ਨਵੀਂ ਦਿੱਲੀ, 13 ਸਤੰਬਰ, 2026 (ਗੁਰਮੀਤ ਸਿੰਘ ਤੁੰਗ): ਪੰਜਾਬੀ ਸੰਗੀਤ ਨੂੰ ਵਿਸ਼ਵ ਪੱਧਰ ’ਤੇ ਨਵੀਂ ਪਛਾਣ ਦਿਵਾਉਣ ਵਾਲੇ ਗਾਇਕ ਤੇ ਅਦਾਕਾਰ ਦਿਲਜੀਤ ਦੋਸਾਂਝ ਨੇ ਭਾਰਤ ਵਾਪਸੀ ਦਾ ਐਲਾਨ ਕਰਦਿਆਂ ਆਪਣੇ ਪ੍ਰਸ਼ੰਸਕਾਂ ਲਈ ਵੱਡੀ ਖੁਸ਼ਖਬਰੀ ਸਾਂਝੀ ਕੀਤੀ ਹੈ। ਦਿਲਜੀਤ ਹੁਣ 21 ਨਵੰਬਰ, 2026 ਨੂੰ ਅਹਿਮਦਾਬਾਦ ਦੇ ਨਰਿੰਦਰ ਮੋਦੀ ਸਟੇਡੀਅਮ ਵਿੱਚ ਵਿਸ਼ਾਲ ਲਾਈਵ ਕੰਸਰਟ ਕਰਨਗੇ। ਇਹ ਐਲਾਨ ਲੰਡਨ ਦੇ ਪ੍ਰਸਿੱਧ ਵੈਂਬਲੀ ਸਟੇਡੀਅਮ ਵਿੱਚ ਉਨ੍ਹਾਂ ਦੇ ਇਤਿਹਾਸਕ ਪ੍ਰਦਰਸ਼ਨ ਤੋਂ ਕੁਝ ਘੰਟਿਆਂ ਬਾਅਦ ਕੀਤਾ ਗਿਆ। 12 ਸਤੰਬਰ ਨੂੰ ਹੋਏ AURA World Tour ਦੇ ਇਸ ਸ਼ੋਅ ਦੌਰਾਨ ਦਿਲਜੀਤ ਨੇ ਪਹਿਲੇ ਪੰਜਾਬੀ ਕਲਾਕਾਰ ਵਜੋਂ ਵੈਂਬਲੀ ਸਟੇਡੀਅਮ ਨੂੰ ਹੈੱਡਲਾਈਨ ਕੀਤਾ। ਦਿਲਜੀਤ ਦੇ ਵੈਂਬਲੀ ਸ਼ੋਅ ਨੂੰ ਲੈ ਕੇ ਉਨ੍ਹਾਂ ਦੀ ਟੀਮ ਅਤੇ ਖੁਦ ਦਿਲਜੀਤ ਵੱਲੋਂ ਸੋਸ਼ਲ ਮੀਡੀਆ ’ਤੇ ਕਈ ਵੀਡੀਓ ਅਤੇ ਤਸਵੀਰਾਂ ਸਾਂਝੀਆਂ ਕੀਤੀਆਂ ਗਈਆਂ ਹਨ। ਉਨ੍ਹਾਂ ਦੀ ਟੀਮ ਮੁਤਾਬਕ ਕਰੀਬ 90 ਹਜ਼ਾਰ ਦਰਸ਼ਕਾਂ ਨੇ ਇਸ ਇਤਿਹਾਸਕ ਪ੍ਰੋਗਰਾਮ ਦਾ ਹਿੱਸਾ ਬਣ ਕੇ ਦਿਲਜੀਤ ਦੀ ਪਰਫਾਰਮੈਂਸ ਦਾ ਆਨੰਦ ਮਾਣਿਆ। ਵੈਂਬਲੀ ਦੇ ਮੰਚ ’ਤੇ ਦਿਲਜੀਤ ਨੇ ਆਪਣੇ ਮਸ਼ਹੂਰ ਗੀਤਾਂ ਨਾਲ ਦਰਸ਼ਕਾਂ ਨੂੰ ਝੂਮਣ ਲਈ ਮਜਬੂਰ ਕਰ ਦਿੱਤਾ। ਰਵਾਇਤੀ ਪੰਜਾਬੀ ਪਹਿਰਾਵੇ ਵਿੱਚ ਭੰਗੜੇ ਦੀਆਂ ਝਲਕੀਆਂ ਨੂੰ ਹਿਪ-ਹੌਪ ਦੇ ਅੰਦਾਜ਼ ਨਾਲ ਜੋੜ ਕੇ ਪੇਸ਼ ਕੀਤੀ ਗਈ ਉਨ੍ਹਾਂ ਦੀ ਪਰਫਾਰਮੈਂਸ ਨੇ ਪੰਜਾਬੀ ਸੱਭਿਆਚਾਰ ਅਤੇ ਆਧੁਨਿਕ ਸੰਗੀਤ ਦਾ ਖੂਬਸੂਰਤ ਮੇਲ ਦਿਖਾਇਆ।
