Homeਪੰਜਾਬ“ਸਾਰੇ ਪੰਜਾਬ ਨੂੰ ਹੀ ਚੁੰਡਣ ਲੱਗੇ, ਵੱਡੇ ਭਰਾ ਨੂੰ ਉਜਾੜ ਨਾ ਦਿਓ”...

“ਸਾਰੇ ਪੰਜਾਬ ਨੂੰ ਹੀ ਚੁੰਡਣ ਲੱਗੇ, ਵੱਡੇ ਭਰਾ ਨੂੰ ਉਜਾੜ ਨਾ ਦਿਓ” – ਸੀਐੱਮ ਭਗਵੰਤ ਮਾਨ

ਚੰਡੀਗੜ੍ਹ : ਨੌਰਥ ਜ਼ੋਨਲ ਕੌਂਸਲ ਦੀ ਮੀਟਿੰਗ ਤੋਂ ਬਾਅਦ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਈ ਤਿੱਖੀਆਂ ਗੱਲਾਂ ਕਹਿੰਦਿਆਂ ਦਰਸਾਇਆ ਕਿ ਵੱਖ-ਵੱਖ ਰਾਜ ਪੰਜਾਬ ਤੋਂ ਹੱਕ ਮੰਗਣ ਦੀ ਦੌੜ ਵਿਚ ਹਨ, ਪਰ ਜਦੋਂ ਪੰਜਾਬ ਆਪਣਾ ਹੱਕ ਮੰਗੇ ਤਾਂ ਕੋਈ ਸੁਣਨ ਵਾਲਾ ਨਹੀਂ।

ਮੁੱਖ ਮੰਤਰੀ ਮਾਨ ਨੇ ਕਿਹਾ ਕਿ ਮੀਟਿੰਗ ਦੌਰਾਨ ਬਹੁਤ ਸਾਰੇ ਸੂਬਿਆਂ ਨੇ ਅੰਤਰ-ਰਾਜੀ ਵਿਵਾਦਾਂ ‘ਤੇ ਆਪਣੀ ਆਪਣੀ ਭੂਮਿਕਾ ਪੇਸ਼ ਕੀਤੀ, ਜਦਕਿ ਪੰਜਾਬ ਨੇ ਆਪਣੇ ਮੁੱਦਿਆਂ ਨੂੰ ਡਟ ਕੇ ਚੁੱਕਿਆ। ਉਹਨਾਂ ਕਿਹਾ ਕਿ, “ਜਿਹੜਾ ਵੀ ਪੰਜਾਬ ਆਉਂਦਾ ਹੈ ਉਹ ਸਾਨੂੰ ਇਹ ਦੇ ਦਿਓ, ਉਹ ਦੇ ਦਿਓ ਕਹਿੰਦਾ ਹੈ। ਕਿਸੇ ਨੂੰ ਹੈੱਡਵਰਕਸ ਚਾਹੀਦਾ, ਕਿਸੇ ਨੂੰ ਐਸ.ਵਾਈ.ਐਲ., ਕਿਸੇ ਨੂੰ ਚੰਡੀਗੜ੍ਹ, ਕਿਸੇ ਨੂੰ ਬਿਜਲੀ ਵਿਚੋਂ ਹਿੱਸਾ… ਸਾਰੇ ਪੰਜਾਬ ’ਤੇ ਨਿਗਾਹਾਂ ਟਿਕਾਈ ਬੈਠੇ ਹਨ।”

ਪੀਯੂ ਮੁੱਦੇ ‘ਤੇ ਸਪਸ਼ਟ ਇਨਕਾਰ

ਮਾਨ ਨੇ ਦੱਸਿਆ ਕਿ ਹਰਿਆਣਾ ਨੇ ਆਪਣੇ ਕਾਲਜਾਂ ਨੂੰ ਪੰਜਾਬ ਯੂਨੀਵਰਸਿਟੀ ਵਿਚ ਮਿਲਾਉਣ ਦਾ ਸੁਝਾਅ ਦਿੱਤਾ ਸੀ, ਜਿਸਨੂੰ ਪੰਜਾਬ ਨੇ ਸਿੱਧਾ ਰੱਦ ਕਰ ਦਿੱਤਾ। ਵਿਦਿਆਰਥੀ ਵਿਰੋਧਾਂ ਅਤੇ ਪੇਪਰ ਨੇੜੇ ਹੋਣ ਕਰਕੇ ਇਹ ਨੋਟਿਸ ਵਾਪਸ ਤਾਂ ਲਿਆ ਗਿਆ ਪਰ ਸਪਸ਼ਟਤਾ ਅਜੇ ਵੀ ਗਾਇਬ ਹੈ।

ਐਸ.ਵਾਈ.ਐਲ ‘ਤੇ ਤਿੱਖਾ ਰੁਖ — “ਵਾਈ.ਐਸ.ਐਲ. ਕਰ ਦਿਓ”

SYL ਮੁੱਦੇ ’ਤੇ ਬੋਲਦਿਆਂ ਮਾਨ ਨੇ ਕਿਹਾ ਕਿ ਸੁਪਰੀਮ ਕੋਰਟ ਨੇ ਰਾਜਾਂ ਨੂੰ ਆਪਸੀ ਹੱਲ ਕੱਢਣ ਲਈ ਕਿਹਾ ਹੈ। ਮਾਨ ਨੇ ਤਿੱਖੇ ਅੰਦਾਜ਼ ਵਿਚ ਪ੍ਰਸਤਾਵ ਰੱਖਿਆ — “ਜੇ ਤੁਹਾਨੂੰ ਲਿੰਕ ਹੀ ਚਾਹੀਦਾ ਤਾਂ ਇਸਨੂੰ ਯਮੁਨਾ-ਸਤਲੁਜ ਲਿੰਕ (YSL) ਰੱਖ ਦਿਓ, ਕਿਉਂਕਿ ਸਤਲੁਜ ਨਾਲਾ ਬਣ ਕੇ ਰਹ ਗਿਆ ਹੈ।”
ਉਹਨਾਂ ਦੱਸਿਆ ਕਿ ਹੜ੍ਹਾਂ ਨੇ ਪੰਜਾਬ ਨੂੰ ਵੱਡਾ ਨੁਕਸਾਨ ਪਹੁੰਚਾਇਆ ਪਰ ਮੰਗੇ 1600 ਕਰੋੜ ਰੁਪਏ ਅਜੇ ਤੱਕ ਨਹੀਂ ਮਿਲੇ।

ਰਾਵੀ-ਬਿਆਸ ਹਿੱਸੇਦਾਰੀ ’ਤੇ ਸਵਾਲ

ਮੁੱਖ ਮੰਤਰੀ ਨੇ ਕਿਹਾ ਕਿ ਹਰਿਆਣਾ ਰਾਵੀ-ਬਿਆਸ ਵਿਚੋਂ ਹਿੱਸਾ ਮੰਗ ਰਿਹਾ ਹੈ, ਜਦਕਿ ਇਸ ਦਰਿਆ ਨਾਲ ਉਸਦਾ ਕੋਈ ਹੱਕ ਨਹੀਂ ਬਣਦਾ। “ਜੋ ਯਮੁਨਾ ਵਿਚੋਂ ਹਿੱਸਾ ਨਹੀਂ ਦੇ ਰਹੇ ਉਹ ਸਾਡੇ ