Home ਪਟਿਆਲਾ ਅਪਡੇਟ ਲੋਕਾਂ ‘ਚ ਵਧਦੇ ਵਿਰੋਧ ਕਾਰਨ ਬੁਖਲਾਹਟ ‘ਚ ਆਪ ਸਰਕਾਰ; ਵਿਰੋਧੀਆਂ ‘ਤੇ ਝੂਠੇ...

ਲੋਕਾਂ ‘ਚ ਵਧਦੇ ਵਿਰੋਧ ਕਾਰਨ ਬੁਖਲਾਹਟ ‘ਚ ਆਪ ਸਰਕਾਰ; ਵਿਰੋਧੀਆਂ ‘ਤੇ ਝੂਠੇ ਪਰਚੇ ਦਰਜ ਕਰਵਾਉਣ ‘ਚ ਡਾ. ਬਲਬੀਰ ਸਿੰਘ ਮੋਹਰੀ: ਮੋਹਿਤ ਮੋਹਿੰਦਰਾ

Mohit Mohindra alleges political targeting and false cases amid growing opposition to the AAP government.

0
ਪਟਿਆਲਾ, 1 ਸਤੰਬਰ, 2026 (ਦੀਪਕ ਦੱਤਾ) : ਪੰਜਾਬ ਯੂਥ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਹਲਕਾ ਇੰਚਾਰਜ ਸ਼੍ਰੀ ਮੋਹਿਤ ਮੋਹਿੰਦਰਾ ਨੇ ਪੰਜਾਬ ਸਰਕਾਰ ਅਤੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਵਿਰੁੱਧ ਤਿੱਖਾ ਹਮਲਾ ਬੋਲਿਆ ਹੈ। ਉਨ੍ਹਾਂ ਕਿਹਾ ਕਿ ਹਲਕਾ ਪਟਿਆਲਾ ਦਿਹਾਤੀ ਵਿੱਚ ਸਿਹਤ ਮੰਤਰੀ ਡਾ. ਬਲਬੀਰ ਸਿੰਘ ਦਾ ਦਿਨੋਂ-ਦਿਨ ਵਧ ਰਿਹਾ ਜ਼ਮੀਨੀ ਵਿਰੋਧ ਦੇਖ ਕੇ ਸਰਕਾਰ ਪੂਰੀ ਤਰ੍ਹਾਂ ਬੁਖਲਾ ਚੁੱਕੀ ਹੈ। ਇਸ ਵਧਦੇ ਵਿਰੋਧ ਕਾਰਨ ਜਦੋਂ ਲੋਕ ਆਪਣੀਆਂ ਸਮੱਸਿਆਵਾਂ ਜਾਂ ਸਰਕਾਰ ਦੀ ਕਾਰਗੁਜ਼ਾਰੀ ਸਬੰਧੀ ਸਵਾਲ ਪੁੱਛਦੇ ਹਨ, ਤਾਂ ਉਨ੍ਹਾਂ ਦੀ ਆਵਾਜ਼ ਨੂੰ ਦਬਾਉਣ ਲਈ ਸਿਆਸੀ ਦਬਾਅ ਪਾਇਆ ਜਾ ਰਿਹਾ ਹੈ, ਜੋ ਕਿ ਲੋਕਤੰਤਰ ਲਈ ਬੇਹੱਦ ਚਿੰਤਾਜਨਕ ਹੈ। ਮੋਹਿਤ ਮੋਹਿੰਦਰਾ ਨੇ ਡਾ. ਬਲਬੀਰ ਸਿੰਘ ‘ਤੇ ਸਿੱਧਾ ਇਲਜ਼ਾਮ ਲਗਾਉਂਦਿਆਂ ਕਿਹਾ ਕਿ ਹਲਕੇ ਵਿੱਚ ਆਪਣੇ ਖ਼ਿਲਾਫ਼ ਦਿਨੋਂ-ਦਿਨ ਵਧਦੇ ਵਿਰੋਧ ਅਤੇ ਲੋਕ ਰੋਹ ਨੂੰ ਠੱਲ੍ਹ ਪਾਉਣ ਲਈ ਕਾਂਗਰਸੀ ਵਰਕਰਾਂ ਅਤੇ ਵਿਰੋਧੀ ਵਿਚਾਰ ਰੱਖਣ ਵਾਲੇ ਆਗੂਆਂ ‘ਤੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਦਬਾਅ ਬਣਾਇਆ ਜਾ ਰਿਹਾ ਹੈ। ਜਿਹੜੇ ਵਰਕਰ ਇਸ ਰਾਜਨੀਤਿਕ ਦਬਾਅ ਅੱਗੇ ਝੁਕਣ ਤੋਂ ਇਨਕਾਰ ਕਰਦੇ ਹਨ, ਉਨ੍ਹਾਂ ਖ਼ਿਲਾਫ਼ ਸਰਕਾਰੀ ਤੰਤਰ ਦੀ ਦੁਰਵਰਤੋਂ ਕਰਕੇ ਝੂਠੇ ਅਤੇ ਨਾਜਾਇਜ਼ ਪੁਲਿਸ ਕੇਸ ਦਰਜ ਕਰਵਾਏ ਜਾ ਰਹੇ ਹਨ।
ਉਨ੍ਹਾਂ ਦੱਸਿਆ ਕਿ ਪਿੰਡ ਰੋਹਟੀ ਖ਼ਾਸ ਦੇ ਬੇਕਸੂਰ ਵਿਅਕਤੀ ਕੁਲਵੰਤ ਸਿੰਘ ਲਾਡੀ ਤੇ ਗੁਰਮੀਤ ਸਿੰਘ ਖ਼ਿਲਾਫ਼ ਦਰਜ ਕੀਤੇ ਗਏ ਝੂਠੇ ਪਰਚੇ ਦੇ ਵਿਰੋਧ ਵਿੱਚ ਅੱਜ ਰੋਹਟੀ ਪੁਲ ਨੇੜੇ ਪੁਲਿਸ ਚੌਕੀ ਦੇ ਬਾਹਰ ਰੋਸ ਧਰਨਾ ਦਿੱਤਾ ਗਿਆ। ਮੋਹਿਤ ਮੋਹਿੰਦਰਾ ਨੇ ਸਪੱਸ਼ਟ ਕੀਤਾ ਕਿ ਇਹ ਧਰਨਾ ਸਿਹਤ ਮੰਤਰੀ ਦੀ ਸਿਆਸੀ ਧੱਕੇਸ਼ਾਹੀ ਖ਼ਿਲਾਫ਼ ਅਤੇ ਪੀੜਤ ਪਰਿਵਾਰਾਂ ਨੂੰ ਇਨਸਾਫ਼ ਦਿਵਾਉਣ ਲਈ ਦਿੱਤਾ ਗਿਆ ਹੈ। ਹਲਕੇ ਦੀ ਕਾਨੂੰਨ-ਵਿਵਸਥਾ ‘ਤੇ ਸਵਾਲ ਚੁੱਕਦਿਆਂ ਉਨ੍ਹਾਂ ਕਿਹਾ ਕਿ ਇੱਕ ਪਾਸੇ ਸਿਆਸੀ ਬਦਲਾਖੋਰੀ ਤਹਿਤ ਵਿਰੋਧੀਆਂ ‘ਤੇ ਕੇਸ ਠੋਕੇ ਜਾ ਰਹੇ ਹਨ, ਜਦਕਿ ਦੂਜੇ ਪਾਸੇ ਮੰਤਰੀ ਦੇ ਆਪਣੇ ਹਲਕੇ ਵਿੱਚ ਸ਼ਰੇਆਮ ਨਸ਼ੇ ਦੀ ਵਿਕਰੀ, ਕਤਲ ਅਤੇ ਲੁੱਟ-ਖੋਹ ਦੀਆਂ ਘਟਨਾਵਾਂ ਵਧ ਰਹੀਆਂ ਹਨ। ਉਨ੍ਹਾਂ ਨਸੀਹਤ ਦਿੱਤੀ ਕਿ ਸਿਹਤ ਮੰਤਰੀ ਵਿਰੋਧੀਆਂ ਨੂੰ ਦਬਾਉਣ ਦੀ ਬਜਾਏ ਹਲਕੇ ਵਿੱਚ ਅਪਰਾਧ ਅਤੇ ਨਸ਼ਿਆਂ ਨੂੰ ਨੱਥ ਪਾਉਣ ਵੱਲ ਧਿਆਨ ਦੇਣ। ਅੰਤ ਵਿੱਚ ਮੋਹਿਤ ਮੋਹਿੰਦਰਾ ਨੇ ਮੰਗ ਕੀਤੀ ਕਿ ਰੋਹਟੀ ਖ਼ਾਸ ਮਾਮਲੇ ਦੀ ਨਿਰਪੱਖ ਜਾਂਚ ਕਰਵਾਈ ਜਾਵੇ ਅਤੇ ਬੇਕਸੂਰਾਂ ਖ਼ਿਲਾਫ਼ ਦਰਜ ਕੀਤੇ ਝੂਠੇ ਪਰਚੇ ਤੁਰੰਤ ਰੱਦ ਕੀਤੇ ਜਾਣ। ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਕਾਂਗਰਸ ਪਾਰਟੀ ਇਸ ਸੰਘਰਸ਼ ਨੂੰ ਹੋਰ ਵਿਸ਼ਾਲ ਰੂਪ ਦੇਵੇਗੀ।

Exit mobile version