ਉਪ ਕੁਲਪਤੀ ਅਤੇ ਰਜਿਸਟਰਾਰ ਵੱਲੋਂ ਕਲਾ ਪ੍ਰਦਰਸ਼ਨੀਆਂ ਦਾ ਵੀ ਉਦਘਾਟਨ

ਪਟਿਆਲਾ: (ਜਗਜੀਤ ਸਿੰਘ) : ਪੰਜਾਬੀ ਯੂਨੀਵਰਸਿਟੀ, ਪਟਿਆਲਾ ਦਾ ਅੰਤਰ ਖੇਤਰੀ ਯੁਵਕ ਤੇ ਲੋਕ ਮੇਲਾ ਅੱਜ ਰੰਗਾਰੰਗ ਢੰਗ ਨਾਲ ਸ਼ੁਰੂ ਹੋ ਗਿਆ। ਯੂਨੀਵਰਸਿਟੀ ਦੇ ਯੁਵਕ ਭਲਾਈ ਵਿਭਾਗ ਵੱਲੋਂ ਆਯੋਜਿਤ ਇਸ ਮੇਲੇ ਵਿੱਚ ਛੇ ਖੇਤਰੀ ਯੁਵਕ ਮੇਲਿਆਂ ਤੋਂ ਜਿੱਤਦਾਰ ਟੀਮਾਂ ਭਾਗ ਲੈ ਰਹੀਆਂ ਹਨ। ਮੇਲੇ ਦੀ ਸ਼ੁਰੂਆਤ ਯੂਨੀਵਰਸਿਟੀ ਦੇ ‘ਗੁਰੂ ਤੇਗ ਬਹਾਦਰ ਹਾਲ’ ਵਿੱਚ ਹੋਈ, ਜਿੱਥੇ ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਉਦਘਾਟਨ ਕੀਤਾ। ਇਸ ਮੌਕੇ ਰਜਿਸਟਰਾਰ ਪ੍ਰੋ. ਦਵਿੰਦਰਪਾਲ ਸਿੰਘ ਸਿੱਧੂ ਵੀ ਵਿਸ਼ੇਸ਼ ਤੌਰ ‘ਤੇ ਹਾਜ਼ਰ ਰਹੇ।
ਉਪ ਕੁਲਪਤੀ ਡਾ. ਜਗਦੀਪ ਸਿੰਘ ਨੇ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਦੇ ਇਹ ਮੇਲੇ ਇਸ ਸੰਸਥਾ ਦੀ ਪਛਾਣ ਹਨ ਅਤੇ ਪੰਜਾਬੀ ਭਾਸ਼ਾ ਤੇ ਵਿਰਸੇ ਦੇ ਪ੍ਰਚਾਰ ਪ੍ਰਸਾਰ ਦਾ ਮਕਸਦ ਇਨ੍ਹਾਂ ਕਲਾਤਮਿਕ ਗਤੀਵਿਧੀਆਂ ਰਾਹੀਂ ਬਖੂਬੀ ਪੂਰਾ ਹੋ ਰਿਹਾ ਹੈ। ਉਨ੍ਹਾਂ ਦੱਸਿਆ ਕਿ ਇਸ ਵਾਰ ਮੇਲਾ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਵਰ੍ਹੇਗੰਢ ਨੂੰ ਸਮਰਪਿਤ ਹੈ।
ਉਨ੍ਹਾਂ ਕਿਹਾ ਕਿ ਪੰਜਾਬੀ ਵਿਰਸਾ ਬੜਾ ਅਮੀਰ ਹੈ ਪਰ ਡਿਜ਼ੀਟਲ ਤੇ ਤਕਨਾਲੋਜੀ ਦੇ ਇਸ ਨਵੇਂ ਯੁੱਗ ਵਿੱਚ ਚੁਣੌਤੀ ਇਹ ਹੈ ਕਿ ਨਵੀਂ ਪੀੜ੍ਹੀ ਨੂੰ ਆਪਣੇ ਮੂਲਾਂ ਅਤੇ ਵਿਰਸੇ ਨਾਲ ਕਿਵੇਂ ਜੋੜਿਆ ਜਾਵੇ। ਇਸ ਲਈ ਅਜਿਹੇ ਮੇਲੇ ਨੌਜਵਾਨਾਂ ਨੂੰ ਮਾਣ ਅਤੇ ਮੂਲਾਂ ਨਾਲ ਜੋੜਨ ਦਾ ਵਧੀਆ ਸਾਧਨ ਹਨ।
ਯੁਵਕ ਭਲਾਈ ਵਿਭਾਗ ਦੇ ਡਾਇਰੈਕਟਰ ਪ੍ਰੋ. ਭੀਮਇੰਦਰ ਸਿੰਘ ਨੇ ਦੱਸਿਆ ਕਿ ਮੇਲੇ ਦੀ ਸ਼ੁਰੂਆਤ ਸਮੂਹਿਕ ਸ਼ਬਦ/ਭਜਨ ਗਾਇਨ ਨਾਲ ਕੀਤੀ ਗਈ ਹੈ ਜੋ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਅਤੇ ਭਾਈ ਸਤੀ ਦਾਸ, ਭਾਈ ਮਤੀ ਦਾਸ ਤੇ ਭਾਈ ਦਿਆਲਾ ਜੀ ਦੀ ਸ਼ਹਾਦਤ ਨੂੰ ਸਮਰਪਿਤ ਹੈ।
ਮੇਲੇ ਦੇ ਪਹਿਲੇ ਦਿਨ ਸਮੂਹ ਸ਼ਬਦ/ਭਜਨ ਗਾਇਨ, ਫੋਕ ਆਰਕੈਸਟਰਾ, ਲੋਕ-ਗੀਤ, ਲੋਕ ਸਾਚ, ਸ਼ਾਸਤਰੀ ਗਾਇਨ, ਕੁਇਜ਼ ਮੁਕਾਬਲੇ, ਮਾਈਮ, ਸਕਿੱਟ, ਅਤੇ ਪੰਜਾਬੀ ਕਲਾ-ਕ੍ਰਾਫਟ ਨਾਲ ਸਬੰਧਤ ਮੁਕਾਬਲੇ ਕਰਵਾਏ ਗਏ। ਇਸ ਵਿੱਚ ਕਰੋਸ਼ੀਏ ਦੀ ਬੁਣਤੀ, ਕਢਾਈ, ਪੱਖਾ, ਪਰਾਂਦਾ, ਗੁੱਡੀਆਂ-ਪਟੋਲੇ, ਮਿੱਟੀ ਦੇ ਖਿਡੌਣੇ, ਛਿੱਕੂ, ਟੋਕਰੀ ਅਤੇ ਪੀੜ੍ਹੀਆਂ ਬਣਾਉਣ ਵਾਲੀਆਂ ਕਲਾਵਾਂ ਵਿਸ਼ੇਸ਼ ਦਿਲਚਸਪੀ ਦਾ ਕੇਂਦਰ ਰਹੀਆਂ।
ਉਪ ਕੁਲਪਤੀ ਅਤੇ ਰਜਿਸਟਰਾਰ ਵੱਲੋਂ ਤਿੰਨ ਕਲਾ ਪ੍ਰਦਰਸ਼ਨੀਆਂ ਦਾ ਵੀ ਉਦਘਾਟਨ ਕੀਤਾ ਗਿਆ, ਜੋ ਯੂਨੀਵਰਸਿਟੀ ਦੇ ਅੰਦਰ ਅਤੇ ਬਾਹਰ ਲਗਾਈਆਂ ਗਈਆਂ ਹਨ। ਬਾਅਦ ਦੁਪਹਿਰ ਦੇ ਸੈਸ਼ਨ ਵਿੱਚ ਡੀਨ ਅਕਾਦਮਿਕ ਮਾਮਲੇ ਡਾ. ਜਸਵਿੰਦਰ ਸਿੰਘ ਬਰਾੜ ਅਤੇ ਕੰਟਰੋਲਰ ਡਾ. ਮਨੀਸ਼ ਕਪੂਰ ਨੇ ਵੀ ਸ਼ਿਰਕਤ ਕੀਤੀ।
ਯੁਵਕ ਭਲਾਈ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਚਾਰ ਦਿਨ ਤੱਕ ਪੰਜ ਵੱਖ-ਵੱਖ ਥਾਵਾਂ ’ਤੇ ਹੋਣ ਵਾਲੇ ਮੁਕਾਬਲਿਆਂ ਦੇ ਨਤੀਜੇ ਆਖਰੀ ਦਿਨ ਐਲਾਨੇ ਜਾਣਗੇ।
ਪਹਿਲੇ ਦਿਨ ਦੀਆਂ ਕੁਝ ਝਲਕੀਆਂ:












