Home ਪੰਜਾਬ ਸਰਹਿੰਦ ਦੀ ਅਨਾਜ ਮੰਡੀ ਵਿਖੇ 500 ਡਰੋਨਾਂ ਦੇ ਸ਼ਾਨਦਾਰ ਸ਼ੋਅ ਨੇ ਸੰਗਤਾਂ...

ਸਰਹਿੰਦ ਦੀ ਅਨਾਜ ਮੰਡੀ ਵਿਖੇ 500 ਡਰੋਨਾਂ ਦੇ ਸ਼ਾਨਦਾਰ ਸ਼ੋਅ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਤੇ ਫ਼ਲਸਫ਼ੇ ਤੋਂ ਕਰਵਾਇਆ ਜਾਣੂ

A spectacular 500-drone display at Sirhind Grain Market showcased the life, teachings and philosophy of Guru Ravidas Ji.

0
ਫ਼ਤਹਿਗੜ੍ਹ ਸਾਹਿਬ, 15 ਸਤੰਬਰ, 2026 (ਗੁਰਮੀਤ ਸਿੰਘ ਤੁੰਗ) : ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਸੂਬੇ ਭਰ ਵਿੱਚ ਕਰਵਾਏ ਜਾ ਰਹੇ ਵਿਸ਼ੇਸ਼ ਸਮਾਗਮਾਂ ਦੀ ਲੜੀ ਤਹਿਤ ਅੱਜ ਦੇਰ ਸ਼ਾਮ ਅਨਾਜ ਮੰਡੀ ਸਰਹਿੰਦ ਵਿਖੇ 500 ਡਰੋਨਾਂ ਦੇ ਸ਼ਾਨਦਾਰ ਸ਼ੋਅ ਨੇ ਸੰਗਤਾਂ ਨੂੰ ਗੁਰੂ ਰਵਿਦਾਸ ਜੀ ਦੇ ਜੀਵਨ, ਬਾਣੀ ਤੇ ਫ਼ਲਸਫ਼ੇ ਤੋਂ ਜਾਣੂੰ ਕਰਵਾਇਆ। ਇਸ ਮੌਕੇ ਵਿਧਾਇਕ ਐਡਵੋਕੇਟ ਲਖਬੀਰ ਸਿੰਘ ਰਾਏ, ਜ਼ਿਲ੍ਹਾ ਪੁਲੀਸ ਮੁਖੀ ਸ਼ੁਭਮ ਅਗਰਵਾਲ, ਐਸ ਡੀ ਐਮ ਫਤਿਹਗੜ ਸਾਹਿਬ ਕਰੁਣ ਗੁਪਤਾ ਅਤੇ ਹਲਕਾ ਫ਼ਤਹਿਗੜ੍ਹ ਸਾਹਿਬ ‘ਚੋਂ ਵੱਡੀ ਗਿਣਤੀ ਪੁੱਜੀ ਸੰਗਤ ਨੇ ਇਸ ਦਿਲਕਸ਼ ਡਰੋਨ ਸ਼ੋਅ ਦਾ ਬੜੀ ਸ਼ਰਧਾ ਭਾਵਨਾ ਨਾਲ ਅਨੰਦ ਮਾਣਿਆ।
ਇਸ ਮੌਕੇ ਵਿਧਾਇਕ ਲਖਬੀਰ ਸਿੰਘ ਰਾਏ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਗੁਰੂ ਸਾਹਿਬ ਵੱਲੋਂ ਦਰਸਾਏ ਮਾਰਗ ‘ਤੇ ਚੱਲਕੇ ਸਭ ਵਰਗਾਂ ਦੀ ਭਲਾਈ ਲਈ ਵਚਨਬੱਧ ਹੈ। ਅਨਾਜ ਮੰਡੀ ਸਰਹਿੰਦ ਵਿਖੇ ਅਸਮਾਨ ਵਿੱਚ ਰਾਤ ਦੇ ਹਨੇਰੇ ‘ਚ ਇਕੱਠੇ ਉੱਡਦੇ ਸੈਂਕੜੇ ਡਰੋਨਾਂ ਰਾਹੀਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਜੀਵਨੀ ਅਤੇ ਵਿਚਾਰਧਾਰਾ ਨੂੰ ਦਰਸਾਉਂਦੇ ਦਿਲਕਸ਼ ਦ੍ਰਿਸ਼ ਪੇਸ਼ ਕੀਤੇ ਗਏ। ਸ਼ੋਅ ਦੀ ਪੇਸ਼ਕਾਰੀ ਤੋਂ ਪ੍ਭਾਵਿਤ ਸੰਗਤਾਂ ਨੇ ਪੰਜਾਬ ਸਰਕਾਰ ਦੇ ਉਪਰਾਲੇ ਦੀ ਜਿੱਥੇ ਸ਼ਲਾਘਾ ਕੀਤੀ ਉਥੇ ਮੁੱਖ ਮੰਤਰੀ ਪੰਜਾਬ ਸ੍ਰ. ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ।
