Homeਪਟਿਆਲਾ ਅਪਡੇਟਪੰਜਾਹ ਸਾਲਾਂ ਬਾਅਦ ਮੁੜ ਇਕੱਠੇ ਹੋਏ 1975 ਦੌਰਾਨ ਥਾਪਰ ਵਿਖੇ ਪੜ੍ਹੇ ਨਾਮੀ...

ਪੰਜਾਹ ਸਾਲਾਂ ਬਾਅਦ ਮੁੜ ਇਕੱਠੇ ਹੋਏ 1975 ਦੌਰਾਨ ਥਾਪਰ ਵਿਖੇ ਪੜ੍ਹੇ ਨਾਮੀ ਇੰਜੀਨੀਅਰ

-ਥਾਪਰ ਇੰਸਟੀਚਿਊਟ ਦੇ 1975 ਬੈਚ ਨੇ “ਜਬ ਵੀ ਮੈੱਟ ਦੇ ਪੰਜਾਹ ਸਾਲ” ਤਹਿਤ ਗੋਲਡਨ ਜੁਬਲੀ ਰੀਯੂਨੀਅਨ ਦੌਰਾਨ ਪੰਜ ਦਹਾਕੇ ਪੁਰਾਣੀਆਂ ਯਾਦਾਂ ਕੀਤੀਆਂ ਤਾਜ਼ਾ

ਪਟਿਆਲਾ, 30 ਨਵੰਬਰ: (ਰਾਜੇਸ਼ ਕੁਮਾਰ) : ਥਾਪਰ ਇੰਸਟੀਚਿਊਟ ਆਫ਼ ਇੰਜੀਨੀਅਰਿੰਗ ਐਂਡ ਟੈਕਨਾਲੋਜੀ ਦੇ 1975 ਦੇ ਬੈਚ ਨੇ “ਜਬ ਵੀ ਮੈੱਟ ਦੇ ਪੰਜਾਹ ਸਾਲ” ਤਹਿਤ ਗੋਲਡਨ ਜੁਬਲੀ ਰੀਯੂਨੀਅਨ ਦਿਹਾੜਾ ਮਨਾ ਕੇ ਆਪਣੀਆਂ ਪੰਜ ਦਹਾਕੇ ਵਿਦਿਆਰਥੀ ਹੋਣ ਸਮੇਂ ਦੀਆਂ ਪੁਰਾਣੀਆਂ ਯਾਦਾਂ ਤਾਜੀਆਂ ਕੀਤੀਆਂ। ਥਾਪਰ ਇੰਸਟੀਚਿਊਟ ਦੇ ਇਸ ਅਲਮਾ ਮੇਟਰ ਵਿੱਚ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਆਏ 65 ਤੋਂ ਵੱਧ ਬੈਚਮੇਟ, ਜਿਨ੍ਹਾਂ ਵਿੱਚੋਂ 9 ਵਿਦੇਸ਼ਾਂ ਤੋਂ ਪੁੱਜੇ ਸਨ, ਵਿੱਚ ਸੀਨੀਅਰ ਪ੍ਰਸ਼ਾਸਨਿਕ ਅਧਿਕਾਰੀਆਂ ਸਣੇ ਪੁਰਾਣੇ ਅਧਿਆਪਕ ਅਤੇ ਵਿਦਿਆਰਥੀ ਵਲੰਟੀਅਰ ਸ਼ਾਮਲ ਹੋਏ।

ਇਸ ਸ਼ਾਨਾਮੱਤੇ ਪ੍ਰੋਗਰਾਮ ਦੌਰਾਨ ਵਾਈਸ ਚਾਂਸਲਰ ਪ੍ਰੋ. ਪਦਮਕੁਮਾਰ ਨਾਇਰ, ਵਿਦਿਆਰਥੀ ਮਾਮਲਿਆਂ ਦੀ ਡੀਨ ਡਾ. ਮੀਨਾਕਸ਼ੀ ਰਾਣਾ, ਅਕਾਦਮਿਕ ਮਾਮਲਿਆਂ ਦੀ ਡੀਨ ਡਾ. ਸ਼ਰੂਤੀ ਸ਼ਰਮਾ, ਵਿਭਾਗਾਂ ਦੇ ਮੁਖੀ, ਅਤੇ ਸਾਬਕਾ ਫੈਕਲਟੀ ਮੈਂਬਰ ਪ੍ਰੋ. ਸੁੰਦਰ ਸਿੰਘ, ਪ੍ਰੋ. ਪੀ. ਐਲ. ਬਾਲੀ, ਡਾ. ਪੀ. ਕੇ. ਬਾਂਸਲ, ਅਤੇ ਡਾ. ਵੀ. ਪੀ. ਬਾਂਸਲ ਸਮੇਤ ਅਲੂਮਨੀ ਰਿਲੇਸ਼ਨਜ਼ ਦੀ ਮੁਖੀ ਮਾਨਸੀ ਭਾਰਗਵ ਤੇ ਵਿਦਿਆਰਥੀ ਵਲੰਟੀਅਰਾਂ ਨੇ ਇਸ ਸਮਾਰੋਹ ਨੂੰ ਸਿਖ਼ਰਾਂ ਉਤੇ ਪਹੁੰਚਾ ਦਿੱਤਾ।

ਵਾਈਸ ਚਾਂਸਲਰ ਨੇ ਸਾਬਕਾ ਵਿਦਿਆਰਥੀਆਂ ਦਾ ਉਨ੍ਹਾਂ ਦੇ ਅਲਮਾ ਮੇਟਰ ਵਿੱਚ ਵਾਪਸ ਆਉਣ ਅਤੇ ਆਪਣੀਆਂ ਯਾਦਾਂ ਤਾਜਾ ਕਰਨ ਲਈ ਭਰਵਾਂ ਸਵਾਗਤ ਕੀਤਾ ਅਤੇ ਸੰਸਥਾ ਦੀਆਂ ਪ੍ਰਾਪਤੀਆਂ ਦਾ ਸੰਖੇਪ ਵੇਰਵਾ ਦਿੱਤਾ। ਉਨ੍ਹਾਂ ਨੇ ਇਸ ਮੌਕੇ ਨੂੰ ਮਨਾਉਣ ਲਈ ਵਿਸ਼ੇਸ਼ ਤੌਰ ‘ਤੇ ਤਿਆਰ ਕੀਤਾ ਗਿਆ ਇੱਕ ਸਮਾਰਕ ਵੀ ਜਾਰੀ ਕੀਤਾ।

50 ਸਾਲ ਪੁਰਾਣੇ ਇਸ ਇੰਜਨੀਅਰਾਂ ਦੇ ਬੈਚ ਨੇ ਥਾਪਰ ਪ੍ਰਸ਼ਾਸਨ ਅਤੇ ਵਿਦਿਆਰਥੀਆਂ ਵੱਲੋਂ ਇਸ ਸਮਾਗਮ ਨੂੰ ਯਾਦਗਾਰ ਬਣਾਉਣ ਲਈ ਧੰਨਵਾਦ ਕੀਤਾ। ਉਨ੍ਹਾਂ ਨੇ ਆਪਣੇ ਵਿਦਿਆਰਥੀ ਸਮੇਂ ਦੇ ਕਲਾਸਾਂ ਵਿੱਚ ਹੋਏ ਲੰਬੇ ਭਾਸ਼ਣਾਂ, ਦੇਰ ਰਾਤ ਦੇ ਅਧਿਐਨ ਸੈਸ਼ਨਾਂ, ਕੰਟੀਨ ਵਿੱਚ ਮਜ਼ਾਕ, ਦੋਸਤੀ ਅਤੇ “ਥਾਪਰੀਅਨ” ਭਾਵਨਾ ਨੂੰ ਯਾਦ ਕੀਤਾ ਜੋ ਉਹ ਅਜੇ ਵੀ ਆਪਣੇ ਦਿਲਾਂ ਵਿੱਚ ਸਦਾ ਤਾਜਾ ਰੱਖਦੇ ਹਨ।

