25 ਦਸੰਬਰ ਤੱਕ ਸ਼ਿਫਟ ਨਾ ਹੋਣ ਦੀ ਸੂਰਤ ਵਿੱਚ ਅਲਾਟਮੈਂਟ ਰੱਦ ਹੋਵੇਗੀ : ਮੇਅਰ, ਕਮਿਸ਼ਨਰ
ਪਟਿਆਲਾ, 8 ਦਸੰਬਰ (ਜਗਜੀਤ ਸਿੰਘ) : ਨਗਰ ਨਿਗਮ ਪਟਿਆਲਾ ਦੀ ਹਦੂਦ ਅੰਦਰ ਚੱਲ ਰਹੀਆਂ ਡੇਅਰੀਆਂ ਨੂੰ ਇਕ ਸੁਚੱਜੀ ਅਤੇ ਸਫ਼ਾਈ ਯੁਕਤ ਥਾਂ ’ਤੇ ਸਥਾਪਿਤ ਕਰਨ ਲਈ ਬਣਾਏ ਗਏ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਸਬੰਧੀ ਨਗਰ ਨਿਗਮ ਪਟਿਆਲਾ ਦੇ ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਪਰਮਜੀਤ ਸਿੰਘ ਵੱਲੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ।
ਮੇਅਰ ਕੁੰਦਨ ਗੋਗੀਆ ਅਤੇ ਕਮਿਸ਼ਨਰ ਨਗਰ ਨਿਗਮ ਪਟਿਆਲਾ ਪਰਮਜੀਤ ਸਿੰਘ, ਆਈ.ਏ.ਐਸ. ਨੇ ਪ੍ਰੋਜੈਕਟ ਵਿਖੇ ਗੱਲਬਾਤ ਦੌਰਾਨ ਦੱਸਿਆ ਕਿ ਨਗਰ ਨਿਗਮ ਦੀ ਹਦੂਦ ਵਿਚ ਮੌਜੂਦ 65 ਡੇਅਰੀ ਮਾਲਕਾਂ ਨੂੰ ਸਾਲ 2021 ਵਿੱਚ ਸ੍ਰੀ ਗੁਰੂ ਨਾਨਕ ਦੇਵ ਡੇਅਰੀ ਪ੍ਰੋਜੈਕਟ ਵਿਖੇ ਪਲਾਟਾਂ ਦੀ ਅਲਾਟਮੈਂਟ ਕੀਤੀ ਗਈ ਸੀ। ਇਨ੍ਹਾਂ ਡੇਅਰੀ ਮਾਲਕਾਂ ਵੱਲੋਂ ਨਿਯਮਾਂ ਅਨੁਸਾਰ ਬਣਦੀ 5 ਫੀਸਦੀ ਰਾਸ਼ੀ ਨਗਰ ਨਿਗਮ ਪਟਿਆਲਾ ਵਿੱਚ ਜਮ੍ਹਾਂ ਕਰਵਾਈ ਜਾ ਚੁੱਕੀ ਹੈ।ਪਰ ਪਲਾਟ ਅਲਾਟ ਹੋਣ ਅਤੇ 5 ਫੀਸਦੀ ਰਕਮ ਜਮ੍ਹਾਂ ਕਰਵਾਉਣ ਦੇ ਬਾਵਜੂਦ ਇਹ ਸਾਰੇ ਡੇਅਰੀ ਮਾਲਕ ਅਜੇ ਤੱਕ ਡੇਅਰੀ ਪ੍ਰੋਜੈਕਟ ਦੀ ਵਾਲੀ ਥਾਂ ’ਤੇ ਸ਼ਿਫਟ ਨਹੀਂ ਹੋਏ ਹਨ, ਜਿਸ ਕਾਰਨ ਸ਼ਹਿਰ ਵਿੱਚ ਸਫ਼ਾਈ ਅਤੇ ਵਾਤਾਵਰਣ ਸਬੰਧੀ ਸਮੱਸਿਆਵਾਂ ਬਣੀਆਂ ਹੋਈਆਂ ਹਨ।
ਉਨ੍ਹਾਂ ਸਪਸ਼ਟ ਤੌਰ ’ਤੇ ਕਿਹਾ ਕਿ ਜਿਨ੍ਹਾਂ ਡੇਅਰੀ ਮਾਲਕਾਂ ਨੂੰ ਡੇਅਰੀ ਪ੍ਰੋਜੈਕਟ ਵਿੱਚ ਪਲਾਟ ਅਲਾਟ ਹੋ ਚੁੱਕੇ ਹਨ, ਉਹ ਹਰ ਹਾਲਤ ਵਿੱਚ ਮਿਤੀ 25 ਦਸੰਬਰ ਤੱਕ ਡੇਅਰੀ ਪ੍ਰੋਜੈਕਟ ਵਾਲੀ ਸਾਈਟ ’ਤੇ ਸ਼ਿਫਟ ਹੋਣ। ਕਮਿਸ਼ਨਰ ਨੇ ਕਿਹਾ ਕਿ ਜੇਕਰ ਨਿਰਧਾਰਿਤ ਸਮੇਂ ਅੰਦਰ ਡੇਅਰੀ ਮਾਲਕ ਇਸ ਪ੍ਰੋਜੈਕਟ ’ਚ ਸ਼ਿਫਟ ਨਾ ਹੋਏ ਤਾਂ ਉਨ੍ਹਾਂ ਦੇ ਪਲਾਟ ਦੀ ਅਲਾਟਮੈਂਟ ਤੁਰੰਤ ਰੱਦ ਕਰ ਦਿੱਤੀ ਜਾਵੇਗੀ ਅਤੇ ਜਮ੍ਹਾਂ ਕਰਵਾਈ 5 ਫੀਸਦੀ ਰਾਸ਼ੀ ਵੀ ਜਬਤ ਕੀਤੀ ਜਾਵੇਗੀ। ਇਸ ਮਗਰੋਂ ਡੇਅਰੀ ਮਾਲਕਾ ਨੂੰ ਨਵੇਂ ਸਿਰੇ ਤੋਂ ਪਲਾਟਾਂ ਦੀ ਅਲਾਟਮੈਂਟ ਕਰਵਾਉਣੀ ਹੋਵੇਗੀ। ਉਨ੍ਹਾਂ ਸਖ਼ਤ ਸ਼ਬਦਾਂ ਵਿੱਚ ਕਿਹਾ ਕਿ ਇਸ ਦੇ ਨਾਲ ਹੀ ਅਜਿਹੇ ਡੇਅਰੀ ਮਾਲਕਾਂ ਨੂੰ ਪਹਿਲਾ ਤੋਂ ਹੀ ਚਲਾਈ ਜਾ ਰਹੀ ਥਾਂ ’ਤੇ ਡੇਅਰੀ ਚਲਾਉਣ ਦੀ ਆਗਿਆ ਵੀ ਨਹੀਂ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ ਨਗਰ ਨਿਗਮ ਪਟਿਆਲਾ ਸ਼ਹਿਰ ਨੂੰ ਸਾਫ਼–ਸੁਥਰਾ ਅਤੇ ਵਾਤਾਵਰਣਕ ਤੌਰ ’ਤੇ ਸੁਚੱਜਾ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।









