ਪਟਿਆਲਾ/ਰਾਏਪੁਰ ਮੰਡਲਾ, 3 ਸਤੰਬਰ 2026 (ਅਨਿਲ ਕੁਮਾਰ): ਬੇਸਹਾਰਾ, ਅਨਾਥ ਅਤੇ ਮਾਨਸਿਕ ਤੌਰ ’ਤੇ ਗੰਭੀਰ ਬਿਮਾਰ ਲੋਕਾਂ ਦੀ ਸੇਵਾ ਅਤੇ ਸੰਭਾਲ ਲਈ ਜਨਹਿਤ ਸਮਿਤੀ ਅਤੇ ਅਪਣਾ ਘਰ ਆਸ਼ਰਮ, ਭਰਤਪੁਰ (ਰਾਜਸਥਾਨ) ਵੱਲੋਂ ਸਾਂਝਾ ਉਪਰਾਲਾ ਕੀਤਾ ਜਾ ਰਿਹਾ ਹੈ। ਇਸ ਤਹਿਤ ਪਿੰਡ ਰਾਏਪੁਰ ਮੰਡਲਾ ਸਥਿਤ ਜਨਹਿਤ ਸਮਿਤੀ ਭਵਨ ਵਿੱਚ ‘ਜਨਹਿਤ ਪੇਸ਼ੈਂਟ ਹੈਲਥ ਕੇਅਰ ਸੈਂਟਰ’ ਅਤੇ ‘ਬਿਰਧ ਆਸ਼ਰਮ’ ਸਥਾਪਿਤ ਕਰਨ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਜਨਹਿਤ ਸਮਿਤੀ ਦੇ ਪ੍ਰਧਾਨ ਸ੍ਰੀ ਐਸ.ਕੇ. ਗੌਤਮ ਦੀ ਅਗਵਾਈ ਹੇਠ ਜਨਰਲ ਸਕੱਤਰ ਸ੍ਰੀ ਵਿਨੋਦ ਕੁਮਾਰ ਸ਼ਰਮਾ, ਅੰਤਰਰਾਸ਼ਟਰੀ ਲੇਖਕ ਅਤੇ ਸਿੱਖਿਆ ਸ਼ਾਸਤਰੀ ਸ੍ਰੀ ਅਨਿਲ ਕੁਮਾਰ ਭਾਰਤੀ, ਮੈਨੇਜਰ ਸ੍ਰੀ ਸਤੀਸ਼ ਚੰਦਰ ਜੋਸ਼ੀ ਅਤੇ ਸੇਵਾਮੁਕਤ ਐੱਸ.ਡੀ.ਓ. ਸ੍ਰੀ ਰਣਜੀਤ ਸਿੰਘ ਵੱਲੋਂ ਇਸ ਪ੍ਰੋਜੈਕਟ ਲਈ ਸਹਿਯੋਗ ਅਤੇ ਮਾਰਗਦਰਸ਼ਨ ਦਿੱਤਾ ਜਾ ਰਿਹਾ ਹੈ। ਸਮਿਤੀ ਦੇ ਅਹੁਦੇਦਾਰਾਂ ਨੇ ਦੱਸਿਆ ਕਿ ਪ੍ਰਸਤਾਵਿਤ ਸਿਹਤ ਕੇਅਰ ਸੈਂਟਰ ਅਤੇ ਬਿਰਧ ਆਸ਼ਰਮ ਦੀ ਰੂਪਰੇਖਾ ਤਿਆਰ ਕਰ ਲਈ ਗਈ ਹੈ। ਇਸ ਕੇਂਦਰ ਦਾ ਮੁੱਖ ਉਦੇਸ਼ ਸਮਾਜ ਦੇ ਉਨ੍ਹਾਂ ਲੋਕਾਂ ਨੂੰ ਸਹਾਰਾ ਦੇਣਾ ਹੈ, ਜੋ ਬੇਸਹਾਰਾ ਹਨ ਜਾਂ ਜਿਨ੍ਹਾਂ ਨੂੰ ਇਲਾਜ, ਦੇਖਭਾਲ ਅਤੇ ਰਹਿਣ ਲਈ ਸੁਰੱਖਿਅਤ ਥਾਂ ਦੀ ਲੋੜ ਹੈ। ਉਨ੍ਹਾਂ ਆਸ ਪ੍ਰਗਟਾਈ ਕਿ ਇਹ ਕੇਂਦਰ ਲੋੜਵੰਦ ਬਜ਼ੁਰਗਾਂ ਅਤੇ ਮਾਨਸਿਕ ਤੌਰ ’ਤੇ ਅਸਵਸਥ ਵਿਅਕਤੀਆਂ ਲਈ ਵੱਡੀ ਸਹਾਇਤਾ ਸਾਬਤ ਹੋਵੇਗਾ। ਅਪਣਾ ਘਰ ਆਸ਼ਰਮ, ਭਰਤਪੁਰ ਦੀ ਟੀਮ ਵੱਲੋਂ ਜਨਹਿਤ ਸਮਿਤੀ ਭਵਨ ਦੀ ਵਿਸਥਾਰ ਨਾਲ ਜਾਂਚ ਕੀਤੀ ਗਈ। ਟੀਮ ਨੇ ਇਮਾਰਤ ਦੀ ਬਣਤਰ ਅਤੇ ਉਪਲਬਧ ਸਹੂਲਤਾਂ ਦਾ ਜਾਇਜ਼ਾ ਲੈਂਦਿਆਂ ਇਸ ਨੂੰ ਸੇਵਾ ਕਾਰਜ ਲਈ ਢੁਕਵਾਂ ਦੱਸਿਆ। ਟੀਮ ਵੱਲੋਂ ਕੇਂਦਰ ਦੀ ਸ਼ੁਰੂਆਤ ਲਈ ਮਾਰਗਦਰਸ਼ਨ ਦੇਣ ਦੇ ਨਾਲ-ਨਾਲ ਹਰ ਸੰਭਵ ਸਹਿਯੋਗ ਦਾ ਭਰੋਸਾ ਵੀ ਦਿੱਤਾ ਗਿਆ। ਅਪਣਾ ਘਰ ਆਸ਼ਰਮ ਦੇ ਨੁਮਾਇੰਦਿਆਂ ਨੇ ਦੱਸਿਆ ਕਿ ਭਰਤਪੁਰ ਸਥਿਤ ਹੈੱਡਕੁਆਰਟਰ ਵੱਲੋਂ ਕੇਂਦਰ ਨੂੰ ਸ਼ੁਰੂ ਕਰਨ ਲਈ ਲੋੜੀਂਦੀ ਤਕਨੀਕੀ ਸਹਾਇਤਾ ਮੁਹੱਈਆ ਕਰਵਾਈ ਜਾਵੇਗੀ। ਇਸ ਤੋਂ ਇਲਾਵਾ ਸੇਵਾ ਕਾਰਜ ਨਾਲ ਜੁੜਨ ਵਾਲੇ ਸੇਵਾਦਾਰਾਂ ਨੂੰ ਵਿਸ਼ੇਸ਼ ਸਿਖਲਾਈ ਵੀ ਦਿੱਤੀ ਜਾਵੇਗੀ, ਤਾਂ ਜੋ ਉਹ ਲੋੜਵੰਦ ਅਤੇ ਪੀੜਤ ਲੋਕਾਂ ਦੀ ਵਧੇਰੇ ਕੁਸ਼ਲਤਾ ਅਤੇ ਸੰਵੇਦਨਸ਼ੀਲਤਾ ਨਾਲ ਸੇਵਾ ਕਰ ਸਕਣ। ਜਨਹਿਤ ਸਮਿਤੀ ਅਤੇ ਅਪਣਾ ਘਰ ਆਸ਼ਰਮ ਦੇ ਇਸ ਸਾਂਝੇ ਉਪਰਾਲੇ ਨੂੰ ਸਮਾਜ ਸੇਵਾ ਦੇ ਖੇਤਰ ਵਿੱਚ ਇੱਕ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ। ਸੰਸਥਾਵਾਂ ਨੂੰ ਉਮੀਦ ਹੈ ਕਿ ਆਉਣ ਵਾਲੇ ਸਮੇਂ ਵਿੱਚ ਰਾਏਪੁਰ ਮੰਡਲਾ ਸਥਿਤ ਇਹ ਕੇਂਦਰ ਬੇਸਹਾਰਾ ਅਤੇ ਲੋੜਵੰਦ ਲੋਕਾਂ ਲਈ ਆਸ ਦੀ ਨਵੀਂ ਕਿਰਨ ਬਣੇਗਾ।
