ਅਸਾਮ:(ਰਾਜੇਸ਼ ਕੁਮਾਰ) : ਮਸ਼ਹੂਰ ਅਸਾਮੀ ਗਾਇਕ ਜ਼ੁਬੀਨ ਗਰਗ ਦੀ ਮੌਤ ਸਬੰਧੀ ਅਸਾਮ ਦੇ ਮੁੱਖ ਮੰਤਰੀ ਹਿਮੰਤ ਬਿਸਵਾ ਸਰਮਾ ਨੇ ਇੱਕ ਵੱਡਾ ਬਿਆਨ ਦਿੰਦਿਆਂ ਕਿਹਾ ਹੈ ਕਿ ਜ਼ੁਬੀਨ ਦੀ ਮੌਤ ਕਿਸੇ ਹਾਦਸੇ ਦਾ ਨਤੀਜਾ ਨਹੀਂ ਸੀ, ਸਗੋਂ ਸਿੰਗਾਪੁਰ ਵਿੱਚ ਕੀਤਾ ਗਿਆ ਇੱਕ ਯੋਜਨਾਬੱਧ ਕਤਲ ਸੀ। ਇਹ ਦਾਅਵਾ ਉਨ੍ਹਾਂ ਨੇ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕੀਤਾ।
52 ਸਾਲਾ ਜ਼ੁਬੀਨ ਗਰਗ 20 ਸਤੰਬਰ ਨੂੰ ਸਿੰਗਾਪੁਰ ਵਿੱਚ ਨੌਰਥ ਈਸਟ ਇੰਡੀਆ ਫੈਸਟੀਵਲ ਵਿੱਚ ਪ੍ਰਦਰਸ਼ਨ ਲਈ ਪਹੁੰਚੇ ਸਨ। ਪਰ ਸਮਾਗਮ ਤੋਂ ਇੱਕ ਰਾਤ ਪਹਿਲਾਂ, 19 ਸਤੰਬਰ ਦੀ ਰਾਤ ਉਹ ਸਵੀਮਿੰਗ ਪੂਲ ਵਿੱਚ ਮ੍ਰਿਤ ਮਿਲੇ, ਜਿਸ ਤੋਂ ਬਾਅਦ ਇਹ ਮਾਮਲਾ ਚਰਚਾ ਦਾ ਕੇਂਦਰ ਬਣ ਗਿਆ।
ਮੁੱਖ ਮੰਤਰੀ ਸਰਮਾ ਨੇ ਕਿਹਾ, “ਇਹ ਨਾ ਤਾਂ ਹਾਦਸਾ ਸੀ ਅਤੇ ਨਾ ਹੀ ਸਧਾਰਣ ਅਪਰਾਧਕ ਸਾਜ਼ਿਸ਼, ਇਹ ਸਪੱਸ਼ਟ ਤੌਰ ’ਤੇ ਇੱਕ ਕਤਲ ਸੀ।” ਇਸ ਬਿਆਨ ਤੋਂ ਬਾਅਦ ਮਾਮਲਾ ਹੋਰ ਗੰਭੀਰ ਹੋ ਗਿਆ ਹੈ।
ਅਸਾਮ ਸਰਕਾਰ ਨੇ ਜ਼ੁਬੀਨ ਦੀ ਮੌਤ ਦੀ ਜਾਂਚ ਲਈ ਇੱਕ ਵਿਸ਼ੇਸ਼ ਜਾਂਚ ਟੀਮ (SIT) ਗਠਿਤ ਕੀਤੀ ਹੈ। ਰਾਜ ਵਿੱਚ 60 ਤੋਂ ਵੱਧ ਮਾਮਲੇ ਦਰਜ਼ ਹੋ ਚੁੱਕੇ ਹਨ, ਜਦੋਂ ਕਿ ਗੁਹਾਟੀ ਹਾਈ ਕੋਰਟ ਨੇ ਵੀ ਇਸਦੀ ਜਾਂਚ ਲਈ ਇੱਕ ਮੈਂਬਰੀ ਕਮਿਸ਼ਨ ਬਣਾਇਆ ਹੈ। ਪੁਲਿਸ ਹੁਣ ਤੱਕ ਸੱਤ ਲੋਕਾਂ ਨੂੰ ਹਿਰਾਸਤ ਵਿੱਚ ਲੈ ਚੁੱਕੀ ਹੈ।
ਜ਼ੁਬੀਨ ਗਰਗ ਦੀ ਮੌਤ ਨੇ ਸੰਗੀਤ ਜਗਤ ਅਤੇ ਉਨ੍ਹਾਂ ਦੇ ਚਾਹੁਣ ਵਾਲਿਆਂ ਨੂੰ ਗਹਿਰੇ ਦੁੱਖ ਅਤੇ ਹੈਰਾਨੀ ਵਿੱਚ ਡਾਲ ਦਿੱਤਾ ਹੈ, ਅਤੇ ਜਾਂਚ ਅਜੇ ਵੀ ਜਾਰੀ ਹੈ।







