ਵਾਸ਼ਿੰਗਟਨ ਡੀ.ਸੀ., 4 ਨਵੰਬਰ 2026 (ਚੌਧਰੀ ਪ੍ਰਭਜੀਤ ਸਿੰਘ ) : ਅਮਰੀਕਾ ਦੀ ਮੱਧਕਾਲੀ ਚੋਣਾਂ ਵਿੱਚ ਡੈਮੋਕ੍ਰੇਟਿਕ ਪਾਰਟੀ ਵੱਲੋਂ ਪ੍ਰਤੀਨਿਧੀ ਸਭਾ (ਹਾਊਸ ਆਫ ਰਿਪ੍ਰਜ਼ੈਂਟੇਟਿਵਜ਼) ਅਤੇ ਸੈਨੇਟ ਦੋਵਾਂ ਵਿੱਚ ਬੜ੍ਹਤ ਹਾਸਲ ਕਰਨ ਤੋਂ ਬਾਅਦ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਵਿਰੋਧੀ ਧਿਰ ਨੂੰ ਵੀਟੋ ਦੀ ਤਾਕਤ ਯਾਦ ਕਰਵਾਈ ਹੈ। ਟਰੰਪ ਨੇ ਸੰਕੇਤ ਦਿੱਤਾ ਹੈ ਕਿ ਜੇਕਰ ਡੈਮੋਕ੍ਰੇਟਸ ਵੱਲੋਂ ਉਨ੍ਹਾਂ ਨੂੰ ਅਸਵੀਕਾਰਯੋਗ ਬਿੱਲ ਭੇਜੇ ਗਏ ਤਾਂ ਉਹ ਆਪਣੇ ਰਾਸ਼ਟਰਪਤੀ ਅਧਿਕਾਰ ਦੀ ਵਰਤੋਂ ਕਰਦਿਆਂ ਉਨ੍ਹਾਂ ਨੂੰ ਵੀਟੋ ਕਰ ਦੇਣਗੇ। ਟਰੰਪ ਨੇ ਸੋਸ਼ਲ ਮੀਡੀਆ ’ਤੇ ਲਾਲ ਰੰਗ ਦੀ ਮੈਗਾ ਕੈਪ ਦੀ ਤਸਵੀਰ ਸਾਂਝੀ ਕੀਤੀ, ਜਿਸ ’ਤੇ ‘ਵੀਟੋ’ ਸ਼ਬਦ ਲਿਖਿਆ ਹੋਇਆ ਸੀ। ਇਸ ਤੋਂ ਬਾਅਦ ਫੌਕਸ ਨਿਊਜ਼ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਰਾਸ਼ਟਰਪਤੀ ਕੋਲ ਕਾਂਗਰਸ ਵੱਲੋਂ ਪਾਸ ਕੀਤੇ ਬਿੱਲਾਂ ਨੂੰ ਵੀਟੋ ਕਰਨ ਦੀ ਤਾਕਤ ਹੁੰਦੀ ਹੈ। ਉਨ੍ਹਾਂ ਕਿਹਾ ਕਿ ਵਿਰੋਧੀ ਧਿਰ ਵੱਲੋਂ ਜੇਕਰ ਕੋਈ ਗੈਰ-ਵਾਜਬ ਪ੍ਰਸਤਾਵ ਭੇਜਿਆ ਗਿਆ ਤਾਂ ਉਹ ਉਸ ਨੂੰ ਮਨਜ਼ੂਰੀ ਨਹੀਂ ਦੇਣਗੇ। ਚੋਣ ਨਤੀਜਿਆਂ ’ਤੇ ਪ੍ਰਤੀਕਿਰਿਆ ਦਿੰਦਿਆਂ ਟਰੰਪ ਨੇ ਹਾਰ ਸਵੀਕਾਰ ਕਰਨ ਦੇ ਸੰਕੇਤ ਤਾਂ ਦਿੱਤੇ, ਪਰ ਨਾਲ ਹੀ ਡੈਮੋਕ੍ਰੇਟਸ ਵਿਰੁੱਧ ਆਪਣੀ ਸਿਆਸੀ ਲੜਾਈ ਜਾਰੀ ਰੱਖਣ ਦਾ ਇਸ਼ਾਰਾ ਵੀ ਕੀਤਾ। ਉਨ੍ਹਾਂ ਕਿਹਾ ਕਿ ਉਹ ਚੋਣਾਂ ਵਿੱਚ ਜਿੱਤਣ ਅਤੇ ਹਾਰਨ ਵਾਲੇ ਉਮੀਦਵਾਰਾਂ ਦੇ ਨਤੀਜਿਆਂ ਦੇ ਕਾਰਨਾਂ ਬਾਰੇ ਸਿਆਸੀ ਟਿੱਪਣੀਕਾਰ ਵਜੋਂ ਆਪਣੀ ਰਾਏ ਦੇਣਗੇ।
