ਯਰੂਸ਼ਲਮ, 1 ਅਕਤੂਬਰ, 2026 (ਕਾਜਲ): ਫਲਾਈਦੁਬਈ ਦੀ ਫਲਾਈਟ FZ1073 ਵਿੱਚ ਵਾਪਰੀ ਗੰਭੀਰ ਘਟਨਾ ਦੌਰਾਨ ਬਹਾਦਰੀ ਦਿਖਾਉਣ ਵਾਲੇ ਭਾਰਤੀ ਕਪਤਾਨ ਸਮਿਤ ਮੱਛਰ ਦੀ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੂ ਨੇ ਸ਼ਲਾਘਾ ਕੀਤੀ ਹੈ। ਨੇਤਨਯਾਹੂ ਨੇ ਕਪਤਾਨ ਦੀ ਹਿੰਮਤ ਨੂੰ “ਅਸਾਧਾਰਣ ਬਹਾਦਰੀ” ਦੱਸਦਿਆਂ ਉਨ੍ਹਾਂ ਨੂੰ “ਸੱਚਾ ਹੀਰੋ” ਕਿਹਾ। ਨੇਤਨਯਾਹੂ ਨੇ ਸੋਸ਼ਲ ਮੀਡੀਆ ਪਲੇਟਫਾਰਮ X ’ਤੇ ਕਿਹਾ ਕਿ ਕਪਤਾਨ ਮੱਛਰ ਨੇ ਗੰਭੀਰ ਰੂਪ ਵਿੱਚ ਜ਼ਖ਼ਮੀ ਹੋਣ ਦੇ ਬਾਵਜੂਦ ਹਮਲੇ ਦਾ ਮੁਕਾਬਲਾ ਕੀਤਾ ਅਤੇ ਕਾਕਪਿਟ ਦਾ ਦਰਵਾਜ਼ਾ ਖੋਲ੍ਹਣ ਵਿੱਚ ਸਫਲ ਰਹੇ। ਇਸ ਤੋਂ ਬਾਅਦ ਯਾਤਰੀਆਂ ਅਤੇ ਕ੍ਰੂ ਮੈਂਬਰਾਂ ਨੂੰ ਕਥਿਤ ਹਮਲਾਵਰ ਨੂੰ ਕਾਬੂ ਕਰਨ ਵਿੱਚ ਮਦਦ ਮਿਲੀ। ਰਿਪੋਰਟਾਂ ਮੁਤਾਬਕ, ਕਪਤਾਨ ਮੱਛਰ ਨੂੰ ਉਡਾਣ ਦੌਰਾਨ ਕਥਿਤ ਤੌਰ ’ਤੇ ਸਹਿ-ਪਾਇਲਟ ਨੇ ਚਾਕੂ ਮਾਰ ਦਿੱਤਾ ਸੀ। ਇਸ ਦੌਰਾਨ ਜਹਾਜ਼ ਵਿੱਚ ਐਮਰਜੈਂਸੀ ਸਥਿਤੀ ਪੈਦਾ ਹੋ ਗਈ ਅਤੇ ਜਹਾਜ਼ ਨੂੰ ਸਾਊਦੀ ਅਰਬ ਦੇ ਤਬੂਕ ਹਵਾਈ ਅੱਡੇ ਵੱਲ ਮੋੜ ਦਿੱਤਾ ਗਿਆ। ਬਾਅਦ ਵਿੱਚ ਜਹਾਜ਼ ਨੇ ਉੱਥੇ ਸੁਰੱਖਿਅਤ ਲੈਂਡਿੰਗ ਕੀਤੀ।
ਐਮਰਜੈਂਸੀ ਸਿਗਨਲ ਤੋਂ ਬਾਅਦ ਵਧੀ ਚਿੰਤਾ
ਫਲਾਈਟ ਨੇ ਪਹਿਲਾਂ 7700 ਐਮਰਜੈਂਸੀ ਕੋਡ ਅਤੇ ਬਾਅਦ ਵਿੱਚ 7500 ਕੋਡ ਪ੍ਰਸਾਰਿਤ ਕੀਤਾ। 7500 ਸਿਗਨਲ ਜਹਾਜ਼ ਵਿੱਚ ਹਾਈਜੈਕਿੰਗ ਜਾਂ ਗੈਰਕਾਨੂੰਨੀ ਦਖ਼ਲ ਦੀ ਸੰਭਾਵਨਾ ਦਰਸਾਉਂਦਾ ਹੈ। ਇਸ ਤੋਂ ਬਾਅਦ ਇਜ਼ਰਾਈਲੀ ਹਵਾਈ ਸੈਨਾ ਦੇ ਲੜਾਕੂ ਜਹਾਜ਼ਾਂ ਨੂੰ ਵੀ ਸਥਿਤੀ ’ਤੇ ਨਜ਼ਰ ਰੱਖਣ ਲਈ ਭੇਜਿਆ ਗਿਆ। ਹਾਲਾਂਕਿ, ਬਾਅਦ ਵਿੱਚ ਇਜ਼ਰਾਈਲੀ ਅਧਿਕਾਰੀਆਂ ਵੱਲੋਂ ਹਾਈਜੈਕਿੰਗ ਦੀ ਸੰਭਾਵਨਾ ਨੂੰ ਰੱਦ ਕਰ ਦਿੱਤਾ ਗਿਆ। ਸ਼ੁਰੂਆਤੀ ਜਾਣਕਾਰੀ ਅਨੁਸਾਰ ਘਟਨਾ ਦਾ ਸਬੰਧ ਕਾਕਪਿਟ ਵਿੱਚ ਪਾਇਲਟਾਂ ਵਿਚਕਾਰ ਹੋਏ ਕਥਿਤ ਵਿਵਾਦ ਨਾਲ ਜੋੜਿਆ ਜਾ ਰਿਹਾ ਹੈ।
