ਹੈਦਰਾਬਾਦ, 24 ਅਗਸਤ 2026 (ਹਰਸ਼ਪ੍ਰੀਤ ਕੌਰ) : ਅਦਾਕਾਰ ਅਕਸ਼ੈ ਖੰਨਾ ਜਲਦ ਹੀ ਫ਼ਿਲਮ ‘ਮਹਾਕਾਲੀ’ ਵਿੱਚ ਇੱਕ ਬਿਲਕੁਲ ਵੱਖਰੇ ਅਤੇ ਦਮਦਾਰ ਕਿਰਦਾਰ ਵਿੱਚ ਨਜ਼ਰ ਆਉਣਗੇ। ਫ਼ਿਲਮ ਦੇ ਨਿਰਮਾਤਾਵਾਂ ਨੇ ਪਹਿਲੀ ਝਲਕ ਜਾਰੀ ਕਰਦਿਆਂ ਉਨ੍ਹਾਂ ਦੇ ‘ਸ਼ੁਕਰਾਚਾਰਯ’ ਵਾਲੇ ਰੂਪ ਨੂੰ ਪੇਸ਼ ਕੀਤਾ ਹੈ, ਜਿਸ ਨੇ ਪ੍ਰਸ਼ੰਸਕਾਂ ਦਾ ਧਿਆਨ ਖਿੱਚਿਆ ਹੈ। ਲਗਭਗ ਤਿੰਨ ਮਿੰਟ ਦੇ ਟੀਜ਼ਰ ‘ਸ਼ੁਕਰਾਚਾਰਯਜ਼ ਵਾਰ ਕ੍ਰਾਈ’ ਵਿੱਚ ਫ਼ਿਲਮ ਦੀ ਦੁਨੀਆ ਅਤੇ ਧਰਮ ਤੇ ਅਧਰਮ ਦੀਆਂ ਤਾਕਤਾਂ ਵਿਚਕਾਰ ਹੋਣ ਵਾਲੇ ਸੰਘਰਸ਼ ਦੀ ਝਲਕ ਦਿਖਾਈ ਗਈ ਹੈ। ਕਹਾਣੀ ਦੇ ਕੇਂਦਰ ਵਿੱਚ ਅਸੁਰਾਂ ਦੇ ਗੁਰੂ ਸ਼ੁਕਰਾਚਾਰਯ ਦਾ ਕਿਰਦਾਰ ਹੈ, ਜਿਸ ਨੂੰ ਅਕਸ਼ੈ ਖੰਨਾ ਨਿਭਾ ਰਹੇ ਹਨ।
ਟੀਜ਼ਰ ਵਿੱਚ ਅਕਸ਼ੈ ਖੰਨਾ ਇੱਕ ਗੰਭੀਰ ਅਤੇ ਲਗਭਗ ਪਛਾਣ ਤੋਂ ਬਾਹਰ ਦਿਸਣ ਵਾਲੇ ਰੂਪ ਵਿੱਚ ਨਜ਼ਰ ਆਉਂਦੇ ਹਨ। ਲੰਮੀ ਚਿੱਟੀ-ਸਲੇਟੀ ਦਾੜ੍ਹੀ, ਤੀਖੀਆਂ ਅੱਖਾਂ, ਜਟਾਧਾਰੀ ਵਾਲ ਅਤੇ ਮੱਥੇ ’ਤੇ ਤਿਲਕ ਵਾਲਾ ਉਨ੍ਹਾਂ ਦਾ ਲੁੱਕ ਕਾਫ਼ੀ ਪ੍ਰਭਾਵਸ਼ਾਲੀ ਦਿਖਾਈ ਦਿੰਦਾ ਹੈ। ਪਿਛਲੇ ਹਫ਼ਤੇ ਵੀ ਨਿਰਮਾਤਾਵਾਂ ਨੇ ਸ਼ੁਕਰਾਚਾਰਯ ਦੇ ਰੂਪ ਵਿੱਚ ਅਕਸ਼ੈ ਖੰਨਾ ਦੀ ਪੂਰੀ ਝਲਕ ਸਾਂਝੀ ਕੀਤੀ ਸੀ, ਜਿਸ ਤੋਂ ਬਾਅਦ ਫ਼ਿਲਮ ਨੂੰ ਲੈ ਕੇ ਦਰਸ਼ਕਾਂ ਦੀ ਉਤਸੁਕਤਾ ਹੋਰ ਵਧ ਗਈ ਸੀ। ‘ਮਹਾਕਾਲੀ’ ਰਾਹੀਂ ਅਕਸ਼ੈ ਖੰਨਾ ਤੇਲਗੂ ਸਿਨੇਮਾ ਵਿੱਚ ਆਪਣੀ ਸ਼ੁਰੂਆਤ ਕਰਨ ਜਾ ਰਹੇ ਹਨ। ਫ਼ਿਲਮ ਵਿੱਚ ਸ਼੍ਰੀਆ ਰੈੱਡੀ ਵੀ ਅਹਿਮ ਭੂਮਿਕਾ ਵਿੱਚ ਹਨ। ਇਸ ਤੋਂ ਇਲਾਵਾ ਭੂਮੀ ਸ਼ੈੱਟੀ ਅਤੇ ਰੋਹਿਤ ਸਰਾਫ਼ ਸਮੇਤ ਕਈ ਕਲਾਕਾਰ ਫ਼ਿਲਮ ਦਾ ਹਿੱਸਾ ਹਨ। ‘ਮਹਾਕਾਲੀ’ ਫ਼ਿਲਮਕਾਰ ਪ੍ਰਸ਼ਾਂਤ ਵਰਮਾ ਦੇ ਸਿਨੇਮੈਟਿਕ ਯੂਨੀਵਰਸ ਦਾ ਹਿੱਸਾ ਹੈ, ਜਿਸ ਦੀ ਸ਼ੁਰੂਆਤ ‘ਹਨੂ-ਮੈਨ’ ਨਾਲ ਹੋਈ ਸੀ। ਫ਼ਿਲਮ ਦਾ ਨਿਰਦੇਸ਼ਨ ਪੂਜਾ ਅਪਰਨਾ ਕੋਲੂਰੂ ਕਰ ਰਹੀ ਹੈ। ਨਿਰਮਾਤਾਵਾਂ ਮੁਤਾਬਕ ਫ਼ਿਲਮ ਦੀ 125 ਦਿਨਾਂ ਦੀ ਸ਼ੂਟਿੰਗ ਪੂਰੀ ਹੋ ਚੁੱਕੀ ਹੈ ਅਤੇ ਪ੍ਰੋਡਕਸ਼ਨ ਹੁਣ ਆਖਰੀ ਪੜਾਅ ਵਿੱਚ ਦਾਖਲ ਹੋ ਗਿਆ ਹੈ। ‘ਮਹਾਕਾਲੀ’ 8 ਜਨਵਰੀ 2027 ਨੂੰ ਸਿਨੇਮਾਘਰਾਂ ਵਿੱਚ ਰਿਲੀਜ਼ ਹੋਵੇਗੀ। ਫ਼ਿਲਮ ਨੂੰ RKD Studios ਦੇ ਬੈਨਰ ਹੇਠ ਰਿਵਾਜ ਰਮੇਸ਼ ਦੁੱਗਲ ਵੱਲੋਂ ਪ੍ਰੋਡਿਊਸ ਕੀਤਾ ਗਿਆ ਹੈ।