ਇਸ ਮੌਕੇ ‘ਤੇ ਸਾਬਕਾ ਵਿਦਿਆਰਥੀਆਂ ਨੂੰ ਯਾਦਗਾਰੀ ਚਿੰਨ੍ਹ ਦਿੱਤੇ ਗਏ, ਸਾਬਕਾ ਵਿਦਿਆਰਥੀਆਂ ਦੇ ਜੀਵਨ ਸਾਥੀ ਨੂੰ ਵੀ ਪੁਨਰ-ਮਿਲਨ ਨੂੰ ਸੰਭਵ ਬਣਾਉਣ ਵਿੱਚ ਉਨ੍ਹਾਂ ਦੇ ਸਮਰਥਨ ਲਈ ਸਨਮਾਨਿਤ ਕੀਤਾ ਗਿਆ। ਵਿਦਿਆਰਥੀ ਵਲੰਟੀਅਰਾਂ ਨੇ ਭਾਗੀਦਾਰਾਂ ਦਾ ਮਨੋਰੰਜਨ ਕਰਨ ਲਈ ਸ਼ਾਨਦਾਰ ਪ੍ਰਦਰਸ਼ਨ ਕੀਤੇ।ਇਸ ਦੌਰਾਨ ਵਿਸ਼ੇਸ਼ ਤੌਰ ਉਤੇ ਪੁੱਜੇ ਸਾਬਕਾ ਅਧਿਆਪਕਾਂ ਦਾ ਸਨਮਾਨ ਕਰਦੇ ਹੋਏ, ਇਨ੍ਹਾਂ ਪੁਰਾਣੇ ਵਿਦਿਆਰਥੀਆਂ ਨੂੰ ਮਜ਼ਬੂਤ ਕੈਰੀਅਰ ਦੇਣ ਲਈ ਧੰਨਵਾਦ ਵੀ ਕੀਤਾ ਗਿਆ ਅਤੇ ਪਿਛਲੇ ਸਮੇਂ ਦੌਰਾਨ ਇਸ ਫਾਨੀ ਸੰਸਾਰ ਤੋਂ ਕੂਚ ਕਰ ਗਏ ਆਪਣੇ ਸਹਿਪਾਠੀਆਂ ਅਤੇ ਅਧਿਆਪਕਾਂ ਨੂੰ ਦਿਲੋਂ ਸ਼ਰਧਾਂਜਲੀ ਵੀ ਭੇਟ ਕੀਤੀ ਗਈ।

ਇਸ ਦੌਰਾਨ ਸਾਬਕਾ ਵਿਦਿਆਰਥੀਆਂ ਨੇ ਕੈਂਪਸ ਦੇ ਵੱਖ-ਵੱਖ ਹਿੱਸਿਆਂ ਦਾ ਦੌਰਾ ਕਰਦੇ ਹੋਏ ਨਵੀਂ ਲਾਇਬ੍ਰੇਰੀ, ਅਕਾਦਮਿਕ ਬਲਾਕ, ਪ੍ਰਯੋਗਸ਼ਾਲਾਵਾਂ, ਵਰਕਸ਼ਾਪਾਂ ਅਤੇ ਹੋਸਟਲ ਸਮੇਤ ਹੋਰਨਾਂ ਥਾਵਾਂ ਵਿਖੇ ਵੀ ਆਪਣੀਆਂ ਯਾਦਾਂ ਤਾਜਾ ਕੀਤੀਆਂ। ਇਸ ਸਮੇਂ ਇਨ੍ਹਾਂ ਪੁਰਾਣੇ ‌ਵਿਦਿਆਰਥੀਆਂ ਦੇ ਨਾਲ ਵਿਦਿਆਰਥੀ ਵਲੰਟੀਅਰ ਨੇ ਆਪਣੇ ਸੀਨੀਅਰ ਥਾਪਰੀਅਨਾਂ ਦੀਆਂ ਪਿਛਲੀਆਂ ਅਤੇ ਮੌਜੂਦਾ ਪੀੜ੍ਹੀਆਂ ਵਿਚਕਾਰ ਇੱਕ ਪ੍ਰਤੀਕਾਤਮਕ ਪੁਲ ਬਣਾਇਆ।

RELATED ARTICLES
- Advertisment -
Google search engine
Google search engine
Google search engine

Most Popular

Recent Comments