ਨਵੀਂ ਸੈਨੇਟ ਦਾ ਕਾਰਜਕਾਲ ਚਾਰ ਸਾਲ ਲਈ ਪੱਕਾ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ (ਪੀ.ਯੂ.) ਪ੍ਰਬੰਧਨ ਨੇ ਸੈਨੇਟ ਚੋਣਾਂ 2026-2030 ਲਈ ਉਦੋਂਗੀਆਂ ਚੋਣਾਂ ਦਾ ਸ਼ਡਿਊਲ ਜਾਰੀ ਕਰ ਦਿੱਤਾ ਹੈ। ਯੂਨੀਵਰਸਿਟੀ ਵੱਲੋਂ ਸਪੱਸ਼ਟ ਕੀਤਾ ਗਿਆ ਹੈ ਕਿ ਨਵੀਂ ਸੈਨੇਟ ਦਾ ਕਾਰਜਕਾਲ ਪੂਰੇ ਚਾਰ ਸਾਲਾਂ ਦਾ ਹੀ ਹੋਵੇਗਾ ਅਤੇ ਇਸ ਵਿੱਚ ਕੋਈ ਕਟੌਤੀ ਨਹੀਂ ਕੀਤੀ ਜਾਵੇਗੀ।
ਕੁਝ ਸਾਬਕਾ ਸੈਨੇਟਰਾਂ ਵੱਲੋਂ ਇਹ ਅਫ਼ਵਾਹ ਫੈਲੀ ਹੋਈ ਸੀ ਕਿ ਚੋਣਾਂ 2024 ਵਿੱਚ ਕਰਵਾਈਆਂ ਜਾ ਸਕਦੀਆਂ ਹਨ, ਪਰ ਮੈਨੇਜਮੈਂਟ ਨੇ ਇਸ ਗਲਤਫ਼ਹਿਮੀ ਨੂੰ ਦੂਰ ਕਰ ਦਿੱਤਾ ਹੈ। ਹੁਣ ਇਹ ਪੱਕਾ ਹੋ ਗਿਆ ਹੈ ਕਿ 2026 ਵਿੱਚ ਸੈਨੇਟ ਦੀ ਚੋਣ ਹੋਵੇਗੀ, ਜਿਸਦਾ ਕਾਰਜਕਾਲ 2027 ਤੋਂ 2030 ਤੱਕ ਚੱਲੇਗਾ। ਇਸ ਫੈਸਲੇ ਨਾਲ ਸੈਨੇਟਰਾਂ ਅਤੇ ਚੋਣਾਂ ਲੜਨ ਦੇ ਇੱਛੁਕ ਮੈਂਬਰਾਂ ਵਿੱਚ ਖੁਸ਼ੀ ਦੀ ਲਹਿਰ ਦੌੜ ਗਈ ਹੈ।
2021 ਦੀ ਦੇਰੀ ਨੇ ਪੈਦਾ ਕੀਤਾ ਭੰਬਲਭੂਸਾ
2021 ਦੀ ਸੈਨੇਟ ਚੋਣ ਦੇਰ ਨਾਲ ਹੋਣ ਕਾਰਨ ਸੈਨੇਟ ਦਾ ਕਾਰਜਕਾਲ ਤਿੰਨ ਸਾਲ ਲਈ ਸੀ, ਜਿਸ ਕਾਰਨ ਮੌਜੂਦਾ ਸੈਸ਼ਨ ਦੇ ਸਮੇਂ ਨੂੰ ਲੈ ਕੇ ਗਲਤਫ਼ਹਿਮੀਆਂ ਬਣ ਗਈਆਂ ਸਨ। ਹੁਣ ਪ੍ਰਬੰਧਨ ਨੇ ਸਪੱਸ਼ਟਤਾ ਦੇ ਨਾਲ ਨਵੀਂ ਚੋਣ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ।
