ਜਿੰਨਾ ਸਮਾਂ ਮੈਂ ਪਾਰਟੀ ਪ੍ਰਧਾਨ ਹਾਂ, ਘਰ-ਬਦਲੂ ਲੋਕਾਂ ਨੂੰ ਕਦੇ ਵੀ ਪਾਰਟੀ ਨੇੜੇ ਨਹੀਂ ਲੱਗਣ ਦੇਵਾਂਗੇ – ਸੁਖਬੀਰ ਬਾਦਲ
ਮੁੱਲਾਂਪੁਰ ਦਾਖਾ: 11 ਦਸੰਬਰ, 2025 (ਗੁਰਪ੍ਰੀਤ ਸਿੰਘ) : ਹਲਕਾ ਦਾਖਾ ਦੇ ਪਿੰਡ ਗੋਰਸੀਆਂ ਵਿੱਚ ਅੱਜ ਵੱਡਾ ਸਿਆਸੀ ਪਲਟਾਓ ਦੇਖਣ ਨੂੰ ਮਿਲਿਆ, ਜਦੋਂ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਅਤੇ ਲੈਂਡ ਮਾਰਟਗੇਜ਼ ਬੈਂਕ ਜਗਦੀਸ਼ ਸਿੰਘ ਗੋਰਸੀਆਂ, ਉਨ੍ਹਾਂ ਦੇ ਪੁੱਤਰ ਜਸਵਿੰਦਰ ਸਿੰਘ ਸਾਬਕਾ ਸਰਪੰਚ, ਮੌਜੂਦਾ ਸਰਪੰਚ ਨਵਨੀਤ ਕੌਰ (ਨੂੰਹ), ਪੰਚਾਇਤ ਮੈਂਬਰ ਹਰਪ੍ਰੀਤ ਸਿੰਘ, ਕੁਲਦੀਪ ਸਿੰਘ, ਅਮਨਦੀਪ ਕੌਰ, ਸਿਮਰਨਜੀਤ ਕੌਰ ਸਮੇਤ ਦਰਜਨਾਂ ਹੋਰ ਆਗੂਆਂ ਨੇ ਅਕਾਲੀ ਦਲ ਵਿੱਚ ਘਰ ਵਾਪਸੀ ਕੀਤੀ।
ਇਹ ਪਿੰਡ ਹਲਕੇ ਦੇ ਐੱਮ.ਐੱਲ.ਏ. ਮਨਪ੍ਰੀਤ ਇਆਲੀ ਦਾ ਮਾਤਭੂਮੀ ਪਿੰਡ ਵੀ ਹੈ, ਜਿੱਥੇ ਉਨ੍ਹਾਂ ਦੇ ਪੂਰੇ ਪਰਿਵਾਰ ਦੀਆਂ ਵੋਟਾਂ ਹਨ। ਇਸ ਕਰਕੇ ਇਹ ਘਟਨਾ ਸਿਆਸੀ ਤੌਰ ’ਤੇ ਖਾਸ ਮਹੱਤਵ ਰੱਖਦੀ ਹੈ।
ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਸਾਰੇ ਆਗੂਆਂ ਦਾ ਪਾਰਟੀ ਵਿੱਚ ਸਵਾਗਤ ਕਰਦੇ ਹੋਏ ਉਨ੍ਹਾਂ ਨੂੰ ਪੂਰਾ ਮਾਣ-ਸਤਿਕਾਰ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਸੁਖਬੀਰ ਬਾਦਲ ਨੇ ਤਿੱਖਾ ਸੱਦਾ ਵੀ ਦਿੱਤਾ ਕਿ ਪਾਰਟੀ ਉਹਨਾਂ “ਮੌਕਾਪ੍ਰਸਤ ਅਤੇ ਗੱਦਾਰ” ਲੋਕਾਂ ਨੂੰ ਮੁੜ ਕਦੇ ਵੀ ਪਾਰਟੀ ’ਚ ਨਹੀਂ ਲਏਗੀ ਜਿਨ੍ਹਾਂ ਨੇ ਪਹਿਲਾਂ ਅਕਾਲੀ ਦਲ ਨੂੰ ਨੁਕਸਾਨ ਪਹੁੰਚਾਇਆ।
ਉਨ੍ਹਾਂ ਕਿਹਾ, “ਜਿੰਨਾ ਸਮਾਂ ਮੈਂ ਪਾਰਟੀ ਪ੍ਰਧਾਨ ਹਾਂ, ਇਸ ਤਰ੍ਹਾਂ ਦੇ ਘਰ-ਬਦਲੂ ਲੋਕਾਂ ਨੂੰ ਕਦੇ ਵੀ ਪਾਰਟੀ ਨੇੜੇ ਨਹੀਂ ਲੱਗਣ ਦੇਵਾਂਗੇ। ਇਹੋ ਜਿਹੇ ਲੋਕ ਕਿਸੇ ਦੇ ਵੀ ਘਰੇ ਨਹੀਂ ਵਾੜਦੇ।”
ਸਮਾਗਮ ਦੌਰਾਨ ਆਗੂਆਂ ਵੱਲੋਂ ਸੁਖਬੀਰ ਬਾਦਲ ਨੂੰ ਸਿਰੋਪਾਓ ਭੇਟ ਕਰਕੇ ਸਨਮਾਨਿਤ ਕੀਤਾ ਗਿਆ। ਹਲਕਾ ਇੰਚਾਰਜ ਜਸਕਰਨ ਸਿੰਘ ਦਿਓਲ ਨੇ ਭਰੋਸਾ ਦਵਾਇਆ ਕਿ ਪੂਰੀ ਟੀਮ ਅਕਾਲੀ ਦਲ ਦੀ ਮਜ਼ਬੂਤੀ ਲਈ ਦਿਨ-ਰਾਤ ਇੱਕ ਕਰਕੇ ਕੰਮ ਕਰੇਗੀ।







