Homeਸੰਸਾਰਸਿਡਨੀ : ਗੁਰਮੇਸ਼ ਸਿੰਘ ਇਤਿਹਾਸ ਰਚਦੇ — ਨਿਊ ਸਾਊਥ ਵੇਲਜ਼ ਨੈਸ਼ਨਲ ਪਾਰਟੀ...

ਸਿਡਨੀ : ਗੁਰਮੇਸ਼ ਸਿੰਘ ਇਤਿਹਾਸ ਰਚਦੇ — ਨਿਊ ਸਾਊਥ ਵੇਲਜ਼ ਨੈਸ਼ਨਲ ਪਾਰਟੀ ਦੇ ਪਹਿਲੇ ਪੰਜਾਬੀ-ਮੂਲ ਨੇਤਾ

ਸਿਡਨੀ : (ਸ਼.ਅ.ਬਿਓਰੋ) : ਆਸਟ੍ਰੇਲੀਆ ਦੀ ਰਾਜਨੀਤੀ ਵਿੱਚ ਇੱਕ ਮਹੱਤਵਪੂਰਨ ਮੋੜ ਆਇਆ ਹੈ, ਜਦੋਂ ਕੌਫਸ ਹਾਰਬਰ ਤੋਂ ਵਿਧਾਇਕ ਗੁਰਮੇਸ਼ ਸਿੰਘ ਨੂੰ ਨਿਊ ਸਾਊਥ ਵੇਲਜ਼ ਨੈਸ਼ਨਲ ਪਾਰਟੀ ਦਾ ਨਵਾਂ ਨੇਤਾ ਬਿਨਾਂ ਮੁਕਾਬਲਾ ਚੁਣਿਆ ਗਿਆ। ਇਸ ਚੋਣ ਨਾਲ ਉਹ ਪਹਿਲੇ ਭਾਰਤੀ ਵਿਰਾਸਤ ਵਾਲੇ ਆਸਟ੍ਰੇਲੀਆਈ ਅਤੇ ਪਹਿਲੇ ਪੰਜਾਬੀ ਮੂਲ ਦੇ ਨੇਤਾ ਬਣੇ ਹਨ, ਜਿਨ੍ਹਾਂ ਨੇ ਆਸਟ੍ਰੇਲੀਆ ਵਿੱਚ ਕਿਸੇ ਵੱਡੀ ਰਾਜ ਪੱਧਰੀ ਰਾਜਨੀਤਿਕ ਪਾਰਟੀ ਦੀ ਕਮਾਨ ਸੰਭਾਲੀ ਹੈ।

ਇਹ ਇਤਿਹਾਸਕ ਨਿਯੁਕਤੀ ਸਾਬਕਾ ਨੇਤਾ ਡੁਗਾਲਡ ਸਾਂਡਰਸ ਦੇ ਪਰਿਵਾਰਕ ਕਾਰਨਾਂ ਕਰਕੇ ਅਚਾਨਕ ਅਸਤੀਫੇ ਤੋਂ ਬਾਅਦ ਹੋਈ। ਗੁਰਮੇਸ਼ ਸਿੰਘ, ਜੋ ਜੂਨ 2024 ਤੋਂ ਡਿਪਟੀ ਲੀਡਰ ਸਨ, ਮੰਗਲਵਾਰ ਸਵੇਰੇ ਹੋਈ ਪਾਰਟੀ ਰੂਮ ਵੋਟਿੰਗ ਵਿਚ ਇਕੱਲੇ ਦਾਅਵੇਦਾਰ ਰਹੇ।

ਨਵੇਂ ਨੇਤਾ ਵਜੋਂ ਚੋਣ ਤੋਂ ਬਾਅਦ, ਗੁਰਮੇਸ਼ ਸਿੰਘ ਨੇ ਕਿਹਾ, ਮੇਰੇ ਸਾਥੀਆਂ ਦਾ ਭਰੋਸਾ ਮੇਰੇ ਲਈ ਸਨਮਾਨ ਹੈ। ਖੇਤਰੀ ਭਾਈਚਾਰਿਆਂ ਦੀ ਤਰੱਕੀ ਅਤੇ ਭਲਾਈ ਸਾਡੀ ਪਾਰਟੀ ਦੀ ਪ੍ਰਾਥਮਿਕਤਾ ਹੈ ਅਤੇ ਮੈਂ ਇਸ ਮਕਸਦ ਨੂੰ ਅੱਗੇ ਵਧਾਉਂਦਾ ਰਹਾਂਗਾ।”

ਚੌਥੀ ਪੀੜ੍ਹੀ ਦੇ ਸਿੱਖ ਆਸਟ੍ਰੇਲੀਆਈ ਦੀ ਉੱਚੀ ਉਡਾਣ

45 ਸਾਲਾ ਗੁਰਮੇਸ਼ ਸਿੰਘ ਦੀ ਚੋਣ ਨੇ ਬਹੁ-ਸੱਭਿਆਚਾਰਕ ਪ੍ਰਤੀਨਿਧਤਾ ਨੂੰ ਨਵੀਂ ਮਜ਼ਬੂਤੀ ਦਿੱਤੀ ਹੈ। ਉਨ੍ਹਾਂ ਦੇ ਪੜਦਾਦਾ ਬੇਲਾ ਸਿੰਘ 1890 ਦੇ ਦਹਾਕੇ ਵਿੱਚ ਆਸਟ੍ਰੇਲੀਆ ਪਹੁੰਚੇ ਸਨ, ਅਤੇ ਪਰਿਵਾਰ 1940 ਦੇ ਅਖੀਰ ਵਿੱਚ ਉੱਤਰੀ NSW ਦੇ ਸ਼ਹਿਰ ਵੂਲਗੂਇਗਾ ਵਿੱਚ ਵਸਿਆ।
ਇਥੇ ਹੀ ਵੱਡੇ ਹੋਏ ਗੁਰਮੇਸ਼ ਨੇ ਸਥਾਨਕ ਵਿਦਿਆਲਿਆਂ ਤੋਂ ਪੜ੍ਹਾਈ ਕੀਤੀ ਅਤੇ ਯੂਨੀਵਰਸਿਟੀ ਆਫ NSW ਤੋਂ ਗ੍ਰੈਜੂਏਸ਼ਨ ਕੀਤੀ।
ਸਿਆਸਤ ਵਿੱਚ ਆਉਣ ਤੋਂ ਪਹਿਲਾਂ ਉਹ ਬਲੂਬੇਰੀ ਅਤੇ ਮੈਕਾਡੇਮੀਆ ਫਾਰਮਿੰਗ ਨਾਲ ਜੁੜੇ ਰਹੇ, ਜਿਸ ਨੇ ਉਨ੍ਹਾਂ ਦੇ ਰਾਜਨੀਤਿਕ ਦ੍ਰਿਸ਼ਟੀਕੋਣ ਨੂੰ ਵੱਡਾ ਰੂਪ ਦਿੱਤਾ।

ਫੈਡਰਲ ਅਤੇ ਭਾਈਚਾਰਕ ਪੱਧਰ ਤੇ ਸਵਾਗਤ

ਫੈਡਰਲ ਨੈਸ਼ਨਲ ਪਾਰਟੀ ਦੇ ਨੇਤਾ ਡੇਵਿਡ ਲਿਟਲਪ੍ਰਾਊਡ ਨੇ ਗੁਰਮੇਸ਼ ਸਿੰਘ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਵਿਸ਼ਾਲ ਅਨੁਭਵ ਅਤੇ ਖੇਤਰੀ ਆਸਟ੍ਰੇਲੀਆ ਦੀ ਧੜਕਣ ਨੂੰ ਸਮਝਣ ਵਾਲੀ ਸੋਚ” ਦੀ ਪ੍ਰਸ਼ੰਸਾ ਕੀਤੀ।

ਸਿੱਖ ਭਾਈਚਾਰੇ ਨੇ ਵੀ ਇਸ ਨਿਯੁਕਤੀ ਨੂੰ ਇਤਿਹਾਸਕ ਕਰਾਰ ਦਿੱਤਾ। ਗ੍ਰਿਫਿਥ ਸਿੱਖ ਭਾਈਚਾਰੇ ਦੇ ਨੇਤਾ ਮਨਜੀਤ ਸਿੰਘ ਲਾਲੀ ਨੇ ਕਿਹਾ ਕਿ ਇਹ ਸਾਡੇ ਸਮਾਜ ਲਈ ਮਾਣ ਵਾਲਾ ਸਮਾਂ” ਹੈ।

ਗੱਠਜੋੜ ਲਈ ਅਹਿਮ ਦੌਰ

ਗੁਰਮੇਸ਼ ਸਿੰਘ ਦੀ ਤਰੱਕੀ ਉਸ ਵੇਲੇ ਹੋਈ ਹੈ, ਜਦੋਂ NSW ਗੱਠਜੋੜ 2050 ਤੱਕ ਸ਼ੁੱਧ ਜ਼ੀਰੋ ਨਿਕਾਸ ਦੇ ਟੀਚੇ ਬਾਰੇ ਆਪਣੀ ਨੀਤੀ ਫਾਈਨਲ ਕਰ ਰਿਹਾ ਹੈ। ਇਸੇ ਮੀਟਿੰਗ ਵਿੱਚ ਟੈਮਵਰਥ ਤੋਂ ਮੈਂਬਰ ਕੇਵਿਨ ਐਂਡਰਸਨ ਨੂੰ ਨਵੇਂ ਡਿਪਟੀ ਲੀਡਰ ਵਜੋਂ ਬਿਨਾਂ ਮੁਕਾਬਲੇ ਚੁਣਿਆ ਗਿਆ।

ਗੁਰਮੇਸ਼ ਸਿੰਘ ਦੀ ਚੋਣ ਨਾ ਕੇਵਲ ਰਾਜਨੀਤਿਕ ਬਦਲਾਅ ਹੈ, ਸਗੋਂ ਆਸਟ੍ਰੇਲੀਆ ਦੇ ਬਹੁ-ਸੱਭਿਆਚਾਰਕ ਭਵਿੱਖ ਦੀ ਨਵੀਂ ਤਸਵੀਰ ਵੀ ਪੇਸ਼ ਕਰਦੀ ਹੈ।

RELATED ARTICLES
- Advertisment -
Google search engine
Google search engine
Google search engine

Most Popular

Recent Comments