Home ਦੇਸ਼ ਰਿਲਾਇੰਸ ਫਾਊਂਡੇਸ਼ਨ ਅਤੇ ਐਸਟੀ ਲਾਡਰ ਫਾਊਂਡੇਸ਼ਨ ਦੀ ਸਾਂਝੀ ਪਹਿਲ, ਦੇਸ਼ ਭਰ ਦੀਆਂ...

ਰਿਲਾਇੰਸ ਫਾਊਂਡੇਸ਼ਨ ਅਤੇ ਐਸਟੀ ਲਾਡਰ ਫਾਊਂਡੇਸ਼ਨ ਦੀ ਸਾਂਝੀ ਪਹਿਲ, ਦੇਸ਼ ਭਰ ਦੀਆਂ 10 ਲੱਖ ਕੁੜੀਆਂ ਤੇ ਨੌਜਵਾਨ ਮਹਿਲਾਵਾਂ ਨੂੰ ਬਣਾਇਆ ਜਾਵੇਗਾ ਸਸ਼ਕਤ

Reliance Foundation and Estée Lauder Partner to Empower 1 Million Girls in India

0

ਮੁੰਬਈ, 14 ਅਕਤੂਬਰ, 2026 (ਚੌਧਰੀ ਪ੍ਰਭਜੀਤ ਸਿੰਘ): ਰਿਲਾਇੰਸ ਫਾਊਂਡੇਸ਼ਨ ਅਤੇ ਦ ਐਸਟੀ ਲਾਡਰ ਕੰਪਨੀਜ਼ ਚੈਰੀਟੇਬਲ ਫਾਊਂਡੇਸ਼ਨ ਨੇ ਭਾਰਤ ਵਿੱਚ 10 ਲੱਖ ਕੁੜੀਆਂ ਅਤੇ ਨੌਜਵਾਨ ਮਹਿਲਾਵਾਂ ਨੂੰ ਸਸ਼ਕਤ ਬਣਾਉਣ ਦੇ ਉਦੇਸ਼ ਨਾਲ ਬਹੁ-ਸਾਲਾ ਸਾਂਝੇਦਾਰੀ ਦਾ ਐਲਾਨ ਕੀਤਾ ਹੈ। ਇਸ ਪਹਿਲ ਦਾ ਮੁੱਖ ਉਦੇਸ਼ 14 ਤੋਂ 20 ਸਾਲ ਦੀ ਉਮਰ ਦੀਆਂ ਕੁੜੀਆਂ ਵਿੱਚ ਆਤਮ-ਵਿਸ਼ਵਾਸ, ਫੈਸਲੇ ਲੈਣ ਦੀ ਸਮਰੱਥਾ ਅਤੇ ਭਵਿੱਖ ਲਈ ਲੋੜੀਂਦੇ ਹੁਨਰ ਵਿਕਸਿਤ ਕਰਨਾ ਹੈ। ਇਹ ਪ੍ਰੋਗਰਾਮ ਸ਼ੁਰੂਆਤੀ ਪੜਾਅ ਵਿੱਚ ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਵਿੱਚ ਲਾਗੂ ਕੀਤਾ ਜਾਵੇਗਾ, ਜਿਸ ਨੂੰ ਬਾਅਦ ਵਿੱਚ ਦੇਸ਼ ਦੇ ਹੋਰ ਹਿੱਸਿਆਂ ਤੱਕ ਵਧਾਉਣ ਦੀ ਯੋਜਨਾ ਹੈ। ਇਸ ਤਹਿਤ ਪੇਂਡੂ ਅਤੇ ਸ਼ਹਿਰੀ ਖੇਤਰਾਂ ਦੀਆਂ ਕੁੜੀਆਂ ਨੂੰ ਜੀਵਨ ਹੁਨਰ, ਡਿਜੀਟਲ ਅਤੇ ਵਿੱਤੀ ਸਾਖਰਤਾ, ਸਿੱਖਿਆ, ਹੁਨਰ ਸਿਖਲਾਈ, ਰੁਜ਼ਗਾਰ ਅਤੇ ਉੱਦਮਤਾ ਨਾਲ ਜੁੜੇ ਮੌਕਿਆਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਰਿਲਾਇੰਸ ਫਾਊਂਡੇਸ਼ਨ ਦੀ ਡਾਇਰੈਕਟਰ ਈਸ਼ਾ ਅੰਬਾਨੀ ਨੇ ਕਿਹਾ ਕਿ ਹਰ ਕੁੜੀ ਨੂੰ ਵੱਡੇ ਸੁਪਨੇ ਦੇਖਣ, ਅਗਵਾਈ ਕਰਨ ਅਤੇ ਆਪਣੇ ਟੀਚੇ ਪੂਰੇ ਕਰਨ ਦੇ ਮੌਕੇ ਮਿਲਣੇ ਚਾਹੀਦੇ ਹਨ। ਐਸਟੀ ਲਾਡਰ ਕੰਪਨੀਜ਼ ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਸਟੇਫਾਨ ਡੀ ਲਾ ਫਾਵਰੀ ਨੇ ਵੀ ਕਿਹਾ ਕਿ ਇਹ ਸਾਂਝੇਦਾਰੀ ਕੁੜੀਆਂ ਨੂੰ ਆਧੁਨਿਕ ਕਾਰਜ-ਖੇਤਰ ਵਿੱਚ ਹਿੱਸਾ ਲੈਣ ਅਤੇ ਅੱਗੇ ਵਧਣ ਲਈ ਲੋੜੀਂਦੇ ਹੁਨਰ ਪ੍ਰਦਾਨ ਕਰਨ ਵਿੱਚ ਮਦਦ ਕਰੇਗੀ।

