ਲੁਧਿਆਣਾ, 19 ਸਤੰਬਰ 2026 (ਸ਼ਹੀਦ-ਏ-ਆਜ਼ਮ ਬਿਊਰੋ) :ਆਮ ਆਦਮੀ ਪਾਰਟੀ (ਆਪ ) ਨੇ ਪੰਜਾਬ ਵਿੱਚ 2027 ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਆਪਣੀ ਸੂਬਾ ਪੱਧਰੀ ਚੋਣ ਮੁਹਿੰਮ ਦਾ ਰਸਮੀ ਆਗਾਜ਼ ਕਰ ਦਿੱਤਾ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਲੁਧਿਆਣਾ ਵਿੱਚ ਪਾਰਟੀ ਦਾ ਚੋਣ ਪੰਫ਼ਲੈਟ ਜਾਰੀ ਕੀਤਾ। ਇਸ ਤੋਂ ਬਾਅਦ 20 ਸਤੰਬਰ ਤੋਂ ਸੂਬੇ ਭਰ ਵਿੱਚ ਘਰ-ਘਰ ਸੰਪਰਕ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਪਾਰਟੀ ਅਨੁਸਾਰ ਇਸ ਮੁਹਿੰਮ ਵਿੱਚ 2,68,553 ਬੂਥ ਕਮੇਟੀ ਮੈਂਬਰ ਸ਼ਾਮਲ ਹੋਣਗੇ ਅਤੇ ਉਹ ਪੰਜਾਬ ਦੇ 25,332 ਪੋਲਿੰਗ ਬੂਥਾਂ ਅਧੀਨ ਘਰਾਂ ਤੱਕ ਪਹੁੰਚ ਕਰਨਗੇ। ਮੁਹਿੰਮ ਦੌਰਾਨ ਸਰਕਾਰ ਦੇ ਪਿਛਲੇ ਸਾਢੇ ਚਾਰ ਸਾਲ ਦੇ ਕੰਮਕਾਜ ਬਾਰੇ ਲੋਕਾਂ ਨੂੰ ਜਾਣਕਾਰੀ ਦੇਣ ਦੇ ਨਾਲ-ਨਾਲ ਸਥਾਨਕ ਮੁੱਦਿਆਂ ਅਤੇ ਲੋਕਾਂ ਦੀਆਂ ਸਮੱਸਿਆਵਾਂ ਬਾਰੇ ਫੀਡਬੈਕ ਲੈਣ ਦੀ ਗੱਲ ਵੀ ਕਹੀ ਗਈ ਹੈ।
ਮੁੱਖ ਮੰਤਰੀ ਭਗਵੰਤ ਮਾਨ 20 ਸਤੰਬਰ ਨੂੰ ਆਪਣੇ ਵਿਧਾਨ ਸਭਾ ਹਲਕੇ ਧੂਰੀ ਤੋਂ ਖੁਦ ਘਰ-ਘਰ ਮੁਹਿੰਮ ਵਿੱਚ ਸ਼ਾਮਲ ਹੋਣਗੇ। ਪਾਰਟੀ ਨੇ ਇਸ ਦੇ ਨਾਲ ਮੈਂਬਰਸ਼ਿਪ ਮੁਹਿੰਮ ਚਲਾਉਣ ਦਾ ਵੀ ਐਲਾਨ ਕੀਤਾ ਹੈ। ਰਿਪੋਰਟਾਂ ਮੁਤਾਬਕ ਇਹ ਸੰਪਰਕ ਮੁਹਿੰਮ ਕਰੀਬ ਇੱਕ ਮਹੀਨੇ ਤੱਕ ਚੱਲਣ ਦੀ ਯੋਜਨਾ ਹੈ। ਆਪ ਪੰਜਾਬ ਇੰਚਾਰਜ ਮਨੀਸ਼ ਸਿਸੋਦੀਆ ਨੇ ਕਿਹਾ ਹੈ ਕਿ ਪਾਰਟੀ ਵਰਕਰ ਸਰਕਾਰ ਵੱਲੋਂ ਕੀਤੇ ਕੰਮ ਲੋਕਾਂ ਤੱਕ ਲੈ ਕੇ ਜਾਣਗੇ। ਪਾਰਟੀ ਵੱਲੋਂ ਬਿਜਲੀ, ਕਿਸਾਨੀ, ਨਹਿਰੀ ਪਾਣੀ, ਸਰਕਾਰੀ ਸਕੂਲਾਂ, ਰੁਜ਼ਗਾਰ, ਖੇਡਾਂ ਅਤੇ ਵਪਾਰ ਨਾਲ ਸਬੰਧਤ ਕੰਮਾਂ ਨੂੰ ਮੁਹਿੰਮ ਦਾ ਹਿੱਸਾ ਬਣਾਉਣ ਦੀ ਗੱਲ ਕਹੀ ਗਈ ਹੈ। ਮੁਹਿੰਮ ਦੀ ਸ਼ੁਰੂਆਤ ਅਜਿਹੇ ਸਮੇਂ ਹੋ ਰਹੀ ਹੈ ਜਦੋਂ ਪੰਜਾਬ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਵੱਖ-ਵੱਖ ਸਿਆਸੀ ਪਾਰਟੀਆਂ ਆਪਣੀਆਂ ਗਤੀਵਿਧੀਆਂ ਤੇਜ਼ ਕਰ ਰਹੀਆਂ ਹਨ। ਬੀਜੇਪੀ ਨੇ ਵੀ 18 ਸਤੰਬਰ ਤੋਂ ‘ਨਸ਼ਾ ਮੁਕਤ ਪੰਜਾਬ ਯਾਤਰਾ’ ਸ਼ੁਰੂ ਕਰਨ ਦਾ ਐਲਾਨ ਕੀਤਾ ਹੈ।