ਦੂਜੇ ਪਾਸੇ, ਨਿਊਯਾਰਕ ਟਾਈਮਜ਼ ਨਾਲ ਇੰਟਰਵਿਊ ਦੌਰਾਨ ਟਰੰਪ ਨੇ ਕਿਹਾ ਕਿ ਉਹ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੂੰ ਸਵੀਕਾਰ ਕਰਨ ਲਈ ਤਿਆਰ ਹਨ ਅਤੇ ਡੈਮੋਕ੍ਰੇਟਸ ਨਾਲ ਮਿਲ ਕੇ ਕੰਮ ਕਰਨ ਦੀ ਕੋਸ਼ਿਸ਼ ਕਰਨਗੇ। ਉਨ੍ਹਾਂ ਕਿਹਾ ਕਿ ਦੋਵੇਂ ਧਿਰਾਂ ਵਿਚਾਲੇ ਸਹਿਯੋਗ ਦੇ ਰਸਤੇ ਲੱਭੇ ਜਾ ਸਕਦੇ ਹਨ। ਟਰੰਪ ਨੇ ਆਪਣੀ ਪਾਰਟੀ ਦੀ ਹਾਰ ਲਈ ਖੁਦ ਨੂੰ ਸਿੱਧੇ ਤੌਰ ’ਤੇ ਜ਼ਿੰਮੇਵਾਰ ਮੰਨਣ ਤੋਂ ਵੀ ਗੁਰੇਜ਼ ਕੀਤਾ। ਟਰੂਥ ਸੋਸ਼ਲ ’ਤੇ ਪੋਸਟ ਕਰਦਿਆਂ ਉਨ੍ਹਾਂ ਕਿਹਾ ਕਿ ਉਹ ਖੁਦ ਚੋਣ ਮੈਦਾਨ ਵਿੱਚ ਉਮੀਦਵਾਰ ਨਹੀਂ ਸਨ ਅਤੇ ਜੇਕਰ ਉਨ੍ਹਾਂ ਦਾ ਨਾਂ ਬੈਲਟ ’ਤੇ ਹੁੰਦਾ ਤਾਂ ਰਿਪਬਲਿਕਨ ਪਾਰਟੀ ਵੱਡੇ ਫਰਕ ਨਾਲ ਜਿੱਤਦੀ। ਫੌਕਸ ਨਿਊਜ਼ ਦੀ ਰਿਪੋਰਟ ਮੁਤਾਬਕ ਨੌਜਵਾਨਾਂ, ਆਜ਼ਾਦ ਵੋਟਰਾਂ, ਪੇਂਡੂ ਖੇਤਰਾਂ ਅਤੇ ਹਿਸਪੈਨਿਕ ਭਾਈਚਾਰੇ ਦੇ ਵੋਟਰਾਂ ਵਿੱਚ ਰਿਪਬਲਿਕਨ ਪਾਰਟੀ ਪ੍ਰਤੀ ਸਮਰਥਨ ਘਟਿਆ। ਰਿਪੋਰਟ ਵਿੱਚ ਇਸ ਬਦਲਾਅ ਪਿੱਛੇ ਈਰਾਨ ਜੰਗ ਅਤੇ ਟਰੰਪ ਪ੍ਰਸ਼ਾਸਨ ਦੀਆਂ ਟੈਰਿਫ ਨੀਤੀਆਂ ਨੂੰ ਵੀ ਅਹਿਮ ਕਾਰਨ ਦੱਸਿਆ ਗਿਆ ਹੈ।
