Home ਪਟਿਆਲਾ ਅਪਡੇਟ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਰਾਤਿਆਂ ਮੌਕੇ ਰੋਜ਼ਾਨਾ ਸਜ ਰਹੀ ਹੈ...

ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਨਰਾਤਿਆਂ ਮੌਕੇ ਰੋਜ਼ਾਨਾ ਸਜ ਰਹੀ ਹੈ ਮਾਤਾ ਦੀ ਚੌਂਕੀ, ਸ਼ਰਧਾਲੂ ਕਰ ਰਹੇ ਹਨ ਗੁਣਗਾਨ

Devotees Gather Daily at Mata Sri Kali Devi Temple for Navratri Chowki and Devotional Hymns

0

ਪਟਿਆਲਾ, 14 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ) : ਪਟਿਆਲਾ ਦੇ ਇਤਿਹਾਸਕ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਵਿਖੇ ਅੱਸੂ ਦੇ ਨਰਾਤਿਆਂ ਦੌਰਾਨ ਮਾਤਾ ਰਾਣੀ ਦੇ ਦਰਸ਼ਨਾਂ ਲਈ ਵੱਡੀ ਗਿਣਤੀ ਵਿੱਚ ਸ਼ਰਧਾਲੂ ਨਤਮਸਤਕ ਹੋ ਰਹੇ ਹਨ। ਅੱਜ ਤੀਜੇ ਨਰਾਤੇ ਮੌਕੇ ਵੀ ਸ਼ਰਧਾਲੂਆਂ ਨੇ ਮਾਤਾ ਦੇ ਦਰਬਾਰ ਵਿੱਚ ਮੱਥਾ ਟੇਕ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਨਰਾਤਿਆਂ ਦੌਰਾਨ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਦੇ ਬਾਹਰ ਮਾਲ ਰੋਡ ਵਿਖੇ ਰੋਜ਼ਾਨਾ ਸ਼ਾਮ 7 ਵਜੇ ਤੋਂ ਰਾਤ 10 ਵਜੇ ਤੱਕ ਮਾਤਾ ਕੀ ਚੌਂਕੀ ਸਜਾਈ ਜਾ ਰਹੀ ਹੈ, ਜਿਸ ਦੌਰਾਨ ਭਜਨਾਂ ਰਾਹੀਂ ਮਾਤਾ ਰਾਣੀ ਦਾ ਗੁਣਗਾਨ ਕੀਤਾ ਜਾਂਦਾ ਹੈ। ਇਸ ਧਾਰਮਿਕ ਆਯੋਜਨ ਦੌਰਾਨ ਸ਼ਰਧਾਲੂ ਭਗਤੀ-ਭਾਵ ਨਾਲ ਭਜਨ ਗਾ ਕੇ ਮਾਤਾ ਰਾਣੀ ਪ੍ਰਤੀ ਆਪਣੀ ਸ਼ਰਧਾ ਦਾ ਪ੍ਰਗਟਾਵਾ ਕਰ ਰਹੇ ਹਨ।

ਇਸ ਮੌਕੇ ਪੀ.ਆਰ.ਟੀ.ਸੀ. ਦੇ ਚੇਅਰਮੈਨ ਐਡਵੋਕੇਟ ਹਰਪਾਲ ਜੁਨੇਜਾ ਸਮੇਤ ਮੰਦਰ ਦੀ ਸਲਾਹਕਾਰ ਪ੍ਰਬੰਧਕੀ ਕਮੇਟੀ ਦੇ ਮੈਂਬਰ ਸੀ.ਏ. ਅਜੇ ਅਲੀਪੁਰੀਆ, ਡਾ. ਰਾਜ ਕੁਮਾਰ ਗੁਪਤਾ ਅਤੇ ਸੰਜੇ ਸਿੰਗਲਾ ਵੀ ਹਾਜ਼ਰ ਸਨ। ਐਡਵੋਕੇਟ ਹਰਪਾਲ ਜੁਨੇਜਾ ਨੇ ਇੱਥੇ ਪਹਿਲੀ ਵਾਰ ਮਾਤਾ ਕੀ ਚੌਂਕੀ ਦੇ ਆਯੋਜਨ ਲਈ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ, ਮੰਦਰ ਦੀ ਸਲਾਹਕਾਰ ਪ੍ਰਬੰਧਕੀ ਕਮੇਟੀ ਅਤੇ ਜ਼ਿਲ੍ਹਾ ਪ੍ਰਸ਼ਾਸਨ ਦਾ ਧੰਨਵਾਦ ਕੀਤਾ। ਉਨ੍ਹਾਂ ਕਿਹਾ ਕਿ ਨਰਾਤੇ ਸ਼ਰਧਾ, ਭਗਤੀ ਅਤੇ ਆਸਥਾ ਦਾ ਪ੍ਰਤੀਕ ਹਨ ਅਤੇ ਮਾਤਾ ਕੀ ਚੌਂਕੀ ਵਰਗੇ ਧਾਰਮਿਕ ਆਯੋਜਨ ਸ਼ਰਧਾਲੂਆਂ ਨੂੰ ਆਪਣੀ ਆਸਥਾ ਨਾਲ ਜੁੜਨ ਦਾ ਸੁੰਦਰ ਮੌਕਾ ਪ੍ਰਦਾਨ ਕਰਦੇ ਹਨ। ਉਨ੍ਹਾਂ ਕਿਹਾ ਕਿ ਮੰਦਰ ਵਿਖੇ ਨਤਮਸਤਕ ਹੋਣ ਆ ਰਹੇ ਸ਼ਰਧਾਲੂਆਂ ਵਿੱਚ ਭਾਰੀ ਉਤਸ਼ਾਹ ਹੈ ਅਤੇ ਭਜਨਾਂ ਰਾਹੀਂ ਮਾਤਾ ਰਾਣੀ ਦਾ ਗੁਣਗਾਨ ਕਰਨ ਨਾਲ ਸਮੁੱਚਾ ਮਾਹੌਲ ਭਗਤੀਮਈ ਹੋ ਜਾਂਦਾ ਹੈ।

ਉਨ੍ਹਾਂ ਦੱਸਿਆ ਕਿ ਸ਼ਰਧਾਲੂਆਂ ਦੀ ਸਹੂਲਤ ਲਈ ਮੰਦਰ ਕੰਪਲੈਕਸ ਵਿੱਚ ਲੰਗਰ ਦੇ ਵੀ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਨਵੇਂ ਬਣੇ ਲੰਗਰ ਹਾਲ ਵਿੱਚ ਸੰਗਤ ਆਰਾਮ ਨਾਲ ਬੈਠ ਕੇ ਲੰਗਰ-ਪ੍ਰਸ਼ਾਦ ਗ੍ਰਹਿਣ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਅਜਿਹੇ ਪ੍ਰਬੰਧਾਂ ਨਾਲ ਦੂਰ-ਦੁਰਾਡੇ ਤੋਂ ਆਉਣ ਵਾਲੇ ਸ਼ਰਧਾਲੂਆਂ ਨੂੰ ਸਹੂਲਤ ਮਿਲ ਰਹੀ ਹੈ। ਐਡਵੋਕੇਟ ਜੁਨੇਜਾ ਨੇ ਕਿਹਾ ਕਿ ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਮਾਤਾ ਸ੍ਰੀ ਕਾਲੀ ਦੇਵੀ ਮੰਦਰ ਦੇ ਪੁਨਰ-ਨਿਰਮਾਣ ਅਤੇ ਸੁੰਦਰੀਕਰਨ ਲਈ ਲਗਭਗ 85 ਕਰੋੜ ਰੁਪਏ ਖ਼ਰਚ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਮੰਦਰ ਦੇ ਵਿਕਾਸ ਅਤੇ ਸ਼ਰਧਾਲੂਆਂ ਦੀਆਂ ਸਹੂਲਤਾਂ ਵਿੱਚ ਕੀਤੇ ਗਏ ਸੁਧਾਰਾਂ ਨਾਲ ਇਸ ਇਤਿਹਾਸਕ ਧਾਰਮਿਕ ਅਸਥਾਨ ਦੀ ਮਹੱਤਤਾ ਹੋਰ ਉਜਾਗਰ ਹੋਈ ਹੈ। ਉਨ੍ਹਾਂ ਕਿਹਾ ਕਿ ਮਾਤਾ ਰਾਣੀ ਦੇ ਦਰਸ਼ਨਾਂ ਲਈ ਆਉਣ ਵਾਲੇ ਸ਼ਰਧਾਲੂਆਂ ਨੂੰ ਸੁਚੱਜੀਆਂ ਸਹੂਲਤਾਂ ਮੁਹੱਈਆ ਕਰਵਾਉਣਾ ਅਹਿਮ ਹੈ, ਤਾਂ ਜੋ ਉਹ ਸ਼ਰਧਾ ਅਤੇ ਸ਼ਾਂਤੀ ਨਾਲ ਮੱਥਾ ਟੇਕ ਸਕਣ।

Exit mobile version