ਸਫਾਈ ਅਭਿਆਨ ਦੇ 14ਵੇਂ ਦਿਨ ਵੀ ਨਗਰ ਕੌਂਸਲ ਵੱਲੋਂ ਬਸੀ ਪਠਾਣਾ ਅਤੇ ਸਰਹਿੰਦ ਵਿੱਚ ਚਲਾਈ ਗਈ ਵਿਸ਼ੇਸ਼ ਸਫਾਈ ਮੁਹਿੰਮ
ਬਸੀ ਪਠਾਣਾ/ਫਤਹਿਗੜ੍ਹ ਸਾਹਿਬ, 11 ਸਤੰਬਰ, 2026 (ਛਤਰਪਾਲ ਸਿੰਘ) : ਪੰਜਾਬ ਸਰਕਾਰ ਵੱਲੋਂ ਚਲਾਏ ਜਾ ਰਹੇ ਮਿਸ਼ਨ ਕਲੀਨ ਪੰਜਾਬ ਦੇ 14ਵੇਂ ਦਿਨ ਨਗਰ ਕੌਂਸਲ ਬਸੀ ਪਠਾਣਾ ਵੱਲੋਂ ਰੇਲਵੇ ਰੋਡ ਅਤੇ ਨਗਰ ਕੌਂਸਲ ਸਰਹਿੰਦ ਵੱਲੋਂ ਵਾਰਡ ਨੰ 02 ਅਤੇ 04 ਵਿੱਚ ਸ਼ਹਿਰ ਦੇ ਵੱਖ-ਵੱਖ ਇਲਾਕਿਆਂ ਵਿੱਚ ਵਿਸ਼ੇਸ਼ ਸਫਾਈ ਮੁਹਿੰਮ ਚਲਾਈ ਗਈ। ਸਫਾਈ ਦੌਰਾਨ ਸੜਕਾਂ ਦੇ ਕਿਨਾਰਿਆਂ ’ਤੇ ਪਏ ਕੂੜੇ-ਕਰਕਟ ਅਤੇ ਹੋਰ ਗੰਦਗੀ ਨੂੰ ਹਟਾ ਕੇ ਇਲਾਕੇ ਨੂੰ ਸਾਫ਼-ਸੁਥਰਾ ਬਣਾਇਆ ਗਿਆ।
ਇਸ ਮੌਕੇ ਨਗਰ ਕੌਂਸਲ ਵੱਲੋਂ ਇਲਾਕਾ ਨਿਵਾਸੀਆਂ ਨੂੰ ਆਪਣੇ ਘਰਾਂ ਅਤੇ ਆਲੇ-ਦੁਆਲੇ ਦੇ ਖੇਤਰਾਂ ਵਿੱਚ ਸਫਾਈ ਬਣਾਈ ਰੱਖਣ ਅਤੇ ਗਿੱਲੇ ਤੇ ਸੁੱਕੇ ਕੂੜੇ ਨੂੰ ਵੱਖ-ਵੱਖ ਕਰਨ ਲਈ ਅਲੱਗ-ਅਲੱਗ ਡਸਟਬਿਨਾਂ ਦੀ ਵਰਤੋਂ ਕਰਨ ਸਬੰਧੀ ਵੀ ਜਾਗਰੂਕ ਕੀਤਾ ਗਿਆ। ਉਨ੍ਹਾਂ ਸ਼ਹਿਰ ਵਾਸੀਆਂ ਨੂੰ ਅਪੀਲ ਕੀਤੀ ਗਈ ਕਿ ਉਹ ਕੂੜਾ ਸੜਕਾਂ, ਖਾਲੀ ਥਾਵਾਂ ਜਾਂ ਜਨਤਕ ਸਥਾਨਾਂ ’ਤੇ ਨਾ ਸੁੱਟਣ ਅਤੇ ਨਗਰ ਕੌਂਸਲ ਦੇ ਸਫਾਈ ਕਰਮਚਾਰੀਆਂ ਨੂੰ ਸਹਿਯੋਗ ਦੇਣ।

ਇਸ ਮੌਕੇ ਨਗਰ ਕੌਂਸਲ ਦੇ ਅਧਿਕਾਰੀਆਂ ਵੱਲੋਂ ਕਿਹਾ ਗਿਆ ਕਿ ਸ਼ਹਿਰ ਨੂੰ ਸਾਫ਼-ਸੁਥਰਾ ਅਤੇ ਸੁੰਦਰ ਬਣਾਉਣ ਲਈ ਸਫਾਈ ਮੁਹਿੰਮ ਨੂੰ ਲਗਾਤਾਰ ਜਾਰੀ ਰੱਖਿਆ ਜਾਵੇਗਾ ਅਤੇ ਲੋਕਾਂ ਨੂੰ ਸਵੱਛਤਾ ਪ੍ਰਤੀ ਹੋਰ ਜਾਗਰੂਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਸਾਫ਼-ਸੁਥਰਾ ਸ਼ਹਿਰ ਬਣਾਉਣ ਲਈ ਸਰਕਾਰੀ ਯਤਨਾਂ ਦੇ ਨਾਲ-ਨਾਲ ਲੋਕਾਂ ਦੀ ਸਰਗਰਮ ਭਾਗੀਦਾਰੀ ਵੀ ਬੇਹੱਦ ਜ਼ਰੂਰੀ ਹੈ। ਨਗਰ ਕੌਂਸਲ ਦੇ ਅਧਿਕਾਰੀਆਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਸਫ਼ਾਈ ਨੂੰ ਆਪਣੇ ਰੋਜ਼ਾਨਾ ਜੀਵਨ ਦਾ ਹਿੱਸਾ ਬਣਾਉਣ ਅਤੇ ਸ਼ਹਿਰ ਨੂੰ ਸਾਫ਼, ਸੁੰਦਰ ਤੇ ਸਵੱਛ ਬਣਾਉਣ ਵਿੱਚ ਆਪਣਾ ਯੋਗਦਾਨ ਪਾਉਣ। ਇਸ ਮੌਕੇ ਪਰਵੀਨ ਕੁਮਾਰੀ, ਅਮਰਦੀਪ ਸਿੰਘ, ਰਾਮਪਾਲ ਸਿੰਘ, ਸਮੇਤ ਹੋਰ ਅਧਿਕਾਰੀ ਤੇ ਕਰਮਚਾਰੀ ਹਾਜਰ ਸਨ।







