ਪੰਜਾਬ, 25 ਜੁਲਾਈ, 2026 (ਮਨੋਜ ਵਰਮਾ) : ਮੋਹਾਲੀ ਜ਼ਿਲ੍ਹੇ ਦੇ ਪਿੰਡ ਰਤਵਾੜਾ ਦਾ 43 ਸਾਲਾ ਕਿਸਾਨ ਅਮਨਦੀਪ ਸਿੰਘ ਅੱਜ ਦੇ ਸਮੇਂ ‘ਚ ਉੱਤਮ ਅਤੇ ਕੁਦਰਤੀ ਖੇਤੀ ਦੀ ਬਿਹਤਰੀਨ ਮਿਸਾਲ ਬਣ ਕੇ ਉੱਭਰਿਆ ਹੈ। ਉਸ ਦਾ ਮੰਨਣਾ ਹੈ ਕਿ ਖੇਤੀ ਲਾਹੇਵੰਦ ਤਦ ਹੀ ਹੋ ਸਕਦੀ ਹੈ ਜੇ ਇਹ ਕੁਦਰਤ ਦੇ ਨਾਲ ਤਾਲਮੇਲ ਬਣਾ ਕੇ ਕੀਤੀ ਜਾਵੇ। ਮਹਿਜ਼ 7 ਏਕੜ ਜ਼ਮੀਨ ‘ਤੇ ਅਮਨਦੀਪ ਨੇ ਖੇਤੀਬਾੜੀ, ਪਸ਼ੂ ਪਾਲਣ ਅਤੇ ਵਾਤਾਵਰਣ ਸੰਭਾਲ ਦਾ ਅਜਿਹਾ ਸੁਮੇਲ ਕੀਤਾ ਹੈ ਕਿ ਉਸ ਦਾ ਫ਼ਾਰਮ ਇਕ ਜੀਵੰਤ ਕੁਦਰਤੀ ਚੱਕਰ (Natural Cycle) ਦਾ ਰੂਪ ਧਾਰ ਚੁੱਕਾ ਹੈ।
ਪਸ਼ੂਆਂ ਲਈ ਖ਼ੁਦ ਤਿਆਰ ਕਰਦਾ ਹੈ ਦੇਸੀ ਤੇ ਸੰਤੁਲਿਤ ਖ਼ੁਰਾਕ
ਅਮਨਦੀਪ ਦੇ ਪਰਿਵਾਰ ਕੋਲ 25 ਦੁਧਾਰੂ ਪਸ਼ੂ (19 ਮੱਝਾਂ ਅਤੇ 6 ਗਾਵਾਂ) ਹਨ। ਜਿਸ ਵਿੱਚ ਮੱਕੀ, ਕਣਕ, ਸਰ੍ਹੋਂ ਦੀ ਖਲ, ਤਾਰਾਮੀਰਾ, ਮੇਥੀ, ਅਜਵਾਇਣ, ਸੋਇਆਬੀਨ ਅਤੇ ਵੱਖ-ਵੱਖ ਦਾਲਾਂ ਸ਼ਾਮਲ ਹੁੰਦੀਆਂ ਹਨ। ਗਰਮੀਆਂ ‘ਚ ਜੌਂ ਅਤੇ ਸਰਦੀਆਂ ‘ਚ ਗੰਨਾ ਤੇ ਗੁੜ ਖਵਾਇਆ ਜਾਂਦਾ ਹੈ।
‘ਨੇਚਰ ਬੇਸਡ ਸੌਲਿਊਸ਼ਨਜ਼’ ਤੇ ਪਰਾਲੀ ਪ੍ਰਬੰਧਨ
ਅਮਨਦੀਪ ਨੇ ਕਦੇ ਵੀ ਪਰਾਲੀ ਨੂੰ ਅੱਗ ਨਹੀਂ ਲਗਾਈ। ਮੁਫ਼ਤ ਬਿਜਲੀ ਹੋਣ ਦੇ ਬਾਵਜੂਦ ਉਹ ਬੱਦਲਵਾਈ ਵੇਲੇ ਟਿਊਬਵੈੱਲ ਦੀ ਵਰਤੋਂ ਤੋਂ ਗੁਰੇਜ਼ ਕਰਦਾ ਹੈ ਅਤੇ ਝੋਨੇ ਲਈ ਜ਼ਮੀਨੀ ਪਾਣੀ ਦੀ ਥਾਂ ਮੀਂਹ ਦੇ ਪਾਣੀ ‘ਤੇ ਨਿਰਭਰਤਾ ਰੱਖਦਾ ਹੈ। ਵਿਗਿਆਨ ਤੇ ਤਕਨਾਲੋਜੀ ਵਿਭਾਗ ਦੇ ਸ਼ਬਦਕੋਸ਼ ਅਨੁਸਾਰ ਉਸ ਦੇ ਇਹ ਕਦਮ ‘ਨੇਚਰ ਬੇਸਡ ਸੌਲਿਊਸ਼ਨਜ਼’ (ਕੁਦਰਤ ਅਧਾਰਤ ਹੱਲ) ਦੀ ਸ਼੍ਰੇਣੀ ‘ਚ ਆਉਂਦੇ ਹਨ।
ਬਿਨਾਂ ਰਸਾਇਣਾਂ ਤੋਂ ਸਬਜ਼ੀਆਂ, ਫਲ ਅਤੇ ਨਿਵੇਕਲਾ ਮੰਡੀਕਰਨ
ਪਿਛਲੇ 20 ਸਾਲਾਂ ਤੋਂ ਬਾਸਮਤੀ ਦੀ ਕਾਸ਼ਤ ਕਰਨ ਦੇ ਨਾਲ-ਨਾਲ ਉਹ ਆਲੂ, ਸਾਗ, ਪਾਲਕ ਅਤੇ ਮੇਥੇ ਦੀ ਖੇਤੀ ਕਰਦਾ ਹੈ। ਉਸ ਨੇ ਆਪਣੇ ਫ਼ਾਰਮ ‘ਚ ਅੰਬ, ਅੰਜੀਰ, ਆਲੂ ਬੁਖਾਰਾ, ਲੀਚੀ, ਨਾਸ਼ਪਾਤੀ ਤੇ ਸੇਬ ਦੇ ਪੌਦੇ ਲਗਾ ਕੇ ਛੋਟਾ ਬਾਗ ਵੀ ਤਿਆਰ ਕੀਤਾ ਹੈ।