ਵੈਂਬਲੀ ਸਟੇਡੀਅਮ ਦੇ ਅਧਿਕਾਰਤ ਇੰਸਟਾਗ੍ਰਾਮ ਪੇਜ ਨੇ ਵੀ ਦਿਲਜੀਤ ਦੇ ਸ਼ੋਅ ਦੀਆਂ ਝਲਕੀਆਂ ਸਾਂਝੀਆਂ ਕਰਦਿਆਂ ਉਨ੍ਹਾਂ ਨੂੰ ਵੈਂਬਲੀ ਨੂੰ ਹੈੱਡਲਾਈਨ ਕਰਨ ਵਾਲਾ ਪਹਿਲਾ ਪੰਜਾਬੀ ਕਲਾਕਾਰ ਦੱਸਿਆ। ਅਹਿਮਦਾਬਾਦ ਕੰਸਰਟ ਦਾ ਐਲਾਨ ਕਰਦਿਆਂ ਦਿਲਜੀਤ ਨੇ ਦਰਸ਼ਕਾਂ ਨਾਲ ਪੰਜਾਬੀ ਵਿੱਚ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਦੁਨੀਆ ਦਾ ਸਭ ਤੋਂ ਵੱਡਾ ਸਟੇਡੀਅਮ ਭਾਰਤ ਵਿੱਚ ਹੈ ਅਤੇ ਇੱਕ ਪੰਜਾਬੀ ਕਲਾਕਾਰ ਉੱਥੇ ਕਿਵੇਂ ਨਾ ਜਾਵੇ। ਇਸ ਤੋਂ ਬਾਅਦ ਉਨ੍ਹਾਂ ਨੇ 21 ਨਵੰਬਰ ਨੂੰ ਨਰਿੰਦਰ ਮੋਦੀ ਸਟੇਡੀਅਮ ਵਿੱਚ ਲਾਈਵ ਪਰਫਾਰਮੈਂਸ ਕਰਨ ਦੀ ਗੱਲ ਕਹੀ। ਦਿਲਜੀਤ ਦਾ ਇਹ ਐਲਾਨ ਭਾਰਤ ਵਿੱਚ ਉਨ੍ਹਾਂ ਦੀ ਆਉਣ ਵਾਲੀ ਟੂਰ ਲੜੀ ਨੂੰ ਵੱਡੇ ਪੱਧਰ ’ਤੇ ਲਿਜਾਣ ਦਾ ਸੰਕੇਤ ਵੀ ਮੰਨਿਆ ਜਾ ਰਿਹਾ ਹੈ। ਇਸ ਤੋਂ ਪਹਿਲਾਂ 2024 ਦੇ Dil-Luminati India Tour ਦੌਰਾਨ ਵੀ ਉਨ੍ਹਾਂ ਨੇ ਦੇਸ਼ ਦੇ ਕਈ ਸ਼ਹਿਰਾਂ ਵਿੱਚ ਹਾਊਸਫੁੱਲ ਸ਼ੋਅ ਕੀਤੇ ਸਨ, ਜਿਨ੍ਹਾਂ ਵਿੱਚ ਅਹਿਮਦਾਬਾਦ ਵੀ ਸ਼ਾਮਲ ਸੀ। ਫਿਲਹਾਲ 21 ਨਵੰਬਰ, 2026 ਦੀ ਤਾਰੀਖ ਅਤੇ ਅਹਿਮਦਾਬਾਦ ਦਾ ਨਰਿੰਦਰ ਮੋਦੀ ਸਟੇਡੀਅਮ ਉਨ੍ਹਾਂ ਦੇ ਆਉਣ ਵਾਲੇ ਭਾਰਤੀ ਪੜਾਅ ਲਈ ਪੁਸ਼ਟੀ ਕੀਤੀ ਜਾਣਕਾਰੀ ਹੈ। ਕੰਸਰਟ ਦੀਆਂ ਟਿਕਟਾਂ ਦੀ ਵਿਕਰੀ ਦੀ ਤਾਰੀਖ, ਕੀਮਤਾਂ ਅਤੇ ਹੋਰ ਸ਼ਹਿਰਾਂ ਨਾਲ ਜੁੜੇ ਪੂਰੇ ਟੂਰ ਵੇਰਵੇ ਅਜੇ ਜਾਰੀ ਨਹੀਂ ਕੀਤੇ ਗਏ ਹਨ।