ਤਬੂਕ ਦੇ ਹਸਪਤਾਲ ਵਿੱਚ ਇਲਾਜ
ਭਾਰਤੀ ਦੂਤਾਵਾਸ ਰਿਆਦ ਨੇ ਦੱਸਿਆ ਕਿ ਕਪਤਾਨ ਸਮਿਤ ਮੱਛਰ ਨੂੰ ਸਾਊਦੀ ਅਰਬ ਦੇ ਤਬੂਕ ਸ਼ਹਿਰ ਦੇ ਇੱਕ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਦੂਤਾਵਾਸ ਅਨੁਸਾਰ ਉਹ ਡਾਕਟਰੀ ਨਿਗਰਾਨੀ ਹੇਠ ਹਨ ਅਤੇ ਉਨ੍ਹਾਂ ਦੀ ਸਥਿਤੀ ਸਥਿਰ ਦੱਸੀ ਜਾ ਰਹੀ ਹੈ। ਭਾਰਤੀ ਅਧਿਕਾਰੀ ਉਨ੍ਹਾਂ ਦੇ ਪਰਿਵਾਰ ਅਤੇ ਸਾਊਦੀ ਅਧਿਕਾਰੀਆਂ ਦੇ ਸੰਪਰਕ ਵਿੱਚ ਹਨ। ਦੂਤਾਵਾਸ ਨੇ ਕਪਤਾਨ ਦੇ ਜਲਦੀ ਸਿਹਤਯਾਬ ਹੋਣ ਦੀ ਕਾਮਨਾ ਕਰਦਿਆਂ ਕਿਹਾ ਕਿ ਉਨ੍ਹਾਂ ਨੂੰ ਹਰ ਸੰਭਵ ਸਹਾਇਤਾ ਮੁਹੱਈਆ ਕਰਵਾਈ ਜਾ ਰਹੀ ਹੈ।
ਕਪਤਾਨ ਮੱਛਰ ਕੋਲ ਲੰਮਾ ਹਵਾਬਾਜ਼ੀ ਤਜਰਬਾ
ਕਪਤਾਨ ਸਮਿਤ ਮੱਛਰ ਫਲਾਈਦੁਬਈ ਨਾਲ ਡਾਇਰੈਕਟ-ਐਂਟਰੀ ਕਪਤਾਨ ਵਜੋਂ ਸੇਵਾ ਨਿਭਾ ਰਹੇ ਹਨ। ਉਨ੍ਹਾਂ ਕੋਲ ਵਪਾਰਕ ਹਵਾਬਾਜ਼ੀ ਦਾ 13 ਸਾਲ ਤੋਂ ਵੱਧ ਤਜਰਬਾ ਅਤੇ ਲਗਭਗ 9,750 ਘੰਟਿਆਂ ਦੀ ਉਡਾਣ ਦਾ ਤਜਰਬਾ ਦੱਸਿਆ ਜਾਂਦਾ ਹੈ। ਉਹ ਮੁੱਖ ਤੌਰ ’ਤੇ ਬੋਇੰਗ 737 ਜਹਾਜ਼ ਉਡਾਉਂਦੇ ਰਹੇ ਹਨ। ਫਲਾਈਦੁਬਈ ਵਿੱਚ ਸ਼ਾਮਲ ਹੋਣ ਤੋਂ ਪਹਿਲਾਂ ਉਨ੍ਹਾਂ ਨੇ ਇੱਕ ਭਾਰਤੀ ਏਅਰਲਾਈਨ ਵਿੱਚ ਲਗਭਗ 11 ਸਾਲ ਸੇਵਾ ਨਿਭਾਈ। ਇਸ ਘਟਨਾ ਤੋਂ ਬਾਅਦ ਇਜ਼ਰਾਈਲੀ ਪ੍ਰਧਾਨ ਮੰਤਰੀ ਦਫ਼ਤਰ ਮੁਤਾਬਕ ਨੇਤਨਯਾਹੂ ਨੇ ਇਜ਼ਰਾਈਲੀ ਅਤੇ ਗੈਰ-ਇਜ਼ਰਾਈਲੀ ਜਹਾਜ਼ਾਂ ਦੀ ਸੁਰੱਖਿਆ ਵਧਾਉਣ ਦੇ ਹੁਕਮ ਦਿੱਤੇ ਹਨ। ਉਨ੍ਹਾਂ ਨੇ ਸੁਰੱਖਿਆ ਅਧਿਕਾਰੀਆਂ ਨਾਲ ਘਟਨਾ ਬਾਰੇ ਮੀਟਿੰਗ ਵੀ ਕੀਤੀ। ਉਧਰ, ਸਾਊਦੀ ਅਰਬ ਤੋਂ ਰਵਾਨਾ ਕੀਤੀ ਗਈ ਫਲਾਈਦੁਬਈ ਦੀ ਰੈਸਕਿਊ ਫਲਾਈਟ ਯਾਤਰੀਆਂ ਨੂੰ ਲੈ ਕੇ ਇਜ਼ਰਾਈਲ ਦੇ ਬੇਨ ਗੁਰਿਓਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚ ਗਈ। ਘਟਨਾ ਦੇ ਕਾਰਨਾਂ ਅਤੇ ਕਥਿਤ ਹਮਲੇ ਦੀ ਜਾਂਚ ਜਾਰੀ ਹੈ।
