Home ਦੇਸ਼ ਕਰਜ਼ ਦੀ ਵਸੂਲੀ ਲਈ ਔਰਤ ਨੂੰ ਅਗਵਾ ਕਰਕੇ ਚਾਰ ਦਿਨ ਬੰਦੀ ਬਣਾਉਣ...

ਕਰਜ਼ ਦੀ ਵਸੂਲੀ ਲਈ ਔਰਤ ਨੂੰ ਅਗਵਾ ਕਰਕੇ ਚਾਰ ਦਿਨ ਬੰਦੀ ਬਣਾਉਣ ਦਾ ਦੋਸ਼, ਨਿਰਵਸਤਰ ਵੀਡੀਓ ਬਣਾ ਕੇ ਧਮਕਾਇਆ

Woman allegedly kidnapped and assaulted over unpaid loans in Bengaluru; four booked.

0

ਬੈਂਗਲੁਰੂ, 5 ਸਤੰਬਰ 2026 (ਰਾਜੇਸ਼ ਕੁਮਾਰ): ਬੈਂਗਲੁਰੂ ਦੇ ਚੰਦਰ ਲੇਆਉਟ ਇਲਾਕੇ ਵਿੱਚ ਕਰਜ਼ ਦੀ ਰਕਮ ਵਸੂਲਣ ਲਈ ਇੱਕ 30 ਸਾਲਾ ਔਰਤ ਨੂੰ ਕਥਿਤ ਤੌਰ ’ਤੇ ਅਗਵਾ ਕਰਕੇ ਚਾਰ ਦਿਨ ਤੱਕ ਇੱਕ ਘਰ ਵਿੱਚ ਬੰਦੀ ਬਣਾਉਣ ਅਤੇ ਉਸ ਨਾਲ ਕੁੱਟਮਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਿਸ ਨੇ ਇਸ ਮਾਮਲੇ ਵਿੱਚ ਚਾਰ ਵਿਅਕਤੀਆਂ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਿਸ ਅਨੁਸਾਰ, ਔਰਤ ਨੇ ਲਗਭਗ ਦੋ ਸਾਲ ਪਹਿਲਾਂ ਨਜ਼ਾਥ ਬੇਗਮ ਤੋਂ 50 ਹਜ਼ਾਰ ਰੁਪਏ ਹਫ਼ਤਾਵਾਰ ਕਿਸ਼ਤਾਂ ’ਤੇ ਅਤੇ ਰੇਸ਼ਮਾ ਬਾਨੂ ਤੋਂ 1 ਲੱਖ ਰੁਪਏ ਮਹੀਨਾਵਾਰ ਵਿਆਜ ’ਤੇ ਉਧਾਰ ਲਏ ਸਨ। ਆਰਥਿਕ ਤੰਗੀ ਕਾਰਨ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਕਿਸ਼ਤਾਂ ਨਹੀਂ ਦੇ ਸਕੀ ਸੀ। ਸ਼ਿਕਾਇਤ ਮੁਤਾਬਕ 27 ਅਗਸਤ ਨੂੰ ਨਜ਼ਾਥ ਬੇਗਮ ਨੇ ਕਥਿਤ ਤੌਰ ’ਤੇ ਕੰਮ ਅਤੇ ਪੈਸੇ ਦੇਣ ਦਾ ਭਰੋਸਾ ਦੇ ਕੇ ਔਰਤ ਨੂੰ ਮੈਟਰੋ ਲੇਆਉਟ ਸਥਿਤ ਆਪਣੇ ਘਰ ਬੁਲਾਇਆ। ਔਰਤ ਆਪਣੇ ਨਾਬਾਲਗ ਪੁੱਤਰ ਨਾਲ ਉੱਥੇ ਪਹੁੰਚੀ ਤਾਂ ਰੇਸ਼ਮਾ ਬਾਨੂ, ਉਸ ਦਾ ਪਤੀ ਸੁਹੇਲ ਅਤੇ ਹੋਰ ਲੋਕਾਂ ਨੇ ਕਥਿਤ ਤੌਰ ’ਤੇ ਘਰ ਵਿੱਚ ਦਾਖ਼ਲ ਹੋ ਕੇ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਉਸ ਨਾਲ ਕੁੱਟਮਾਰ ਕੀਤੀ।

ਔਰਤ ਦਾ ਦੋਸ਼ ਹੈ ਕਿ ਮੁਲਜ਼ਮਾਂ ਨੇ ਵਿਆਜ ਸਮੇਤ 11 ਲੱਖ ਰੁਪਏ ਦੀ ਮੰਗ ਕੀਤੀ। ਉਸ ਨੂੰ ਕਥਿਤ ਤੌਰ ’ਤੇ ਚਾਕੂ ਦਿਖਾ ਕੇ ਧਮਕਾਇਆ ਗਿਆ ਅਤੇ ਉਸ ਦਾ ਮੋਬਾਈਲ ਫੋਨ ਖੋਹ ਕੇ ਨੁਕਸਾਨ ਪਹੁੰਚਾਇਆ ਗਿਆ। ਇਸ ਤੋਂ ਬਾਅਦ ਔਰਤ ਅਤੇ ਉਸ ਦੇ ਬੱਚੇ ਨੂੰ ਕਥਿਤ ਤੌਰ ’ਤੇ ਆਟੋ ਵਿੱਚ ਬਿਠਾ ਕੇ ਕੁੰਬਲਾਗੋਡੂ ਸਥਿਤ ਇੱਕ ਘਰ ਲਿਜਾਇਆ ਗਿਆ। ਸ਼ਿਕਾਇਤ ਅਨੁਸਾਰ, ਉੱਥੇ ਔਰਤ ਨੂੰ ਇੱਕ ਕਮਰੇ ਵਿੱਚ ਬੰਦ ਰੱਖਿਆ ਗਿਆ ਅਤੇ ਡੰਡੇ ਨਾਲ ਕੁੱਟਣ ਅਤੇ ਗਾਲ੍ਹਾਂ ਕੱਢਣ ਦੇ ਦੋਸ਼ ਵੀ ਲਗਾਏ ਗਏ ਹਨ।

