵੇ? ਬਹੁਤ ਸਾਰੇ ਬਜ਼ੁਰਗ ਇਹ 7 ਸਾਲ ਦਾ ਅਰਸਾ ਹੰਢਾਉਂਦੇ-ਹੰਢਾਉਂਦੇ ਗੁਰਬਤ ਅਤੇ ਮਾਨਸਿਕ ਪੀੜਾ ਵਿੱਚ ਹੀ ਦੁਨੀਆ ਤੋਂ ਰੁਖ਼ਸਤ ਹੋ ਜਾਂਦੇ ਹਨ। ਇਹ ਵਿਤਕਰਾ ਨਾ ਕੇਵਲ ਨੀਤੀਗਤ ਤੌਰ ‘ਤੇ ਅਣਉਚਿਤ ਹੈ, ਸਗੋਂ ਮਾਨਵਤਾ ਦੇ ਨਾਤੇ ਵੀ ਦਰਦਨਾਕ ਵਤੀਰਾ ਹੈ।”
ਮੁੱਖ ਮੰਤਰੀ ਅੱਗੇ ਰੱਖੀਆਂ ਪ੍ਰਮੁੱਖ ਮੰਗਾਂ:
ਉਮਰ ਸੀਮਾ ਵਿੱਚ ਸਮਾਨਤਾ: ਪੁਰਸ਼ਾਂ ਲਈ ਬੁਢਾਪਾ ਪੈਨਸ਼ਨ ਦੀ ਉਮਰ ਸੀਮਾ 65 ਸਾਲ ਤੋਂ ਘਟਾ ਕੇ ਤੁਰੰਤ 58 ਸਾਲ ਕੀਤੀ ਜਾਵੇ।
ਨੀਤੀਗਤ ਸਮੀਖਿਆ: ਸਮਾਜਿਕ ਸੁਰੱਖਿਆ ਵਿਭਾਗ ਦੇ ਨਿਯਮਾਂ ਦੀ ਸਮੀਖਿਆ ਕਰਕੇ ਲਿੰਗ-ਅਧਾਰਿਤ ਅਸਮਾਨਤਾ ਖ਼ਤਮ ਕੀਤੀ ਜਾਵੇ।
ਬਜਟ ਦਾ ਵਿਸ਼ੇਸ਼ ਉਪਬੰਧ: ਬਜ਼ੁਰਗਾਂ ਦੇ ਹੱਕ ਅਤੇ ਇਨਸਾਫ਼ ਨੂੰ ਪਹਿਲ ਦਿੰਦਿਆਂ ਇਸ ਫੈਸਲੇ ਲਈ ਰਾਜ ਦੇ ਬਜਟ ਵਿੱਚ ਵਿਸ਼ੇਸ਼ ਵਿੱਤੀ ਉਪਬੰਧ ਕੀਤਾ ਜਾਵੇ।
ਅਨਿਲ ਕੁਮਾਰ “ਭਾਰਤੀ” ਨੇ ਉਮੀਦ ਪ੍ਰਗਟਾਈ ਕਿ ‘ਆਮ ਆਦਮੀ’ ਅਤੇ ਗਰੀਬਾਂ ਦੀ ਭਲਾਈ ਲਈ ਪੰਜਾਬ ਸਰਕਾਰ ਅਤੇ ਮੁੱਖ ਮੰਤਰੀ ਭਗਵੰਤ ਮਾਨ ਇਸ ਮੰਗ ਨੂੰ ਮਹਿਜ਼ ਇੱਕ ਦਫ਼ਤਰੀ ਫਾਈਲ ਨਾ ਸਮਝ ਕੇ ਲੱਖਾਂ ਬਜ਼ੁਰਗਾਂ ਦੀ ਦਰਦਭਰੀ ਆਵਾਜ਼ ਨੂੰ ਸੁਣਨਗੇ ਅਤੇ ਜਲਦ ਤੋਂ ਜਲਦ ਇੱਕ ਇਤਿਹਾਸਕ ਤੇ ਹਮਦਰਦਾਨਾ ਫੈਸਲਾ ਲੈਂਦੇ ਹੋਏ ਪੁਰਸ਼ ਬਜ਼ੁਰਗਾਂ ਲਈ ਵੀ ਪੈਨਸ਼ਨ ਦੀ ਉਮਰ ਸੀਮਾ 65 ਸਾਲ ਤੋਂ ਘਟਾ ਕੇ 58 ਸਾਲ ਕਰਨ ਸਬੰਧੀ ਫ਼ੈਸਲਾ ਛੇਤੀ ਤੋਂ ਛੇਤੀ ਲੈਣਗੇ।







