2026-27 ਵਿੱਚ 430 ਰੁਪਏ ਅਤੇ 2027-28 ਵਿੱਚ 450 ਰੁਪਏ ਪ੍ਰਤੀ ਕੁਇੰਟਲ ਮਿਲੇਗਾ ਗੰਨੇ ਦਾ ਭਾਅ
ਚੰਡੀਗੜ੍ਹ, 30 ਅਕਤੂਬਰ, 2026 (ਸੰਜੀਵ ਸ਼ਰਮਾ): ਹਰਿਆਣਾ ਸਰਕਾਰ ਨੇ ਗੰਨਾ ਉਤਪਾਦਕ ਕਿਸਾਨਾਂ ਨੂੰ ਵੱਡੀ ਰਾਹਤ ਦਿੰਦਿਆਂ ਅਗਲੇ ਦੋ ਸਾਲਾਂ ਲਈ ਗੰਨੇ ਦੇ ਭਾਅ ਵਿੱਚ ਵਾਧੇ ਦਾ ਐਲਾਨ ਕੀਤਾ ਹੈ। ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਗੰਨੇ ਦੀ ਕੀਮਤ ਵਿੱਚ ਕੁੱਲ 35 ਰੁਪਏ ਪ੍ਰਤੀ ਕੁਇੰਟਲ ਵਾਧਾ ਕਰਨ ਦਾ ਫੈਸਲਾ ਕੀਤਾ ਹੈ। ਨਵੀਆਂ ਦਰਾਂ ਅਨੁਸਾਰ ਕਿਸਾਨਾਂ ਨੂੰ 2026-27 ਦੇ ਸੀਜ਼ਨ ਦੌਰਾਨ 430 ਰੁਪਏ ਪ੍ਰਤੀ ਕੁਇੰਟਲ ਅਤੇ 2027-28 ਵਿੱਚ 450 ਰੁਪਏ ਪ੍ਰਤੀ ਕੁਇੰਟਲ ਭਾਅ ਮਿਲੇਗਾ। ਮੁੱਖ ਮੰਤਰੀ ਨੇ ਦੱਸਿਆ ਕਿ ਸਾਲ 2025-26 ਦੇ ਸੀਜ਼ਨ ਦੌਰਾਨ ਗੰਨੇ ਦਾ ਭਾਅ 415 ਰੁਪਏ ਪ੍ਰਤੀ ਕੁਇੰਟਲ ਸੀ। ਇਸ ਵਿੱਚ 2026-27 ਲਈ 15 ਰੁਪਏ ਦਾ ਵਾਧਾ ਕਰਕੇ 430 ਰੁਪਏ ਕੀਤਾ ਜਾਵੇਗਾ, ਜਦਕਿ 2027-28 ਵਿੱਚ ਹੋਰ 20 ਰੁਪਏ ਵਧਾ ਕੇ ਇਹ 450 ਰੁਪਏ ਪ੍ਰਤੀ ਕੁਇੰਟਲ ਹੋ ਜਾਵੇਗਾ। ਨਾਇਬ ਸਿੰਘ ਸੈਣੀ ਅਨੁਸਾਰ ਗੰਨੇ ਦੀ ਔਸਤ ਪੈਦਾਵਾਰ 700 ਤੋਂ 800 ਕੁਇੰਟਲ ਪ੍ਰਤੀ ਹੈਕਟੇਅਰ ਹੁੰਦੀ ਹੈ, ਜੋ ਪ੍ਰਤੀ ਏਕੜ ਲਗਭਗ 283 ਤੋਂ 324 ਕੁਇੰਟਲ ਬਣਦੀ ਹੈ। ਇਸ ਹਿਸਾਬ ਨਾਲ 2025-26 ਦੇ ਮੁਕਾਬਲੇ 2027-28 ਤੱਕ ਕੀਤੇ ਗਏ ਕੁੱਲ ਵਾਧੇ ਨਾਲ ਕਿਸਾਨਾਂ ਨੂੰ ਪ੍ਰਤੀ ਏਕੜ ਪ੍ਰਤੀ ਸੀਜ਼ਨ ਲਗਭਗ 10 ਹਜ਼ਾਰ ਤੋਂ 11,300 ਰੁਪਏ ਤੱਕ ਵਾਧੂ ਆਮਦਨ ਹੋਣ ਦੀ ਉਮੀਦ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਹਾਲ ਹੀ ਵਿੱਚ ਵੱਖ-ਵੱਖ ਕਿਸਾਨ ਜਥੇਬੰਦੀਆਂ ਨਾਲ ਹੋਈਆਂ ਮੀਟਿੰਗਾਂ ਦੌਰਾਨ ਕਿਸਾਨਾਂ ਨੇ ਡੀਜ਼ਲ, ਮਜ਼ਦੂਰੀ ਅਤੇ ਖਾਦਾਂ ਦੀਆਂ ਵਧਦੀਆਂ ਕੀਮਤਾਂ ਕਾਰਨ ਖੇਤੀ ਲਾਗਤ ਵਿੱਚ ਹੋ ਰਹੇ ਵਾਧੇ ਦਾ ਮੁੱਦਾ ਉਠਾਇਆ ਸੀ। ਇਸ ਨੂੰ ਧਿਆਨ ਵਿੱਚ ਰੱਖਦਿਆਂ ਗੰਨੇ ਦਾ ਭਾਅ 450 ਰੁਪਏ ਪ੍ਰਤੀ ਕੁਇੰਟਲ ਕਰਨ ਦਾ ਫੈਸਲਾ ਲਿਆ ਗਿਆ ਹੈ, ਤਾਂ ਜੋ ਕਿਸਾਨਾਂ ਨੂੰ ਵਧ ਰਹੇ ਖੇਤੀ ਖਰਚਿਆਂ ਦਾ ਬੋਝ ਘਟਾਉਣ ਵਿੱਚ ਮਦਦ ਮਿਲ ਸਕੇ। ਉਨ੍ਹਾਂ ਕਿਹਾ ਕਿ ਗੰਨੇ ਦੇ ਭਾਅ ਵਿੱਚ ਵਾਧੇ ਨਾਲ ਕਿਸਾਨਾਂ ਨੂੰ ਇਸ ਫ਼ਸਲ ਦੀ ਕਾਸ਼ਤ ਜਾਰੀ ਰੱਖਣ ਲਈ ਉਤਸ਼ਾਹ ਮਿਲੇਗਾ। ਇਸ ਨਾਲ ਗੰਨੇ ਦੇ ਉਤਪਾਦਨ ਵਿੱਚ ਵਾਧਾ ਹੋਣ ਦੇ ਨਾਲ-ਨਾਲ ਖੰਡ ਮਿੱਲਾਂ ਨੂੰ ਵੀ ਲੋੜੀਂਦਾ ਗੰਨਾ ਉਪਲਬਧ ਹੋਵੇਗਾ ਅਤੇ ਮਿੱਲਾਂ ਆਪਣੀ ਪੂਰੀ ਸਮਰੱਥਾ ਨਾਲ ਕੰਮ ਕਰ ਸਕਣਗੀਆਂ। ਮੁੱਖ ਮੰਤਰੀ ਨੇ ਇਹ ਵੀ ਕਿਹਾ ਕਿ ਅਗਲੇ ਦੋ ਸੀਜ਼ਨਾਂ ਲਈ ਗੰਨੇ ਦੇ ਭਾਅ ਪਹਿਲਾਂ ਹੀ ਐਲਾਨਣ ਨਾਲ ਕਿਸਾਨਾਂ ਨੂੰ ਆਪਣੀਆਂ ਖੇਤੀ ਯੋਜਨਾਵਾਂ ਬਣਾਉਣ ਵਿੱਚ ਸਹੂਲਤ ਮਿਲੇਗੀ। ਉਨ੍ਹਾਂ ਮੁਤਾਬਕ ਦੇਸ਼ ਵਿੱਚ ਗੰਨੇ ਦੀ ਘਾਟ ਦੇ ਮੱਦੇਨਜ਼ਰ ਇਹ ਫੈਸਲਾ ਕਿਸਾਨਾਂ ਨੂੰ ਹੋਰ ਫ਼ਸਲਾਂ ਵੱਲ ਜਾਣ ਦੀ ਬਜਾਏ ਗੰਨੇ ਦੀ ਖੇਤੀ ਜਾਰੀ ਰੱਖਣ ਲਈ ਵੀ ਉਤਸ਼ਾਹਿਤ ਕਰੇਗਾ।
