ਚੰਡੀਗੜ੍ਹ, 31 ਜੁਲਾਈ, 2026 (ਸੰਜੀਵ ਸ਼ਰਮਾ) :ਹਰਿਆਣਾ ਦੇ ਕਈ ਜ਼ਿਲ੍ਹਿਆਂ ਵਿੱਚ ਅਦਾਲਤੀ ਕੰਪਲੈਕਸਾਂ, ਸਕੂਲਾਂ ਅਤੇ ਸਰਕਾਰੀ ਦਫ਼ਤਰਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਮਿਲਣ ਤੋਂ ਬਾਅਦ ਸੁਰੱਖਿਆ ਏਜੰਸੀਆਂ ਚੌਕਸ ਹੋ ਗਈਆਂ ਹਨ। ਧਮਕੀ ਭਰੇ ਈ-ਮੇਲ ਮਿਲਣ ਮਗਰੋਂ ਗੁਰੁਗ੍ਰਾਮ, ਪੰਚਕੂਲਾ, ਫਤਿਹਾਬਾਦ ਅਤੇ ਜੀੰਦ ਦੇ ਕੋਰਟ ਕੰਪਲੈਕਸਾਂ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ। ਗੁਰੁਗ੍ਰਾਮ ਵਿੱਚ ਜ਼ਿਲ੍ਹਾ ਅਦਾਲਤ ਅਤੇ ਲਘੂ ਸਕੱਤਰੇਤ ਨੂੰ ਸਾਵਧਾਨੀ ਵਜੋਂ ਖਾਲੀ ਕਰਵਾ ਦਿੱਤਾ ਗਿਆ, ਜਦਕਿ ਕੁਝ ਸਕੂਲਾਂ ਵਿੱਚ ਵੀ ਸੁਰੱਖਿਆ ਕਦਮ ਵਧਾਏ ਗਏ।
ਪੁਲਿਸ, ਬੰਬ ਨਿਰੋਧਕ ਦਸਤਿਆਂ ਅਤੇ ਡੌਗ ਸਕੁਆਡ ਨੇ ਵੱਖ-ਵੱਖ ਥਾਵਾਂ ਦੀ ਜਾਂਚ ਕੀਤੀ। ਅਧਿਕਾਰੀਆਂ ਮੁਤਾਬਕ ਤਲਾਸ਼ੀ ਦੌਰਾਨ ਕੋਈ ਸ਼ੱਕੀ ਵਸਤੂ ਜਾਂ ਵਿਸਫੋਟਕ ਨਹੀਂ ਮਿਲਿਆ।ਮਾਮਲੇ ਦੀ ਜਾਂਚ ਜਾਰੀ ਹੈ ਅਤੇ ਧਮਕੀ ਭੇਜਣ ਵਾਲਿਆਂ ਦੀ ਪਛਾਣ ਕਰਨ ਲਈ ਸਾਈਬਰ ਅਤੇ ਖੁਫੀਆ ਏਜੰਸੀਆਂ ਵੀ ਸਰਗਰਮ ਹੋ ਗਈਆਂ ਹਨ।






