ਫਤਹਿਗੜ੍ਹ ਸਾਹਿਬ 20 ਨਵੰਬਰ: (ਛਤਰਪਾਲ ਸਿੰਘ) : ਮਾਤਾ ਗੁਜਰੀ ਕਾਲਜ ਦੇ ਧਰਮ ਅਧਿਐਨ ਅਤੇ ਇਤਿਹਾਸ ਵਿਭਾਗ ਵੱਲੋਂ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ, ਭਾਈ ਮਤੀ ਦਾਸ ਜੀ, ਭਾਈ ਸਤੀ ਦਾਸ ਜੀ, ਭਾਈ ਦਿਆਲਾ ਜੀ ਦੇ 350 ਸਾਲਾ ਸ਼ਹੀਦੀ ਦਿਵਸ ਅਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ 350 ਸਾਲਾ ਗੁਰਿਆਈ ਦਿਵਸ ਮੌਕੇ ਵਿਸ਼ੇਸ਼ ਸੈਮੀਨਾਰ ਆਯੋਜਿਤ ਕੀਤਾ ਗਿਆ। ਸੈਮੀਨਾਰ ਦਾ ਵਿਸ਼ਾ ‘ਸ੍ਰੀ ਗੁਰੂ ਤੇਗ ਬਹਾਦਰ ਸਾਹਿਬ – ਅਧਿਆਤਮਿਕਤਾ ਅਤੇ ਮਨੁੱਖਤਾ ਦੇ ਚਾਨਣ ਰਾਹ ਮੁਨਾਰੇ’ ਰਿਹਾ।
ਡਾਇਰੈਕਟੋਰੇਟ ਆਫ਼ ਐਜੂਕੇਸ਼ਨ, ਬਹਾਦਰਗੜ੍ਹ ਦੇ ਦਿਸ਼ਾ-ਨਿਰਦੇਸ਼ ਹੇਠ ਹੋਏ ਇਸ ਸੈਮੀਨਾਰ ਦਾ ਮਕਸਦ ਵਿਦਿਆਰਥੀਆਂ ਨੂੰ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਅਤੇ ਉਨ੍ਹਾਂ ਦੇ ਸਿੱਖਾਂ ਦੀ ਬੇਮਿਸਾਲ ਸ਼ਹਾਦਤ ਨਾਲ਼ ਜਾਣੂ ਕਰਵਾਉਣਾ ਸੀ।
ਸੈਮੀਨਾਰ ਦੌਰਾਨ ਕਾਲਜ ਦੇ ਡਾਇਰੈਕਟਰ-ਪ੍ਰਿੰਸੀਪਲ ਡਾ. ਕਸ਼ਮੀਰ ਸਿੰਘ ਨੇ ਆਪਣੇ ਪ੍ਰਧਾਨਗੀ ਭਾਸ਼ਣ ਵਿੱਚ ਕਿਹਾ ਕਿ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਮਨੁੱਖੀ ਅਧਿਕਾਰਾਂ ਦੀ ਰਾਖੀ ਲਈ ਸਾਰੀ ਦੁਨੀਆ ਵਿੱਚ ਇੱਕ ਵਿਲੱਖਣ ਮਿਸਾਲ ਹੈ।
ਡਾ. ਜਗਜੀਵਨ ਸਿੰਘ, ਰਿਟਾਇਰਡ ਐਸੋਸੀਏਟ ਪ੍ਰੋਫੈਸਰ, ਮਾਤਾ ਗੁਜਰੀ ਕਾਲਜ ਨੇ ਕਿਹਾ ਕਿ ਗੁਰੂ ਸਾਹਿਬ ਮਨੁੱਖੀ ਸ਼ਖ਼ਸੀਅਤ ਦੇ ਸੰਪੂਰਨ ਵਿਕਾਸ ਦਾ ਰਸਤਾ ਦਿਖਾਉਣ ਵਾਲੇ ਚਾਨਣ ਮੁਨਾਰਾ ਹਨ। ਇਸੇ ਤਰ੍ਹਾਂ ਅਸਿਸਟੈਂਟ ਡਾਇਰੈਕਟਰ ਯੁਵਕ ਸੇਵਾਵਾਂ ਡਾ. ਦਿਲਵਰ ਸਿੰਘ ਨੇ ਉਨ੍ਹਾਂ ਨੂੰ ਅਧਿਆਤਮਿਕਤਾ ਦਾ ਜੀਵੰਤ ਪ੍ਰਤੀਕ ਦੱਸਿਆ।
ਸੈਮੀਨਾਰ ਦੀ ਕੋਆਰਡੀਨੇਸ਼ਨ ਧਰਮ ਅਧਿਐਨ ਵਿਭਾਗ ਦੇ ਮੁਖੀ ਡਾ. ਗੁਰਬਾਜ ਸਿੰਘ ਵੱਲੋਂ ਕੀਤੀ ਗਈ। ਇਤਿਹਾਸ ਵਿਭਾਗ ਦੇ ਮੁਖੀ ਪ੍ਰੋ. ਹਰਤਿੰਦਰ ਸਿੰਘ ਅਤੇ ਡਾ. ਰਮਨਦੀਪ ਕੌਰ ਵੱਲੋਂ ਸੈਮੀਨਾਰ ਸਕੱਤਰ ਦੇ ਰੂਪ ਵਿੱਚ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ ਗਈਆਂ।
ਕਾਲਜ ਦੇ ਵਾਈਸ ਪ੍ਰਿੰਸੀਪਲ ਡਾ. ਬਿਕਰਮਜੀਤ ਸਿੰਘ ਨੇ ਸਮਾਗਮ ਵਿੱਚ ਸ਼ਾਮਲ ਸਟਾਫ਼, ਵਕਤੀਆਂ ਅਤੇ ਵਿਦਿਆਰਥੀਆਂ ਦਾ ਧੰਨਵਾਦ ਕੀਤਾ। ਇਸ ਮੌਕੇ ਫਾਈਨ ਆਰਟਸ ਵਿਭਾਗ ਵੱਲੋਂ ਧਾਰਮਿਕ ਪ੍ਰਦਰਸ਼ਨੀ ਵੀ ਲਗਾਈ ਗਈ, ਜਿਸ ਵਿੱਚ ਗੁਰੂ ਸਾਹਿਬ ਦੇ ਰਚਿਤ ਸਲੋਕਾਂ ਦੀ ਪ੍ਰਦਰਸ਼ਨੀ ਵੀ ਸ਼ਾਮਲ ਸੀ।