ਵਿਧਾਇਕ ਰਾਏ ਨੇ ਕਿਹਾ ਕਿ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੀ ਬਾਣੀ ਅਤੇ ਸਿੱਖਿਆਵਾਂ ਸਮੁੱਚੀ ਮਨੁੱਖਤਾ ਲਈ ਬਰਾਬਰੀ, ਭਾਈਚਾਰੇ, ਮਿਹਨਤ, ਸੱਚੇ ਆਚਰਣ ਅਤੇ ਸਾਂਝੀਵਾਲਤਾ ਦਾ ਮਾਰਗ ਦਰਸਾਉਂਦੀਆਂ ਹਨ। ਉਨ੍ਹਾਂ ਨੇ ਕਿਹਾ ਕਿ ਗੁਰੂ ਰਵਿਦਾਸ ਮਹਾਰਾਜ ਜੀ ਦਾ ਫ਼ਲਸਫ਼ਾ ਕਿਸੇ ਇੱਕ ਵਰਗ ਜਾਂ ਭਾਈਚਾਰੇ ਤੱਕ ਸੀਮਤ ਨਹੀਂ, ਸਗੋਂ ਸਮੁੱਚੀ ਮਨੁੱਖਤਾ ਲਈ ਬਰਾਬਰੀ, ਆਜ਼ਾਦੀ, ਭਾਈਚਾਰੇ ਅਤੇ ਸਾਂਝੀਵਾਲਤਾ ਦਾ ਮਹਾਨ ਸੰਦੇਸ਼ ਹੈ। ਉਨ੍ਹਾਂ ਕਿਹਾ ਕਿ ਗੁਰੂ ਜੀ ਨੇ ਜਾਤ-ਪਾਤ, ਊਚ-ਨੀਚ ਅਤੇ ਸਮਾਜਿਕ ਵਿਤਕਰੇ ਵਿਰੁੱਧ ਆਵਾਜ਼ ਬੁਲੰਦ ਕਰਦਿਆਂ ਇਹ ਸੰਦੇਸ਼ ਦਿੱਤਾ ਕਿ ਮਨੁੱਖ ਦੀ ਮਹਾਨਤਾ ਉਸਦੇ ਜਨਮ ਜਾਂ ਕੁਲ ਵਿੱਚ ਨਹੀਂ, ਸਗੋਂ ਉਸਦੇ ਚੰਗੇ ਕਰਮਾਂ, ਉੱਚੇ ਆਚਰਣ ਅਤੇ ਮਾਨਵਤਾ ਪ੍ਰਤੀ ਸਮਰਪਣ ਵਿੱਚ ਹੈ।
ਉਨ੍ਹਾਂ ਨੇ ਦੱਸਿਆ ਕਿ ਪੰਜਾਬ ਸਰਕਾਰ ਨੇ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇੱਕ ਸਾਲ ਤੱਕ ਚੱਲਣ ਵਾਲੇ ਸਮਾਗਮਾਂ ਲਈ 100 ਕਰੋੜ ਰੁਪਏ ਤੋਂ ਵੱਧ ਦਾ ਬਜਟ ਰੱਖਿਆ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਸਮਾਗਮਾਂ ਦਾ ਮੁੱਖ ਉਦੇਸ਼ ਗੁਰੂ ਸਾਹਿਬ ਦੇ ਮਹਾਨ ਵਿਚਾਰਾਂ ਅਤੇ ਮਨੁੱਖਤਾ ਦੀ ਭਲਾਈ ਲਈ ਦਿੱਤੇ ਸੰਦੇਸ਼ ਨੂੰ ਨਵੀਂ ਪੀੜ੍ਹੀ ਤੱਕ ਆਧੁਨਿਕ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਪਹੁੰਚਾਉਣਾ ਹੈ। ਸਮਾਗਮ ਮੌਕੇ ਢਾਡੀ ਤਰਸੇਮ ਸਿੰਘ ਖੇਤਲਾ ਦੇ ਜਥੇ ਨੇ ਇਤਿਹਾਸ ਤੇ ਢਾਡੀ ਵਾਰਾਂ ਨਾਲ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਚੈਅਰਮੈਨ ਮਾਰਕਿਟ ਕਮੇਟੀ ਸਰਹਿੰਦ ਅਮਰਿੰਦਰ ਸਿੰਘ ਮੰਡੋਫਲ, ਆਸ਼ਾ ਰਾਣੀ ਪ੍ਰਧਾਨ ਨਗਰ ਕੌਂਸਲ ਸਰਹਿੰਦ, ਆਪ ਦੇ ਯੂਥ ਪ੍ਰਧਾਨ ਦਿਲਪ੍ਰੀਤ ਸਿੰਘ ਭੱਟੀ, ਰਾਜਵਿੰਦਰ ਸਿੰਘ ਲਾਡੀ ਸਤਵੀਰ ਸਿੰਘ ਜੱਲ੍ਹਾ ਉੱਪ ਚੇਅਰਮੈਨ ਬਲਾਕ ਸੰਮਤੀ ਸਰਹਿੰਦ, ਬਿਕਰਮ ਸਿੰਘ ਵਿੱਕੀ ਉੱਪ ਚੇਅਰਮੈਨ ਬਲਾਕ ਸੰਮਤੀ ਖੇੜਾ, ਤਰਸੇਮ ਉੱਪਲ ਪ੍ਰਧਾਨ ਆੜ੍ਹਤੀ ਐਸੋਸੀਏਸ਼ਨ ਸਰਹਿੰਦ, ਬਿਕਰਮਜੀਤ ਸਿੰਘ ਸਹੋਤਾ ਮੀਡੀਆ ਇੰਚਾਰਜ ਵਿਧਾਇਕ ਲਖਬੀਰ ਸਿੰਘ ਰਾਏ ਸਮੇਤ ਹੋਰ ਅਧਿਕਾਰੀ ਅਤੇ ਪਤਵੰਤੇ ਹਾਜਰ ਸਨ

Exit mobile version