ਦੋ ਸਾਲਾਂ ਦੇ ਇਸ ਪ੍ਰੋਗਰਾਮ ਤਹਿਤ ਸਿੱਧੀ ਅਤੇ ਡਿਜੀਟਲ ਸਿਖਲਾਈ ਦਿੱਤੀ ਜਾਵੇਗੀ। ਇਸ ਦੇ ਪਾਠਕ੍ਰਮ ਅਤੇ ਸਿੱਖਣ ਸਮੱਗਰੀ ਦੇ ਵਿਕਾਸ ਵਿੱਚ ਗੈਰ-ਮੁਨਾਫ਼ਾ ਸੰਸਥਾ ਗਰਲ ਇਫੈਕਟ (Girl Effect) ਵੀ ਸਹਿਯੋਗ ਕਰੇਗੀ। ਪਹਿਲ ਵਿੱਚ ਆਤਮ-ਵਿਸ਼ਵਾਸ, ਲੀਡਰਸ਼ਿਪ, ਸੁਰੱਖਿਅਤ ਡਿਜੀਟਲ ਵਰਤੋਂ, ਵਿੱਤੀ ਜਾਣਕਾਰੀ ਅਤੇ ਸਿੱਖਿਆ ਤੇ ਰੁਜ਼ਗਾਰ ਸਬੰਧੀ ਸੂਝ-ਬੂਝ ਨਾਲ ਫੈਸਲੇ ਲੈਣ ’ਤੇ ਜ਼ੋਰ ਦਿੱਤਾ ਜਾਵੇਗਾ। ਰਿਲਾਇੰਸ ਫਾਊਂਡੇਸ਼ਨ ਅਨੁਸਾਰ, ਸੰਸਥਾ ਸਾਲ 2010 ਤੋਂ ਮਹਿਲਾਵਾਂ ਅਤੇ ਕੁੜੀਆਂ ਲਈ ਸਿੱਖਿਆ, ਖੇਡਾਂ ਅਤੇ ਰੋਜ਼ੀ-ਰੋਟੀ ਦੇ ਮੌਕਿਆਂ ਨੂੰ ਉਤਸ਼ਾਹਿਤ ਕਰਨ ਵਾਲੀਆਂ ਪਹਿਲਕਦਮੀਆਂ ਕਰ ਰਹੀ ਹੈ। ਦੂਜੇ ਪਾਸੇ, ਐਸਟੀ ਲਾਡਰ ਕੰਪਨੀਜ਼ ਅਤੇ ਇਸ ਦੀ ਚੈਰੀਟੇਬਲ ਫਾਊਂਡੇਸ਼ਨ ਵੀ ਭਾਰਤ ਵਿੱਚ ਦੋ ਦਹਾਕਿਆਂ ਤੋਂ ਵੱਧ ਸਮੇਂ ਤੋਂ ਸਿਹਤ, ਸਿੱਖਿਆ ਅਤੇ ਉੱਦਮਤਾ ਦੇ ਖੇਤਰਾਂ ਵਿੱਚ ਮਹਿਲਾਵਾਂ ਤੇ ਕੁੜੀਆਂ ਨਾਲ ਕੰਮ ਕਰ ਰਹੀਆਂ ਹਨ।

 

Exit mobile version