ਮਾਮਲੇ ਦਾ ਸਭ ਤੋਂ ਗੰਭੀਰ ਪੱਖ ਇਹ ਹੈ ਕਿ ਔਰਤ ਨੇ ਦੋਸ਼ ਲਗਾਇਆ ਕਿ 29 ਅਗਸਤ ਨੂੰ ਮੁਲਜ਼ਮਾਂ ਨੇ ਉਸ ਨੂੰ ਕੱਪੜੇ ਉਤਾਰਨ ਲਈ ਮਜਬੂਰ ਕੀਤਾ ਅਤੇ ਮੋਬਾਈਲ ਫੋਨ ਨਾਲ ਵੀਡੀਓ ਬਣਾਈ। ਉਸ ਨੂੰ ਧਮਕੀ ਦਿੱਤੀ ਗਈ ਕਿ ਜੇਕਰ ਪੈਸੇ ਨਾ ਦਿੱਤੇ ਤਾਂ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਕਰ ਦਿੱਤੀ ਜਾਵੇਗੀ। ਸੁਹੇਲ ’ਤੇ ਉਸ ਨੂੰ ਦੇਹ-ਵਪਾਰ ਵਿੱਚ ਧੱਕਣ ਦੀ ਧਮਕੀ ਦੇਣ ਦਾ ਵੀ ਦੋਸ਼ ਹੈ। ਸ਼ਕਾਇਤਕਰਤਾ ਮੁਤਾਬਕ 29 ਅਗਸਤ ਨੂੰ ਉਸ ਦੇ ਵੱਡੇ ਪੁੱਤਰ ਨੂੰ ਉਸ ਦੀ ਮਾਂ ਦੇ ਘਰ ਭੇਜ ਦਿੱਤਾ ਗਿਆ, ਜਦਕਿ ਔਰਤ ਨੂੰ ਕਥਿਤ ਤੌਰ ’ਤੇ ਉੱਥੇ ਹੀ ਬੰਦੀ ਰੱਖਿਆ ਗਿਆ। 30 ਅਗਸਤ ਨੂੰ ਉਸ ਨੂੰ ਸਿਟੀ ਮਾਰਕੀਟ ਨੇੜੇ ਇੱਕ ਵਕੀਲ ਕੋਲ ਲਿਜਾ ਕੇ ਕੁਝ ਕਾਗਜ਼ਾਂ ’ਤੇ ਦਸਤਖ਼ਤ ਕਰਵਾਉਣ ਦਾ ਵੀ ਦੋਸ਼ ਲਗਾਇਆ ਗਿਆ ਹੈ।

31 ਅਗਸਤ ਦੀ ਦੁਪਹਿਰ ਨੂੰ ਜਦੋਂ ਰੇਸ਼ਮਾ ਨੇ ਔਰਤ ਨੂੰ ਟਾਇਲਟ ਜਾਣ ਲਈ ਦਰਵਾਜ਼ਾ ਖੋਲ੍ਹਿਆ ਅਤੇ ਬਾਹਰ ਚਲੀ ਗਈ ਤਾਂ ਪੁਲਿਸ ਨੂੰ ਮਿਲੀ ਸੂਚਨਾ ਦੇ ਆਧਾਰ ’ਤੇ ਪੁਲਿਸ ਟੀਮ ਉੱਥੇ ਪਹੁੰਚ ਗਈ। ਪੁਲਿਸ ਨੇ ਔਰਤ ਨੂੰ ਕਥਿਤ ਬੰਦੀ ਤੋਂ ਛੁਡਵਾਇਆ ਅਤੇ ਚੰਦਰ ਲੇਆਉਟ ਥਾਣੇ ਲੈ ਗਈ। ਚੰਦਰ ਲੇਆਉਟ ਪੁਲਿਸ ਨੇ ਕੇਸ ਨੰਬਰ 283/2026 ਦਰਜ ਕਰਦਿਆਂ ਨਜ਼ਾਥ ਬੇਗਮ, ਰੇਸ਼ਮਾ ਬਾਨੂ, ਸੁਹੇਲ ਅਤੇ ਸੈਫ਼ ਨੂੰ ਮੁਲਜ਼ਮ ਬਣਾਇਆ ਹੈ। ਪੁਲਿਸ ਨੇ ਭਾਰਤੀ ਨਿਆਂ ਸੰਹਿਤਾ (BNS) ਦੀਆਂ ਵੱਖ-ਵੱਖ ਧਾਰਾਵਾਂ ਅਤੇ ਸੂਚਨਾ ਤਕਨਾਲੋਜੀ ਐਕਟ ਦੀ ਧਾਰਾ 66(E) ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਜਾਰੀ ਹੈ ਅਤੇ ਦੋਸ਼ਾਂ ਦੀ ਪੁਸ਼ਟੀ ਲਈ ਸਬੂਤ ਇਕੱਠੇ ਕੀਤੇ ਜਾ ਰਹੇ ਹਨ।

Exit mobile version