650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਦੀ ਵਿਸ਼ੇਸ਼ ਮੁਹਿੰਮ ਤਹਿਤ ਪਿੰਡਾਂ ਵਿੱਚ ਲੋਕਾਂ ਨੇ ਉਤਸ਼ਾਹ ਨਾਲ ਦੇਖੀ ਡਾਕੂਮੈਂਟਰੀ, ਨੌਜਵਾਨਾਂ ਨੂੰ ਗੁਰੂ ਸਾਹਿਬ ਦੀਆਂ ਸਿੱਖਿਆਵਾਂ ਨਾਲ ਜੋੜਨ ‘ਤੇ ਦਿੱਤਾ ਜ਼ੋਰ
ਧੂਰੀ, 9 ਜੁਲਾਈ: (ਮਨੋਜ ਵਰਮਾ) ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਵਿਸ਼ੇਸ਼ ਜਾਗਰੂਕਤਾ ਮੁਹਿੰਮ ਤਹਿਤ ਧੂਰੀ ਹਲਕੇ ਦੇ ਪਿੰਡ ਭੋਜੋਵਾਲੀ ਅਤੇ ਭੱਦਲਵੱਡ ਵਿੱਚ ਗੁਰੂ ਸਾਹਿਬ ਦੇ ਜੀਵਨ, ਦਰਸ਼ਨ ਅਤੇ ਮਹਾਨ ਸਿੱਖਿਆਵਾਂ ‘ਤੇ ਆਧਾਰਿਤ 30 ਮਿੰਟ ਦੀ ਡਾਕੂਮੈਂਟਰੀ ਦਾ ਪ੍ਰਦਰਸ਼ਨ ਕੀਤਾ ਗਿਆ।
ਡਾਕੂਮੈਂਟਰੀ ਵਿੱਚ ਸ੍ਰੀ ਗੁਰੂ ਰਵਿਦਾਸ ਜੀ ਮਹਾਰਾਜ ਵੱਲੋਂ ਦਿੱਤੇ ਸਮਾਨਤਾ, ਮਨੁੱਖਤਾ, ਸਮਾਜਿਕ ਨਿਆਂ, ਭਾਈਚਾਰੇ ਅਤੇ ਨਿਸ਼ਕਾਮ ਸੇਵਾ ਦੇ ਸੰਦੇਸ਼ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕੀਤਾ ਗਿਆ। ਇਸ ਦੌਰਾਨ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ, ਨੌਜਵਾਨਾਂ ਅਤੇ ਮਹਿਲਾਵਾਂ ਨੇ ਸ਼ਮੂਲੀਅਤ ਕਰਦਿਆਂ ਗੁਰੂ ਸਾਹਿਬ ਦੇ ਜੀਵਨ ਤੋਂ ਪ੍ਰੇਰਣਾ ਪ੍ਰਾਪਤ ਕੀਤੀ।
ਇਸ ਮੌਕੇ ਪਿੰਡ ਭੱਦਲਵੱਡ ਦੇ ਸਰਪੰਚ ਕਰਮਜੀਤ ਸਿੰਘ ਅਤੇ ਭੋਜੋਵਾਲੀ ਦੇ ਸਰਪੰਚ ਜਗਸੀਰ ਸਿੰਘ ਨੇ ਕਿਹਾ ਕਿ ਅਜਿਹੇ ਉਪਰਾਲੇ ਨਵੀਂ ਪੀੜ੍ਹੀ ਨੂੰ ਆਪਣੇ ਗੁਰੂਆਂ ਦੀਆਂ ਸਿੱਖਿਆਵਾਂ ਅਤੇ ਆਦਰਸ਼ਾਂ ਨਾਲ ਜੋੜਨ ਲਈ ਬਹੁਤ ਹੀ ਲਾਭਦਾਇਕ ਸਾਬਤ ਹੋ ਰਹੇ ਹਨ। ਉਨ੍ਹਾਂ ਕਿਹਾ ਕਿ ਗੁਰੂ ਰਵਿਦਾਸ ਜੀ ਦਾ ਸਮਾਨਤਾ ਅਤੇ ਮਨੁੱਖੀ ਏਕਤਾ ਦਾ ਸੰਦੇਸ਼ ਅੱਜ ਦੇ ਸਮੇਂ ਵਿੱਚ ਵੀ ਉਨਾ ਹੀ ਮਹੱਤਵਪੂਰਨ ਹੈ ਅਤੇ ਸਮਾਜ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ।
ਹਾਜ਼ਰ ਪਿੰਡ ਵਾਸੀਆਂ ਨੇ ਵੀ ਪੰਜਾਬ ਸਰਕਾਰ ਦੀ ਇਸ ਪਹਿਲ ਦੀ ਸਰਾਹਨਾ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੀਆਂ ਡਾਕੂਮੈਂਟਰੀਆਂ ਰਾਹੀਂ ਨੌਜਵਾਨ ਪੀੜ੍ਹੀ ਨੂੰ ਮਹਾਨ ਗੁਰੂਆਂ ਦੇ ਜੀਵਨ, ਵਿਚਾਰਾਂ ਅਤੇ ਸਮਾਜ ਪ੍ਰਤੀ ਉਨ੍ਹਾਂ ਦੇ ਯੋਗਦਾਨ ਬਾਰੇ ਜਾਣਨ ਦਾ ਵਧੀਆ ਮੌਕਾ ਮਿਲ ਰਿਹਾ ਹੈ।