ਵੋਟਰ ਰਜਿਸਟ੍ਰੇਸ਼ਨ ਫਾਰਮ ਜਨਵਰੀ 2026 ਵਿੱਚ ਜਾਰੀ
ਪੀ.ਯੂ. ਨੇ ਦੱਸਿਆ ਕਿ ਵੋਟਰ ਰਜਿਸਟ੍ਰੇਸ਼ਨ ਫਾਰਮ ਜਨਵਰੀ 2026 ਵਿੱਚ ਜਾਰੀ ਕੀਤੇ ਜਾਣਗੇ। ਨਵੀਂ ਸੈਨੇਟ ਬਣਨ ਕਾਰਨ ਪੂਰੀ ਵੋਟਰ ਸੂਚੀ ਵੀ ਮੁੜ ਤਿਆਰ ਕੀਤੀ ਜਾਵੇਗੀ।
ਇਸ ਤੋਂ ਬਾਅਦ ਦਸੰਬਰ 2026 ਵਿੱਚ ਸਿੰਡੀਕੇਟ ਚੋਣਾਂ ਹੋਣਗੀਆਂ। ਸੈਨੇਟ ਦੇ 91 ਮੈਂਬਰਾਂ ਵਿਚੋਂ 15 ਮੈਂਬਰ ਸਿੰਡੀਕੇਟ ਲਈ ਚੁਣੇ ਜਾਣਗੇ। ਸਿੰਡੀਕੇਟ ਚੋਣਾਂ ਦੇ ਨਾਲ ਹੀ ਡੀਨ ਦੀ ਚੋਣ ਵੀ ਕਰਵਾਈ ਜਾਵੇਗੀ।
ਪੰਜਾਬ ਯੂਨੀਵਰਸਿਟੀ ਦੀ ਸੈਨੇਟ ਦਾ ਕਾਰਜਕਾਲ ਦੋ ਸਾਲ ਪਹਿਲਾਂ ਖ਼ਤਮ ਹੋ ਚੁੱਕਾ ਹੈ, ਜਦਕਿ ਸਿੰਡੀਕੇਟ ਚੋਣਾਂ ਨੂੰ ਤਿੰਨ ਸਾਲ ਹੋ ਗਏ ਹਨ। ਇਸ ਕਰਕੇ 2026 ਦੀ ਪ੍ਰਕਿਰਿਆ ਨੂੰ ਬਹੁਤ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ।
ਵਿਰੋਧ ਪ੍ਰਦਰਸ਼ਨ ਤੋਂ ਬਾਅਦ ਚੋਣਾਂ ਨੂੰ ਮਿਲੀ ਚਾਂਸਲਰ ਤੋਂ ਪ੍ਰਵਾਨਗੀ
ਯੂਨੀਵਰਸਿਟੀ ਨੇ ਦੱਸਿਆ ਕਿ ਸੈਨੇਟ ਚੋਣਾਂ ਦੇ ਸ਼ਡਿਊਲ ਨੂੰ ਭਾਰਤ ਦੇ ਉਪ-ਰਾਸ਼ਟਰਪਤੀ ਅਤੇ ਪੰਜਾਬ ਯੂਨੀਵਰਸਿਟੀ ਦੇ ਚਾਂਸਲਰ ਵੱਲੋਂ ਮੰਜ਼ੂਰੀ ਦੇ ਦਿੱਤੀ ਗਈ ਹੈ। ਇਹ ਫੈਸਲਾ ਉਹਨਾਂ ਵਿਰੋਧ ਪ੍ਰਦਰਸ਼ਨਾਂ ਤੋਂ ਬਾਅਦ ਆਇਆ ਹੈ, ਜਿੱਥੇ ਵਿਦਿਆਰਥੀਆਂ ਨੇ ਸੈਨੇਟ ਨੂੰ 91 ਤੋਂ ਘਟਾ ਕੇ 31 ਕਰਨ ਦੇ ਨੋਟੀਫਿਕੇਸ਼ਨ ਦਾ ਵਿਰੋਧ ਕੀਤਾ ਸੀ।







