ਪਟਿਆਲਾ, 3 ਦਸੰਬਰ: ਪਟਿਆਲਾ ਦੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਦਿਹਾਤੀ ਵਿਕਾਸ) ਦਮਨਜੀਤ ਸਿੰਘ ਮਾਨ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹਾ ਪਰਿਸ਼ਦ ਅਤੇ ਬਲਾਕ ਸੰਮਤੀ ਚੋਣਾਂ ਲਈ ਨਾਮਜ਼ਦਗੀ ਪੱਤਰ ਦਾਖਲ ਕਰਦੇ ਸਮੇਂ ਜੇਕਰ ਕਿਸੇ ਉਮੀਦਵਾਰ ਕੋਲ ਐਨ.ਓ.ਸੀ. ਜਾਂ ਨੋ-ਡਿਊ ਸਰਟੀਫਿਕੇਟ ਉਪਲਬਧ ਨਾ ਹੋਵੇ, ਤਾਂ ਉਹ ਪੰਜਾਬ ਰਾਜ ਚੋਣ ਕਮਿਸ਼ਨ ਦੀਆਂ ਤਾਜਾ ਹਦਾਇਤਾਂ ਮੁਤਾਬਕ ਹਲਫ਼ੀਆ ਬਿਆਨ ਦੇ ਕੇ ਆਪਣੀ ਨਾਮਜ਼ਦਗੀ ਦਾਖਲ ਕਰਵਾ ਸਕਦੇ ਹਨ।

ਏ.ਡੀ.ਸੀ. ਮਾਨ ਨੇ ਦੱਸਿਆ ਕਿ ਰਾਜ ਚੋਣ ਕਮਿਸ਼ਨ ਦੇ ਨਿਰਦੇਸ਼ਾਂ ਅਨੁਸਾਰ ਰਿਟਰਨਿੰਗ ਅਫਸਰ ਹਲਫ਼ੀਆ ਬਿਆਨ ਦੇ ਅਧਾਰ ‘ਤੇ ਨਾਮਜ਼ਦਗੀ ਸਵੀਕਾਰ ਕਰਨ ਲਈ ਬਾਧਿਆ ਹੋਵੇਗਾ। ਇਸਦੇ ਨਾਲ ਹੀ ਰਿਟਰਨਿੰਗ ਅਫ਼ਸਰ ਵੱਲੋਂ ਇਹ ਹਲਫ਼ੀਆ ਬਿਆਨ ਸਬੰਧਤ ਵਿਭਾਗ ਜਾਂ ਅਧਿਕਾਰੀ ਨੂੰ ਤੁਰੰਤ ਭੇਜਿਆ ਜਾਵੇਗਾ ਅਤੇ 24 ਘੰਟਿਆਂ ਅੰਦਰ ਰਿਪੋਰਟ ਲੈ ਕੇ ਇਹ ਯਕੀਨੀ ਬਣਾਇਆ ਜਾਵੇਗਾ ਕਿ ਉਮੀਦਵਾਰ ਪੰਜਾਬ ਸਟੇਟ ਇਲੈਕਸ਼ਨ ਕਮਿਸ਼ਨ ਐਕਟ 1994 ਦੀ ਸੈਕਸ਼ਨ 11 ਅਨੁਸਾਰ ਡਿਫਾਲਟਰ ਜਾਂ ਨਜਾਇਜ਼ ਕਾਬਜ਼ਕਾਰ ਤਾਂ ਨਹੀਂ ਹੈ।
ਉਨ੍ਹਾਂ ਕਿਹਾ ਕਿ ਉਮੀਦਵਾਰ ਨੂੰ ਆਪਣੇ ਹਲਫ਼ੀਆ ਬਿਆਨ ਵਿੱਚ ਇਹ ਲਿਖਣਾ ਲਾਜ਼ਮੀ ਹੋਵੇਗਾ ਕਿ ਉਹ ਕਿਸੇ ਵੀ ਸਰਕਾਰੀ ਵਿਭਾਗ ਦਾ ਡਿਫਾਲਟਰ ਨਹੀਂ ਹੈ, ਨਾਂ ਹੀ ਸਰਕਾਰੀ ਸੰਪਤੀ ‘ਤੇ ਨਜਾਇਜ਼ ਕਬਜ਼ਾ ਕੀਤਾ ਹੋਇਆ ਹੈ ਅਤੇ ਨਾ ਹੀ ਕੋਈ ਬਕਾਇਆ ਬਕਾਇਆ ਲੰਬਿਤ ਹੈ।
ਵਧੀਕ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਇਸ ਸਬੰਧੀ ਚੋਣ ਕਮਿਸ਼ਨ ਵੱਲੋਂ ਜਾਰੀ ਹਦਾਇਤਾਂ ਸਾਰੇ ਰਿਟਰਨਿੰਗ ਅਧਿਕਾਰੀਆਂ ਤੱਕ ਭੇਜ ਦਿੱਤੀਆਂ ਗਈਆਂ ਹਨ, ਤਾਂ ਜੋ ਨਾਮਜ਼ਦਗੀ ਪ੍ਰਕਿਰਿਆ ਸੁਚਾਰੂ ਢੰਗ ਨਾਲ ਪੂਰੀ ਹੋ ਸਕੇ।







