ਪੰਜਾਬ ਸਰਕਾਰ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਨ ਲਈ ਪੂਰੀ ਤਰ੍ਹਾਂ ਵਚਨਬੱਧ-ਡਾ. ਬਲਬੀਰ ਸਿੰਘ

ਪਟਿਆਲਾ, 27 ਨਵੰਬਰ 2025 (ਛਤਰਪਾਲ ਸਿੰਘ) ਪੰਜਾਬ ਦੇ ਸਿਹਤ, ਪਰਿਵਾਰ ਭਲਾਈ ਅਤੇ ਮੈਡੀਕਲ ਸਿੱਖਿਆ ਮੰਤਰੀ ਡਾ. ਬਲਬੀਰ ਸਿੰਘ ਨੇ ਆਪਣੇ ਹਲਕੇ ਵਿੱਚ “ਵਿਕਾਸ ਅਤੇ ਫੰਡਾ ਦੀ ਲਹਿਰ” ਅਭਿਆਨ ਤਹਿਤ ਕਈ ਪਿੰਡਾਂ ਦਾ ਦੌਰਾ ਕੀਤਾ। ਇਸ ਦੌਰਾਨ ਜੱਸੋਵਾਲ, ਬਖ਼ਸ਼ੀਵਾਲਾ, ਕਿਸ਼ਨਗੜ੍ਹ, ਆਲੋਵਾਲ, ਲੌਟ, ਧਨੌਰੀ ਅਤੇ ਕਾਠ ਮੱਠੀ ਪਿੰਡਾਂ ਵਿੱਚ ਵਿਕਾਸ ਕਾਰਜਾਂ ਲਈ ਫੰਡ ਜਾਰੀ ਕੀਤੇ ਗਏ।
ਡਾ. ਬਲਬੀਰ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਦਾ ਮੁੱਖ ਏਜੰਡਾ ਵਿਕਾਸ ਹੈ ਅਤੇ ਇਸੇ ਤਹਿਤ ਬਿਨ੍ਹਾਂ ਕਿਸੇ ਪੱਖਪਾਤ ਦੇ ਪਿੰਡਾਂ ਦੀਆਂ ਤਰਜੀਹਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਕਾਰਜ ਤੇਜ਼ੀ ਨਾਲ ਕੀਤੇ ਜਾ ਰਹੇ ਹਨ।

ਉਨ੍ਹਾਂ ਦੱਸਿਆ ਕਿ ਪਟਿਆਲਾ ਦਿਹਾਤੀ ਖੇਤਰ ਤੇਜ਼ੀ ਨਾਲ ਵਿਕਾਸ ਦੇ ਰਾਹ ‘ਤੇ ਹੈ ਅਤੇ ਲੋਕਾਂ ਦੇ ਸਹਿਯੋਗ ਨਾਲ ਭਲਾਈ ਕਾਰਜਾਂ ਨੂੰ ਹੋਰ ਮਜ਼ਬੂਤ ਕੀਤਾ ਜਾ ਰਿਹਾ ਹੈ। ਜਿੰਨਾਂ ਪਿੰਡਾਂ ਵਿੱਚ ਫੰਡ ਜਾਰੀ ਹੋਏ ਹਨ, ਉੱਥੇ ਗਲੀਆਂ, ਨਾਲੀਆਂ, 5 ਸਾਲਾਂ ਦੀ ਗਾਰੰਟੀ ਵਾਲੀਆਂ ਸੜਕਾਂ, ਖੇਡ ਮੈਦਾਨ, ਸੀਵਰੇਜ ਪ੍ਰਣਾਲੀ ਅਤੇ ਸੁੰਦਰੀਕਰਨ ਦੇ ਕੰਮ ਸ਼ੁਰੂ ਹੋ ਚੁੱਕੇ ਹਨ।
ਮੰਤਰੀ ਨੇ ਕਿਹਾ ਕਿ ਪੰਜਾਬ ਸਰਕਾਰ ਪਿੰਡਾਂ ਨੂੰ ਆਧੁਨਿਕ ਸਹੂਲਤਾਂ ਨਾਲ ਜੋੜਣ ਲਈ ਵਚਨਬੱਧ ਹੈ। ਲੋਕਾਂ ਦੀਆਂ ਵਿਕਾਸ ਸਬੰਧੀ ਕੋਈ ਵੀ ਸ਼ਿਕਾਇਤ ਬਾਕੀ ਨਹੀਂ ਰਹੇਗੀ ਕਿਉਂਕਿ ਸਰਕਾਰ ਵੱਲੋਂ ਮੁੱਢਲੀਆਂ ਸਹੂਲਤਾਂ ਲਈ ਖੁੱਲ੍ਹ ਕੇ ਫੰਡ ਜਾਰੀ ਕੀਤੇ ਜਾ ਰਹੇ ਹਨ।

ਡਾ. ਬਲਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਚਰਨ ਛੋਹ ਅਸਥਾਨਾਂ ਨੂੰ 50–50 ਲੱਖ ਰੁਪਏ ਦੀਆਂ ਵਿਸ਼ੇਸ਼ ਗਰਾਂਟਾਂ ਜਾਰੀ ਕੀਤੀਆਂ ਗਈਆਂ ਹਨ। ਭਾਈ ਸਤੀ ਦਾਸ ਜੀ, ਭਾਈ ਮਤੀ ਦਾਸ ਜੀ ਅਤੇ ਭਾਈ ਦਿਆਲਾ ਜੀ ਸਮੇਤ ਗੁਰੂ ਸਾਹਿਬ ਦੀ 350ਵੀਂ ਸ਼ਹੀਦੀ ਦਿਹਾੜੇ ਨੂੰ ਪੰਜਾਬ ਸਰਕਾਰ ਵੱਲੋਂ ਸ਼ਾਨ ਅਤੇ ਸ਼ਰਧਾ ਨਾਲ ਮਨਾਇਆ ਗਿਆ।
ਸਰਕਾਰ ਵੱਲੋਂ ਸ੍ਰੀ ਅਨੰਦਪੁਰ ਸਾਹਿਬ ਵਿੱਚ ਕਰਵਾਏ ਸਮਾਗਮਾਂ ਵਿੱਚ ਲੱਖਾਂ ਸ਼ਰਧਾਲੂਆਂ ਨੇ ਸ਼ਮੂਲੀਅਤ ਕੀਤੀ ਅਤੇ ਲਾਈਟ ਐਂਡ ਸਾਊਂਡ ਸ਼ੋਅ ਅਤੇ ਡਰੋਨ ਸ਼ੋਅ ਰਾਹੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਸਿਰ ਨਿਵਾਇਆ।
ਪਟਿਆਲਾ ਹਲਕੇ ਵਿੱਚ ਇਹ ਦੌਰੇ ਵਿਕਾਸ ਯੋਜਨਾਵਾਂ ਨੂੰ ਹੋਰ ਰਫ਼ਤਾਰ ਦੇਣ ਵਾਲੇ ਸਾਬਤ ਹੋ ਰਹੇ ਹਨ।