ਚੋਣ ਨਤੀਜਿਆਂ ਵਿੱਚ ਡੈਮੋਕ੍ਰੇਟਸ ਨੂੰ ਦੱਖਣੀ ਕੈਰੋਲੀਨਾ ਅਤੇ ਟੈਕਸਾਸ ਵਰਗੇ ਰਿਪਬਲਿਕਨ ਪ੍ਰਭਾਵ ਵਾਲੇ ਸੂਬਿਆਂ ਵਿੱਚ ਵੀ ਸਫਲਤਾ ਮਿਲਣ ਦੀ ਰਿਪੋਰਟ ਹੈ। ਟੈਕਸਾਸ ਵਿੱਚ 1994 ਤੋਂ ਬਾਅਦ ਡੈਮੋਕ੍ਰੇਟਸ ਦੀ ਜਿੱਤ ਨੂੰ ਖਾਸ ਤੌਰ ’ਤੇ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਸੀਐਨਐਨ ਅਨੁਸਾਰ ਮਹਿੰਗਾਈ, ਟਰੰਪ ਦੀਆਂ ਟੈਰਿਫ ਨੀਤੀਆਂ, ਈਰਾਨ ਜੰਗ ਅਤੇ ਰਾਸ਼ਟਰਪਤੀ ਦੇ ਕੰਮਕਾਜ ਤੇ ਨਿੱਜੀ ਲਾਭਾਂ ਬਾਰੇ ਵੋਟਰਾਂ ਦੀਆਂ ਚਿੰਤਾਵਾਂ ਨੇ ਵੀ ਚੋਣ ਨਤੀਜਿਆਂ ਨੂੰ ਪ੍ਰਭਾਵਿਤ ਕੀਤਾ। ਕਾਂਗਰਸ ਦੇ ਦੋਵਾਂ ਸਦਨਾਂ ਵਿੱਚ ਡੈਮੋਕ੍ਰੇਟਸ ਦੀ ਪਕੜ ਮਜ਼ਬੂਤ ਹੋਣ ਨਾਲ ਟਰੰਪ ਪ੍ਰਸ਼ਾਸਨ ਲਈ ਆਉਣ ਵਾਲੇ ਦੋ ਸਾਲ ਸਿਆਸੀ ਤੌਰ ’ਤੇ ਚੁਣੌਤੀਪੂਰਨ ਹੋ ਸਕਦੇ ਹਨ। ਪ੍ਰਤੀਨਿਧੀ ਸਭਾ ਵਿੱਚ ਡੈਮੋਕ੍ਰੇਟਸ ਸਰਕਾਰੀ ਕੰਮਕਾਜ ਦੀ ਜਾਂਚ, ਕਮੇਟੀ ਸੁਣਵਾਈਆਂ ਅਤੇ ਸੰਮਨ ਜਾਰੀ ਕਰਨ ਰਾਹੀਂ ਪ੍ਰਸ਼ਾਸਨ ’ਤੇ ਨਿਗਰਾਨੀ ਵਧਾ ਸਕਦੇ ਹਨ। ਉੱਧਰ ਸੈਨੇਟ ਵਿੱਚ ਬਹੁਮਤ ਮਿਲਣ ਨਾਲ ਰਾਸ਼ਟਰਪਤੀ ਵੱਲੋਂ ਕੀਤੀਆਂ ਜਾਣ ਵਾਲੀਆਂ ਨਿਯੁਕਤੀਆਂ, ਨਿਆਂਇਕ ਅਹੁਦਿਆਂ ਲਈ ਨਾਮਜ਼ਦਗੀਆਂ ਅਤੇ ਸਰਕਾਰੀ ਨੀਤੀਆਂ ’ਤੇ ਵੀ ਡੈਮੋਕ੍ਰੇਟਸ ਦਾ ਪ੍ਰਭਾਵ ਵਧੇਗਾ। ਇਸ ਤਰ੍ਹਾਂ ਮੱਧਕਾਲੀ ਚੋਣਾਂ ਦੇ ਨਤੀਜਿਆਂ ਨੇ ਅਮਰੀਕੀ ਰਾਜਨੀਤੀ ਵਿੱਚ ਸੱਤਾ ਦਾ ਸੰਤੁਲਨ ਬਦਲ ਦਿੱਤਾ ਹੈ ਅਤੇ ਹੁਣ ਟਰੰਪ ਪ੍ਰਸ਼ਾਸਨ ਤੇ ਡੈਮੋਕ੍ਰੇਟਿਕ ਪਾਰਟੀ ਵਿਚਾਲੇ ਟਕਰਾਅ ਦੇ ਨਾਲ-ਨਾਲ ਸਹਿਯੋਗ ਦੀ ਵੀ ਨਵੀਂ ਪ੍ਰੀਖਿਆ ਹੋਵੇਗੀ।
