ਮਾਸਕੋ: ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਚਾਰ ਸਾਲਾਂ ਬਾਅਦ 4 ਤੋਂ 5 ਦਸੰਬਰ ਤੱਕ ਦੋ ਦਿਨਾਂ ਭਾਰਤ ਦੌਰੇ ’ਤੇ ਆ ਰਹੇ ਨੇ। ਉਹ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ 23ਵੇਂ ਭਾਰਤ-ਰੂਸ ਸਾਲਾਨਾ ਸ਼ਿਖਰ ਸੰਮੇਲਨ ਵਿਚ ਹਿੱਸਾ ਲੈਣਗੇ, ਜਿਸ ਨੂੰ ਦੋਵੇਂ ਦੇਸ਼ਾਂ ਦੇ ਮਜ਼ਬੂਤ ਰਣਨੀਤਿਕ ਰਿਸ਼ਤਿਆਂ ਦੀ ਨਵੀਂ ਪੁਸ਼ਟੀ ਵਜੋਂ ਦੇਖਿਆ ਜਾ ਰਿਹਾ ਹੈ।
ਆਈਸੀਸੀ ਵਾਰੰਟ ’ਤੇ ਕੱਟੜ ਨਿਗਰਾਨੀ, ਪਰ ਭਾਰਤ ਦੌਰਾ ਸੁਰੱਖਿਅਤ
ਪੁਤਿਨ ਨੇ ਪਿਛਲੇ ਹਫ਼ਤੇ ਸਾਊਥ ਅਫ਼ਰੀਕਾ ਵਿਚ ਹੋਈ ਜੀ-20 ਸਮਿਟ ਤੋਂ ਦੂਰ ਰਹਿ ਕੇ ਇਕ ਵਾਰ ਫਿਰ ਦੱਸ ਦਿੱਤਾ ਕਿ ਆਈਸੀਸੀ (ਇੰਟਰਨੈਸ਼ਨਲ ਕ੍ਰਿਮੀਨਲ ਕੋਰਟ) ਵੱਲੋਂ ਜਾਰੀ ਗ੍ਰਿਫ਼ਤਾਰੀ ਵਾਰੰਟ ਉਨ੍ਹਾਂ ਦੀ ਵਿਦੇਸ਼ ਯਾਤਰਾ ’ਤੇ ਅਸਰ ਪਾ ਰਿਹਾ ਹੈ। ਇਹੀ ਕਾਰਨ ਸੀ ਕਿ ਉਹ 2023 ਅਤੇ 2025 ਦੀਆਂ ਬ੍ਰਿਕਸ ਸਮਿੱਟਾਂ ਤੋਂ ਵੀ ਗੈਰ-ਹਾਜ਼ਿਰ ਰਹੇ।
ਮਾਰਚ 2023 ਵਿਚ ਆਈਸੀਸੀ ਨੇ ਯੂਕ੍ਰੇਨ ਜੰਗ ਦੌਰਾਨ ਕਥਿਤ ਯੁੱਧ ਅਪਰਾਧਾਂ ਦੇ ਦੋਸ਼ਾਂ ਤਹਿਤ ਪੁਤਿਨ ਵਿਰੁੱਧ ਵਾਰੰਟ ਜਾਰੀ ਕੀਤਾ ਸੀ। ਪਰ ਰੂਸ, ਭਾਰਤ, ਚੀਨ ਸਮੇਤ ਕਈ ਵੱਡੇ ਦੇਸ਼ ਆਈਸੀਸੀ ਦੇ ਮੈਂਬਰ ਨਹੀਂ। ਇਸ ਲਈ ਭਾਰਤ ਵਿਚ ਪੁਤਿਨ ਦੀ ਗ੍ਰਿਫ਼ਤਾਰੀ ਦੀ ਕੋਈ ਸੰਭਾਵਨਾ ਨਹੀਂ।
ਆਈਸੀਸੀ ਕੀ ਹੈ?
2002 ਵਿਚ ਬਣੀ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ਹੇਗ (ਨੀਦਰਲੈਂਡ) ਵਿਚ ਸਥਿਤ ਗਲੋਬਲ ਅਦਾਲਤ ਹੈ, ਜੋ ਮਨੁੱਖਤਾ ਵਿਰੋਧੀ ਅਪਰਾਧ, ਯੁੱਧ ਅਪਰਾਧ ਅਤੇ ਸਮੂਹਕ ਕਤਲਾਂ ਵਰਗੇ ਦੋਸ਼ਾਂ ਦੀ ਜਾਂਚ ਕਰਦੀ ਹੈ। ਪਰ ਇਸਦੇ ਵਾਰੰਟ ਦੀ ਲਾਗੂ ਕਰਨ ਦੀ ਤਾਕਤ ਸਿਰਫ਼ ਉਹਨਾਂ ਦੇਸ਼ਾਂ ’ਤੇ ਹੀ ਹੁੰਦੀ ਹੈ ਜੋ ਇਸ ਦੇ ਮੈਂਬਰ ਹਨ।
ਭਾਰਤ ਨੇ ਕਦੇ ਵੀ ਆਈਸੀਸੀ ਦੇ ਰੋਮ ਸੰਧੀ ’ਤੇ ਦਸਤਖ਼ਤ ਨਹੀਂ ਕੀਤੇ। ਇਸ ਲਈ ਇਹਦੇ ਨਿਯਮਾਂ ਦੀ ਪਾਲਣਾ ਕਰਨਾ ਭਾਰਤ ਲਈ ਲਾਜ਼ਮੀ ਨਹੀਂ।
ਪੁਤਿਨ ਕਿਹੜੇ ਰੂਟ ਰਾਹੀਂ ਆਉਣਗੇ ਭਾਰਤ?
ਆਈਸੀਸੀ ਮੈਂਬਰ ਦੇਸ਼ਾਂ ਦੇ ਹਵਾਈ ਖੇਤਰ ਤੋਂ ਬਚਣ ਲਈ ਪੁਤਿਨ ਹੇਠ ਲਿਖੇ ਛੇ ਰੂਟਾਂ ਵਿੱਚੋਂ ਕੋਈ ਵੀ ਚੁਣ ਸਕਦੇ ਨੇ—
-
ਰੂਸ → ਤਹਿਰਾਨ → ਦਿੱਲੀ
-
ਰੂਸ → ਬਾਕੂ (ਅਜ਼ਰਬੈਜਾਨ) → ਦਿੱਲੀ
-
ਰੂਸ → ਕਾਬੁਲ → ਦਿੱਲੀ
-
ਰੂਸ → ਤਾਸ਼ਕੰਦ (ਉਜ਼ਬੇਕਿਸਤਾਨ) → ਦਿੱਲੀ
-
ਰੂਸ → ਅਲਮਾਟੀ (ਕਜ਼ਾਕਿਸਤਾਨ) → ਦਿੱਲੀ
-
ਰੂਸ → ਦਿੱਲੀ (ਡਾਇਰੈਕਟ, ਨਾਨ-ਆਈਸੀਸੀ ਰੂਟ ਰਾਹੀਂ)
ਭਾਰਤ ਨੂੰ ਪੁਤਿਨ ਦੇ ਦੌਰੇ ਨਾਲ ਕੀ ਲਾਭ?
ਪੁਤਿਨ ਦੀ ਆਮਦ ਨਾਲ ਭਾਰਤ-ਰੂਸ ਗਠਜੋੜ ਵਿੱਚ ਕਈ ਵੱਡੀਆਂ ਡੀਲਾਂ ਹੋਣ ਦੀ ਉਮੀਦ ਹੈ—
ਰੱਖਿਆ ਖੇਤਰ
-
1.3 ਲੱਖ ਕਰੋੜ ਰੁਪਏ ਤੱਕ ਦੇ ਰੱਖਿਆ ਸੌਦਿਆਂ ਦੀ ਸੰਭਾਵਨਾ
-
ਭਾਰਤ ਵੱਲੋਂ 5 ਨਵੇਂ S-400 ਏਅਰ ਡਿਫੈਂਸ ਸਿਸਟਮ ਖਰੀਦਣ ’ਤੇ ਗੱਲਬਾਤ
-
ਭਾਰਤ ਦੀ ਵਾਯੂ ਸੈਨਾ ਲਈ ਸੁਖੋਈ-57 ਦੀਆਂ ਦੋ ਸਕਵਾਇਡਰਾਂ ਦੀ ਖਰੀਦ ’ਤੇ ਚਰਚਾ
ਐਨਰਜੀ ਅਤੇ ਅਰਥ-ਵਪਾਰ
-
ਕੱਚੇ ਤੇਲ (Crude Oil) ਦੀ ਸਸਤੀ ਆਮਦ ਲਈ ਨਵੀਂ ਡੀਲ
-
ਭਾਰਤ-ਯੂਰੈਸ਼ੀਆ ਫ੍ਰੀ ਟ੍ਰੇਡ ਐਗ੍ਰੀਮੈਂਟ (FTA) ’ਤੇ ਤਰੱਕੀ
ਭਾਰਤ ਪਹਿਲਾਂ ਵੀ ਆਈਸੀਸੀ ਵਾਰੰਟ ਵਾਲੇ ਨੇਤਾਵਾਂ ਦੀ ਮੇਜ਼ਬਾਨੀ ਕਰ ਚੁੱਕਿਆ
2015 ਵਿਚ ਸੁਡਾਨ ਦੇ ਰਾਸ਼ਟਰਪਤੀ ਓਮਰ ਅਲ-ਬਸ਼ੀਰ ਦੇ ਵਿਰੁੱਧ ਵੀ ਆਈਸੀਸੀ ਵਾਰੰਟ ਸੀ, ਫਿਰ ਵੀ ਉਹ ਭਾਰਤ-ਅਫਰੀਕਾ ਸੰਮੇਲਨ ਲਈ ਦਿੱਲੀ ਆਏ ਸਨ। ਭਾਰਤ ਨੇ ਉਸ ਵੇਲੇ ਵੀ ਗ੍ਰਿਫ਼ਤਾਰੀ ਤੋਂ ਸਾਫ ਇਨਕਾਰ ਕੀਤਾ ਸੀ।







