ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਦੌਰਾਨ ਪ੍ਰਧਾਨ ਮੰਤਰੀ ਮੋਦੀ ਦਾ ਬਿਆਨ
ਨਵੀਂ ਦਿੱਲੀ, 1 ਦਸੰਬਰ : (ਜਗਦੇਵ ਰੰਚਨਾਂ) ਸਰਦ ਰੁੱਤ ਸੈਸ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬਿਆਨ ਦਿੰਦਿਆ ਕਿਹਾ ਕਿ ਬਿਹਾਰ ਚੋਣਾਂ ਵਿੱਚ ਲੋਕਤੰਤਰ ਦੀ ਸ਼ਕਤੀ ਪੂਰੀ ਤਰ੍ਹਾਂ ਨਜ਼ਰ ਆਈ ਹੈ, ਖਾਸ ਕਰਕੇ ਮਾਵਾਂ ਅਤੇ ਭੈਣਾਂ ਦੀ ਵੱਡੀ ਭਾਗੀਦਾਰੀ ਨੇ ਦੇਸ਼ ਦੇ ਲੋਕਤੰਤਰ ਨੂੰ ਹੋਰ ਮਜ਼ਬੂਤ ਕੀਤਾ ਹੈ।
ਪ੍ਰਧਾਨ ਮੰਤਰੀ ਨੇ ਕਿਹਾ ਕਿ ਕੁਝ ਪਾਰਟੀਆਂ ਚੋਣ ਨਤੀਜਿਆਂ ਨੂੰ ਸਵੀਕਾਰ ਕਰਨ ਵਿੱਚ ਅਸਮਰੱਥ ਹਨ ਅਤੇ ਹਾਰ ਤੋਂ ਬਾਹਰ ਨਹੀਂ ਨਿਕਲ ਰਹੀਆਂ। ਉਹਨਾਂ ਜ਼ੋਰ ਦੇ ਨਾਲ ਕਿਹਾ ਕਿ ਸੰਸਦ ਦਾ ਇਹ ਸੈਸ਼ਨ ਨਿਰਾਸ਼ਾ ਅਤੇ ਰਾਜਨੀਤਿਕ ਟਕਰਾਅ ਦਾ ਮੰਚ ਨਹੀਂ ਬਣਨਾ ਚਾਹੀਦਾ, ਸਦਨ ਵਿੱਚ ਬੇਵਜ੍ਹਾ ਡਰਾਮੇ ਤੋਂ ਬਚਣਾ ਚਾਹੀਦਾ ਹੈ।
ਪ੍ਰਧਾਨ ਮੰਤਰੀ ਮੋਦੀ ਨੇ ਨਵੀਂ ਪੀੜ੍ਹੀ ਬਾਰੇ ਬਿਆਨ ਦਿੰਦੇ ਹੋਏ ਕਿਹਾ, “ਨਵੀਂ ਪੀੜ੍ਹੀ ਦੇ ਨੌਜਵਾਨ ਸਾਂਸਦਾਂ ਨੂੰ ਮੌਕਾ ਮਿਲਣਾ ਚਾਹੀਦਾ ਹੈ। ਇਹ ਸਮਾਂ ਹੈ ਕਿ ਦੇਸ਼ ਦੀ ਨੀਤੀ-ਨਿਰਧਾਰਕ ਪ੍ਰਕਿਰਿਆ ਵਿੱਚ ਯੁਵਾ ਸ਼ਕਤੀ ਨੂੰ ਅੱਗੇ ਲਿਆਂਦਾ ਜਾਵੇ।”
ਇਸਦੇ ਨਾਲ ਹੀ ਲੋਕ ਸਭਾ ਅਤੇ ਰਾਜ ਸਭਾ ਦੀ ਕਾਰਵਾਈ ਸਵੇਰੇ 11 ਵਜੇ ਸ਼ੁਰੂ ਹੋ ਗਈ। ਸੈਸ਼ਨ ਤੋਂ ਪਹਿਲਾਂ ਕਾਂਗਰਸ ਪ੍ਰਧਾਨ ਮੱਲਿਕਾਰਜੁਨ ਖੜਗੇ ਦੇ ਦਫ਼ਤਰ ਵਿੱਚ ਇੰਡੀਆ ਬਲਾਕ ਦੇ ਆਗੂਆਂ ਦੀ ਮੁਹੱਤਵਪੂਰਨ ਮੀਟਿੰਗ ਹੋਈ।
ਸਰਦ ਰੁੱਤ ਸੈਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ:
- ਮਿਆਦ: 1 ਦਸੰਬਰ ਤੋਂ 19 ਦਸੰਬਰ
- ਕੁੱਲ ਬੈਠਕਾਂ: 15
- ਦੌਰਾਨ ਪੇਸ਼ ਹੋਣ ਵਾਲੇ ਬਿੱਲ: ਪ੍ਰਮਾਣੂ ਊਰਜਾ ਬਿੱਲ ਸਮੇਤ 10 ਨਵੇਂ ਬਿੱਲ
ਸਰਦ ਰੁੱਤ ਸੈਸ਼ਨ ਦਰਮਿਆਨ ਕਈ ਮਹੱਤਵਪੂਰਨ ਕਾਨੂੰਨੀ ਪ੍ਰਸਤਾਵਾਂ ਤੇ ਚਰਚਾ ਹੋਣ ਦੀ ਸੰਭਾਵਨਾ ਹੈ, ਜਿਸ ‘ਤੇ ਸਾਰੇ ਦੇਸ਼ ਦੀ ਨਿਗਾਹ ਟਿਕੀ ਹੋਈ ਹੈ।









