2013 ਵਿੱਚ ਲਾਵਾਰਿਸ ਹਾਲਤ ਵਿੱਚ ਮਿਲੀ ਸੀ ਪਿੰਕੀ, 10 ਅਗਸਤ ਤੱਕ ਪਰਿਵਾਰ ਜਾਂ ਸਰਪ੍ਰਸਤ ਬਾਰੇ ਜਾਣਕਾਰੀ ਦੇਣ ਦੀ ਅਪੀਲ
ਪਟਿਆਲਾ/ਪੰਜਾਬ, 14 ਜੁਲਾਈ: (ਸ਼ਹੀਦ—ਏ—ਆਜ਼ਮ ਬਿਓਰੋ) : ਕਈ ਸਾਲਾਂ ਤੋਂ ਆਪਣੇ ਪਰਿਵਾਰ ਦੀ ਉਡੀਕ ਕਰ ਰਹੀ ਇੱਕ ਨਾਬਾਲਗ ਬੱਚੀ ਨੂੰ ਉਸ ਦੇ ਪਰਿਵਾਰ ਨਾਲ ਮਿਲਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਤੋਂ ਸਹਿਯੋਗ ਦੀ ਅਪੀਲ ਕੀਤੀ ਹੈ। ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਵੱਲੋਂ ਇਸ ਸਬੰਧੀ ਜਨਤਕ ਸੂਚਨਾ ਜਾਰੀ ਕਰਦਿਆਂ ਬੱਚੀ ਦੇ ਪਰਿਵਾਰ ਜਾਂ ਸਰਪ੍ਰਸਤ ਦਾ ਪਤਾ ਲਗਾਉਣ ਲਈ ਲੋਕਾਂ ਕੋਲੋਂ ਜਾਣਕਾਰੀ ਮੰਗੀ ਗਈ ਹੈ।
ਪ੍ਰਸ਼ਾਸਨ ਅਨੁਸਾਰ ਪਿੰਕੀ ਨਾਮ ਦੀ ਇਹ ਬੱਚੀ, ਜਿਸ ਦੀ ਮੌਜੂਦਾ ਉਮਰ ਕਰੀਬ 15 ਸਾਲ ਹੈ, ਸਾਲ 2013 ਵਿੱਚ ਲੁਧਿਆਣਾ ਜ਼ਿਲ੍ਹੇ ਦੇ ਪਿੰਡ ਮਾਛੀਵਾੜਾ ਮੰਡ ਨੇੜੇ ਲਾਵਾਰਿਸ ਹਾਲਤ ਵਿੱਚ ਮਿਲੀ ਸੀ। ਇਸ ਤੋਂ ਬਾਅਦ 2 ਜੂਨ 2013 ਨੂੰ ਉਸ ਨੂੰ ਆਲ ਇੰਡੀਆ ਪਿੰਗਲਾ ਆਸ਼ਰਮ ਵਿੱਚ ਦਾਖ਼ਲ ਕਰਵਾਇਆ ਗਿਆ। ਬਾਅਦ ਵਿੱਚ ਬਾਲ ਭਲਾਈ ਕਮੇਟੀ, ਪਟਿਆਲਾ ਦੇ ਹੁਕਮਾਂ ਅਨੁਸਾਰ 6 ਅਕਤੂਬਰ 2018 ਤੋਂ ਉਹ ਬਾਲ ਘਰ ਵਿੱਚ ਰਹਿ ਰਹੀ ਹੈ।
ਅਧਿਕਾਰੀਆਂ ਨੇ ਦੱਸਿਆ ਕਿ ਲੰਮੇ ਸਮੇਂ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਅਜੇ ਤੱਕ ਬੱਚੀ ਦੇ ਪਰਿਵਾਰ ਜਾਂ ਕਿਸੇ ਸਰਪ੍ਰਸਤ ਦਾ ਕੋਈ ਪਤਾ ਨਹੀਂ ਲੱਗ ਸਕਿਆ। ਇਸ ਲਈ ਜੇਕਰ ਕਿਸੇ ਵਿਅਕਤੀ ਨੂੰ ਬੱਚੀ ਜਾਂ ਉਸ ਦੇ ਪਰਿਵਾਰ ਬਾਰੇ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ 10 ਅਗਸਤ 2026 ਤੱਕ ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ, ਪਟਿਆਲਾ ਦੇ ਦਫ਼ਤਰ ਨਾਲ ਸੰਪਰਕ ਕਰ ਸਕਦਾ ਹੈ।
ਜ਼ਿਲ੍ਹਾ ਪ੍ਰਸ਼ਾਸਨ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕਿਸੇ ਨੂੰ ਇਸ ਬੱਚੀ ਦੀ ਪਛਾਣ ਜਾਂ ਉਸ ਦੇ ਪਰਿਵਾਰ ਸਬੰਧੀ ਕੋਈ ਵੀ ਜਾਣਕਾਰੀ ਹੋਵੇ ਤਾਂ ਉਹ ਅੱਗੇ ਆ ਕੇ ਇਸ ਬੱਚੀ ਨੂੰ ਉਸ ਦੇ ਆਪਣੇ ਪਰਿਵਾਰ ਨਾਲ ਮਿਲਾਉਣ ਵਿੱਚ ਮਦਦ ਕਰਨ। ਪ੍ਰਸ਼ਾਸਨ ਦਾ ਕਹਿਣਾ ਹੈ ਕਿ ਤੁਹਾਡੀ ਇੱਕ ਸਹੀ ਜਾਣਕਾਰੀ ਕਿਸੇ ਬੱਚੀ ਨੂੰ ਉਸ ਦਾ ਪਰਿਵਾਰ ਵਾਪਸ ਦਿਵਾ ਸਕਦੀ ਹੈ।








