ਨਵੀਂ ਦਿੱਲੀ, 1 ਸਤੰਬਰ, 2026 (ਕਾਜਲ) : ਭਾਜਪਾ ਦੇ ਕੌਮੀ ਪ੍ਰਧਾਨ ਨਿਤਿਨ ਨਬੀਨ ਨੇ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ਅਖਿਲ ਭਾਰਤੀ ਵਿਦਿਆਰਥੀ ਪਰਿਸ਼ਦ (ABVP) ਦੀ ਜਿੱਤ ’ਤੇ ਵਿਦਿਆਰਥੀ ਜਥੇਬੰਦੀ ਨੂੰ ਵਧਾਈ ਦਿੱਤੀ ਹੈ। ਨਿਤਿਨ ਨਬੀਨ ਨੇ ਸੋਸ਼ਲ ਮੀਡੀਆ ’ਤੇ ਇੱਕ ਪੋਸਟ ਸਾਂਝੀ ਕਰਦਿਆਂ ABVP ਦੀ ਇਸ ਜਿੱਤ ਨੂੰ ਨੌਜਵਾਨ ਤਾਕਤ ਦੀ ਇਤਿਹਾਸਕ ਜਿੱਤ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਪੰਜਾਬ ਯੂਨੀਵਰਸਿਟੀ ਵਿਦਿਆਰਥੀ ਕੌਂਸਲ ਚੋਣਾਂ ਵਿੱਚ ABVP ਦੀ ਸ਼ਾਨਦਾਰ ਜਿੱਤ ਇਸ ਗੱਲ ਦਾ ਸਿੱਧਾ ਸਬੂਤ ਹੈ ਕਿ ਪੰਜਾਬ ਅਤੇ ਦੇਸ਼ ਦੇ ਨੌਜਵਾਨ ਰਾਸ਼ਟਰ ਨਿਰਮਾਣ ਅਤੇ ਸਕਾਰਾਤਮਕ ਅਗਵਾਈ ਦੇ ਨਾਲ ਮਜ਼ਬੂਤੀ ਨਾਲ ਖੜ੍ਹੇ ਹਨ। ਭਾਜਪਾ ਪ੍ਰਧਾਨ ਨੇ ਕਿਹਾ ਕਿ ਨੌਜਵਾਨਾਂ ਨੇ ਖੋਖਲੇ ਵਾਅਦਿਆਂ ਨੂੰ ਪਾਸੇ ਕਰਦਿਆਂ ਦੇਸ਼ ਦੇ ਵਿਕਾਸ ਅਤੇ ਨਿਰਮਾਣ ਦੀ ਸੋਚ ਨੂੰ ਤਰਜੀਹ ਦਿੱਤੀ ਹੈ। ਉਨ੍ਹਾਂ ABVP ਨਾਲ ਜੁੜੇ ਵਿਦਿਆਰਥੀਆਂ ਅਤੇ ਸੰਗਠਨ ਦੇ ਵਰਕਰਾਂ ਨੂੰ ਇਸ ਜਿੱਤ ਲਈ ਸ਼ੁਭਕਾਮਨਾਵਾਂ ਦਿੱਤੀਆਂ। ਨਿਤਿਨ ਨਬੀਨ ਨੇ ਇਹ ਵੀ ਕਿਹਾ ਕਿ ਦੇਸ਼ ਦੀ ਨੌਜਵਾਨ ਤਾਕਤ ‘ਵਿਕਸਿਤ ਭਾਰਤ’ ਦੇ ਸਾਂਝੇ ਸੁਪਨੇ ਨੂੰ ਤੇਜ਼ੀ ਨਾਲ ਅੱਗੇ ਵਧਾਉਣ ਲਈ ਪੂਰੀ ਤਰ੍ਹਾਂ ਤਿਆਰ ਅਤੇ ਵਚਨਬੱਧ ਹੈ।
