ਡੇਰਾ ਬਾਬਾ ਨਾਨਕ, ਪੰਜਾਬ: 26 ਨਵੰਬਰ 2025 (ਰਾਜੇਸ਼ ਕੁਮਾਰ) : ਮੁੱਖ ਮੰਤਰੀ ਭਗਵੰਤ ਮਾਨ ਅੱਜ ਡੇਰਾ ਬਾਬਾ ਨਾਨਕ ਪੁੱਜੇ, ਜਿੱਥੇ ਉਨ੍ਹਾਂ ਨੇ ਕਿਸਾਨਾਂ ਅਤੇ ਹੜ੍ਹ ਪੀੜਤ ਪਰਿਵਾਰਾਂ ਲਈ ਕਈ ਮਹੱਤਵਪੂਰਨ ਐਲਾਨ ਕੀਤੇ। ਗੰਨੇ ਦੀ ਫਸਲ ਦਾ ਰੇਟ 401 ਰੁਪਏ ਤੋਂ ਵਧਾ ਕੇ 416 ਰੁਪਏ ਪ੍ਰਤੀ ਕਵਿੰਟਲ ਕਰਕੇ ਕਿਸਾਨਾਂ ਨੂੰ ਵੱਡੀ ਰਾਹਤ ਦਿੱਤੀ ਗਈ।
ਹੜ੍ਹਾਂ ਦੌਰਾਨ ਹੋਏ ਭਾਰੀ ਨੁਕਸਾਨ ਨੂੰ ਧਿਆਨ ਵਿੱਚ ਰੱਖਦੇ ਹੋਏ ਮੁੱਖ ਮੰਤਰੀ ਨੇ ਹੜ੍ਹ ਪੀੜਤ ਪਰਿਵਾਰਾਂ ਨੂੰ ਨਵੇਂ ਘਰਾਂ ਦੀ ਨਿਰਮਾਣ ਲਈ ਮਨਜ਼ੂਰੀ ਪੱਤਰ ਵੰਡੇ। ਉਨ੍ਹਾਂ ਨੇ ਐਲਾਨ ਕੀਤਾ ਕਿ:
- 20 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਕਿਸਾਨਾਂ ਨੂੰ ਦਿੱਤਾ ਗਿਆ
- 1 ਲੱਖ 20 ਹਜ਼ਾਰ ਰੁਪਏ ਪ੍ਰਤੀ ਘਰ ਹੜ੍ਹ ਪੀੜਤਾਂ ਨੂੰ ਘਰ ਬਣਾਉਣ ਲਈ ਜਾਰੀ
- ਹੜ੍ਹਾਂ ਕਾਰਨ ਪੰਜਾਬ ਨੂੰ 13,800 ਕਰੋੜ ਰੁਪਏ ਦਾ ਕੁੱਲ ਨੁਕਸਾਨ ਹੋਇਆ
ਮੁੱਖ ਮੰਤਰੀ ਨੇ ਕਿਹਾ ਕਿ ਹੜ੍ਹਾਂ ਨੇ ਸਿਰਫ ਘਰ ਨਹੀਂ ਰੁੜ੍ਹੇ, ਸਗੋਂ ਲੋਕਾਂ ਦੇ ਸੁਪਨੇ ਵੀ ਤਬਾਹ ਹੋਏ—ਬੱਚਿਆਂ ਦੀਆਂ ਕਿਤਾਬਾਂ, ਕਿਸਾਨਾਂ ਦੀਆਂ ਫਸਲਾਂ, ਤੇ ਲੋਕਾਂ ਦੀ ਜੀਵਨ ਭਰ ਦੀ ਕਮਾਈ ਪਾਣੀ ਵਿੱਚ ਵਹਿ ਗਈ। ਪਰ ਪੰਜਾਬੀਆਂ ਦੇ ਜਜ਼ਬੇ ਅਤੇ ਸੇਵਾ-ਭਾਵਨਾ ਦੀ ਦਾਦ ਦਿੰਦਿਆਂ ਉਨ੍ਹਾਂ ਨੇ ਕਿਹਾ ਕਿ ਹੜ੍ਹਾਂ ਦੌਰਾਨ ਲੋਕਾਂ ਨੇ ਲੰਗਰ ਲਗਾ ਕੇ ਮਨੁੱਖਤਾ ਦੀ ਮਿਸਾਲ ਕਾਇਮ ਕੀਤੀ। ਸਰਕਾਰ ਵੱਲੋਂ ਮਿਲ ਰਹੀ ਇਹ ਸਹਾਇਤਾ ਹੜ੍ਹ ਪੀੜਤ ਪਰਿਵਾਰਾਂ ਲਈ ਵੱਡੀ ਰਾਹਤ ਸਾਬਤ ਹੋਵੇਗੀ।







