ਕੁਰੂਕਸ਼ੇਤਰ, 21 ਅਕਤੂਬਰ 2026 (ਸੰਜੀਵ ਸ਼ਰਮਾ): ਕੁਰੂਕਸ਼ੇਤਰ ਦੇ ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਕਿਹਾ ਕਿ ਕੁਰੂਕਸ਼ੇਤਰ ਸੰਸਦੀ ਹਲਕੇ ਦੇ ਨੌਜਵਾਨਾਂ ਨੂੰ ਖੇਡਾਂ ਨਾਲ ਜੋੜਨ, ਖੇਡ ਪ੍ਰਤਿਭਾਵਾਂ ਨੂੰ ਉਤਸ਼ਾਹਿਤ ਕਰਨ ਅਤੇ ਸਿਹਤਮੰਦ ਜੀਵਨ ਸ਼ੈਲੀ ਨੂੰ ਪ੍ਰਫੁੱਲਤ ਕਰਨ ਦੇ ਉਦੇਸ਼ ਨਾਲ ਕਰਵਾਏ ਜਾ ਰਹੇ ਸੰਸਦ ਖੇਡ ਮਹੋਤਸਵ 2.0 ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਤਿਆਰੀਆਂ ਤੇਜ਼ ਕਰ ਦਿੱਤੀਆਂ ਹਨ। ਉਨ੍ਹਾਂ ਦੱਸਿਆ ਕਿ ਮਹੋਤਸਵ ਦੇ ਮੁਕਾਬਲੇ ਦੋ ਪੜਾਵਾਂ ਵਿੱਚ ਕਰਵਾਏ ਜਾਣਗੇ। ਪਹਿਲੇ ਪੜਾਅ ਦੇ ਮੁਕਾਬਲੇ 1 ਨਵੰਬਰ ਤੋਂ 20 ਨਵੰਬਰ 2026 ਤੱਕ ਅਤੇ ਦੂਜੇ ਪੜਾਅ ਦੇ ਮੁਕਾਬਲੇ 7 ਦਸੰਬਰ ਤੋਂ 20 ਦਸੰਬਰ 2026 ਤੱਕ ਹੋਣਗੇ। ਇਹ ਮੁਕਾਬਲੇ ਵਿਧਾਨ ਸਭਾ ਹਲਕਾ ਅਤੇ ਸੰਸਦੀ ਹਲਕਾ ਪੱਧਰ ’ਤੇ ਕਰਵਾਏ ਜਾਣਗੇ।
ਡਿਪਟੀ ਕਮਿਸ਼ਨਰ ਵਿਸ਼ਰਾਮ ਕੁਮਾਰ ਮੀਣਾ ਨੇ ਦੱਸਿਆ ਕਿ ਜ਼ਿਲ੍ਹਾ ਪੱਧਰ ’ਤੇ ਮਹੋਤਸਵ ਦੇ ਸਫ਼ਲ ਆਯੋਜਨ ਦੀ ਜ਼ਿੰਮੇਵਾਰੀ ਵਧੀਕ ਡਿਪਟੀ ਕਮਿਸ਼ਨਰ ਪੰਕਜ ਸੇਤੀਆ ਨੂੰ ਸੌਂਪੀ ਗਈ ਹੈ। ਉਨ੍ਹਾਂ ਨੂੰ ਸਮੁੱਚਾ ਇੰਚਾਰਜ ਨਿਯੁਕਤ ਕੀਤਾ ਗਿਆ ਹੈ। ਉਹ ਤਿਆਰੀਆਂ ਦੀ ਨਿਗਰਾਨੀ ਕਰਨ ਦੇ ਨਾਲ-ਨਾਲ ਸਬੰਧਤ ਵਿਭਾਗਾਂ ਅਤੇ ਅਧਿਕਾਰੀਆਂ ਵਿਚਕਾਰ ਤਾਲਮੇਲ ਯਕੀਨੀ ਬਣਾਉਣਗੇ, ਤਾਂ ਜੋ ਸਾਰੇ ਮੁਕਾਬਲੇ ਸੁਚੱਜੇ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਏ ਜਾ ਸਕਣ। ਜ਼ਿਲ੍ਹੇ ਦੇ ਸਾਰੇ ਉਪਮੰਡਲ ਅਧਿਕਾਰੀਆਂ ਨੂੰ ਆਪੋ-ਆਪਣੇ ਖੇਤਰਾਂ ਵਿੱਚ ਨੋਡਲ ਅਧਿਕਾਰੀ ਨਿਯੁਕਤ ਕੀਤਾ ਗਿਆ ਹੈ। ਇਨ੍ਹਾਂ ਵਿੱਚ ਥਾਨੇਸਰ ਦੇ ਐੱਸਡੀਐੱਮ ਅਮਨ ਕੁਮਾਰ, ਪਿਹੋਵਾ ਦੇ ਐੱਸਡੀਐੱਮ ਰਾਹੁਲ ਕਨਵਾਰੀਆ, ਸ਼ਾਹਾਬਾਦ ਦੇ ਐੱਸਡੀਐੱਮ ਸ਼ੰਭੂ ਰਾਠੀ ਅਤੇ ਲਾਡਵਾ ਦੇ ਐੱਸਡੀਐੱਮ ਰਾਜੇਸ਼ ਕੁਮਾਰ ਸੋਨੀ ਸ਼ਾਮਲ ਹਨ। ਇਹ ਅਧਿਕਾਰੀ ਸਬੰਧਤ ਵਿਭਾਗਾਂ, ਪੰਚਾਇਤੀ ਰਾਜ ਸੰਸਥਾਵਾਂ, ਵਿਦਿਅਕ ਸੰਸਥਾਵਾਂ, ਖੇਡ ਵਿਭਾਗ ਅਤੇ ਹੋਰ ਸਬੰਧਤ ਧਿਰਾਂ ਨਾਲ ਤਾਲਮੇਲ ਸਥਾਪਤ ਕਰਕੇ ਵੱਧ ਤੋਂ ਵੱਧ ਖਿਡਾਰੀਆਂ ਦੀ ਭਾਗੀਦਾਰੀ ਯਕੀਨੀ ਬਣਾਉਣਗੇ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹਾ ਖੇਡ ਅਧਿਕਾਰੀ ਮਨੋਜ ਕੁਮਾਰ ਨੂੰ ਖੇਡ ਮੁਕਾਬਲਿਆਂ ਦੇ ਆਯੋਜਨ, ਸਿਖਲਾਈ, ਸਟੇਡੀਅਮਾਂ ਅਤੇ ਜਿਮਨੇਜ਼ੀਅਮਾਂ ਨਾਲ ਸਬੰਧਤ ਪ੍ਰਬੰਧਾਂ ਵਿੱਚ ਸਹਿਯੋਗ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ। ਪ੍ਰਸ਼ਾਸਨ ਵੱਲੋਂ ਸਬੰਧਤ ਵਿਭਾਗਾਂ ਨੂੰ ਸਾਰੀਆਂ ਲੋੜੀਂਦੀਆਂ ਤਿਆਰੀਆਂ ਸਮੇਂ ਸਿਰ ਮੁਕੰਮਲ ਕਰਨ ਦੇ ਨਿਰਦੇਸ਼ ਦਿੱਤੇ ਗਏ ਹਨ। ਉਨ੍ਹਾਂ ਕਿਹਾ ਕਿ ਸੰਸਦ ਖੇਡ ਮਹੋਤਸਵ 2.0 ਦਾ ਮੁੱਖ ਉਦੇਸ਼ ਖੇਡ ਪ੍ਰਤਿਭਾਵਾਂ ਨੂੰ ਢੁੱਕਵਾਂ ਮੰਚ ਪ੍ਰਦਾਨ ਕਰਨਾ, ਨੌਜਵਾਨਾਂ ਵਿੱਚ ਖੇਡ ਭਾਵਨਾ ਵਿਕਸਿਤ ਕਰਨਾ ਅਤੇ ਖੇਡਾਂ ਪ੍ਰਤੀ ਲੋਕਾਂ ਦੀ ਭਾਗੀਦਾਰੀ ਵਧਾਉਣਾ ਹੈ। ਸੰਸਦ ਮੈਂਬਰ ਨਵੀਨ ਜਿੰਦਲ ਦੀ ਇਸ ਪਹਿਲਕਦਮੀ ਰਾਹੀਂ ਕੁਰੂਕਸ਼ੇਤਰ ਸੰਸਦੀ ਹਲਕੇ ਦੇ ਖਿਡਾਰੀਆਂ ਨੂੰ ਆਪਣੀ ਪ੍ਰਤਿਭਾ ਦਿਖਾਉਣ ਅਤੇ ਖੇਡਾਂ ਦੇ ਖੇਤਰ ਵਿੱਚ ਅੱਗੇ ਵਧਣ ਦੇ ਮੌਕੇ ਮਿਲਣਗੇ। ਪ੍ਰਸ਼ਾਸਨਿਕ ਪੱਧਰ ’ਤੇ ਤਿਆਰੀਆਂ ਸ਼ੁਰੂ ਹੋਣ ਨਾਲ ਇਸ ਮਹੋਤਸਵ ਦੇ ਸਫ਼ਲ ਆਯੋਜਨ ਨੂੰ ਹੋਰ ਗਤੀ ਮਿਲਣ ਦੀ ਉਮੀਦ ਹੈ।
