ਹਰਿਆਣਾ, (ਚੌਧਰੀ ਪ੍ਰਭਜੀਤ ਸਿੰਘ) : ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਕੈਨੇਡਾ ਦੇ ਰਾਜਦੂਤ ਕ੍ਰਿਸਟੋਫਰ ਕੂਟਰ ਨਾਲ ਸੰਤ ਕਬੀਰ ਕੁਟੀਰ ਵਿੱਚ ਮਹੱਤਵਪੂਰਨ ਮੁਲਾਕਾਤ ਕੀਤੀ। ਵਿਦੇਸ਼ ਸਹਿਯੋਗ ਵਿਭਾਗ ਦੇ ਸਹਿਯੋਗ ਨਾਲ ਆਯੋਜਿਤ ਇਸ ਮੀਟਿੰਗ ਵਿੱਚ ਦੋਵਾਂ ਧਿਰਾਂ ਨੇ ਹਰਿਆਣਾ ਅਤੇ ਕੈਨੇਡਾ ਵਿਚਕਾਰ ਸਮਾਜਿਕ, ਸਿੱਖਿਆ ਅਤੇ ਆਰਥਿਕ ਸਹਿਕਾਰ ਨੂੰ ਵਧਾਉਣ ‘ਤੇ ਵਿਸਥਾਰ ਨਾਲ ਚਰਚਾ ਕੀਤੀ।
ਮੀਟਿੰਗ ਦਾ ਮੁੱਖ ਧਿਆਨ ਦੋਵਾਂ ਖੇਤਰਾਂ ਵਿਚਕਾਰ ਨਵੇਂ ਸਮਾਜਿਕ ਅਤੇ ਪਰਿਵਾਰਕ ਰਿਸ਼ਤੇ ਮਜ਼ਬੂਤ ਕਰਨ ‘ਤੇ ਰਿਹਾ। ਇਸ ਦੌਰਾਨ, ਕੈਨੇਡੀਅਨ ਰਾਜਦੂਤ ਕ੍ਰਿਸਟੋਫਰ ਕੂਟਰ ਨੇ ਹਰਿਆਣਾ ਦੇ ਹੁਨਰਮੰਦ ਨੌਜਵਾਨਾਂ ਦੇ ਰੁਜ਼ਗਾਰ ਨੂੰ ਪ੍ਰਾਥਮਿਕਤਾ ਦੇਣ ਦਾ ਭਰੋਸਾ ਦਿੱਤਾ। ਉਨ੍ਹਾਂ ਕਿਹਾ ਕਿ ਕੈਨੇਡਾ ਦੀਆਂ ਕਈ ਉਦਯੋਗਿਕ ਇਕਾਈਆਂ ਹੁਨਰਮੰਦ ਮੈਨਪਾਵਰ ਦੀ ਤਲਾਸ਼ ਵਿੱਚ ਹਨ ਅਤੇ ਹਰਿਆਣਾ ਦੇ ਯੁਵਾ ਇਸ ਲਈ ਬਹੁਤ ਯੋਗ ਹੋ ਸਕਦੇ ਹਨ।
ਵੇਸਟ-ਟੂ-ਐਨਰਜੀ, ਬਿਜਲੀ ਉਤਪਾਦਨ ਅਤੇ ਮਾਈਨਿੰਗ ਖੇਤਰਾਂ ਵਿੱਚ ਹਰਿਆਣਾ ਦੇ ਨੌਜਵਾਨਾਂ ਦੀ ਭੂਮਿਕਾ ਅਤੇ ਸੰਭਾਵਨਾਵਾਂ ‘ਤੇ ਵੀ ਮੀਟਿੰਗ ਦੌਰਾਨ ਵਿਚਾਰ-ਚਰਚਾ ਕੀਤੀ ਗਈ। ਸਾਥ ਹੀ, ਕੈਨੇਡਾ ਸਰਕਾਰ ਵੱਲੋਂ ਹਰਿਆਣਾ ਦੇ ਹੁਨਰਮੰਦ ਉੱਦਮੀਆਂ ਨੂੰ ਕੈਨੇਡਾ ਵਿੱਚ ਵਪਾਰ ਸਥਾਪਤ ਕਰਨ ਲਈ ਮਦਦ ਦੇਣ ਦਾ ਭਰੋਸਾ ਵੀ ਦਿੱਤਾ ਗਿਆ।
ਸਿੱਖਿਆ ਖੇਤਰ ਨੂੰ ਮਜ਼ਬੂਤ ਕਰਨ ਲਈ ਕੈਨੇਡਾ ਦੀਆਂ ਪ੍ਰਮੁੱਖ ਯੂਨੀਵਰਸਿਟੀਆਂ ਨੂੰ ਹਰਿਆਣਾ ਵਿੱਚ ਕੈਂਪਸ ਖੋਲ੍ਹਣ ਲਈ ਉਤਸ਼ਾਹਿਤ ਕਰਨ ‘ਤੇ ਵੀ ਚਰਚਾ ਹੋਈ। ਇਸ ਤੋਂ ਇਲਾਵਾ, ਕੈਨੇਡੀਅਨ ਨਿਵੇਸ਼ਕਾਂ ਨੂੰ ਹਰਿਆਣਾ ਵਿੱਚ ਨਿਵੇਸ਼ ਲਈ ਆਕਰਸ਼ਿਤ ਕਰਨ ਵਾਸਤੇ ਇੱਕ ਵਿਸਤ੍ਰਿਤ ਰੋਡਮੈਪ ਤਿਆਰ ਕਰਨ ‘ਤੇ ਵੀ ਵਿਚਾਰ-ਵਟਾਂਦਰਾ ਕੀਤਾ ਗਿਆ।
ਮੀਟਿੰਗ ਨੂੰ ਆਉਣ ਵਾਲੇ ਸਮੇਂ ਵਿੱਚ ਦੋਵਾਂ ਖੇਤਰਾਂ ਵਿਚਕਾਰ ਸਹਿਯੋਗ ਦੇ ਨਵੇਂ ਦਰਵਾਜ਼ੇ ਖੋਲ੍ਹਣ ਵਾਲਾ ਮਹੱਤਵਪੂਰਨ ਕਦਮ ਮੰਨਿਆ ਜਾ ਰਿਹਾ ਹੈ।







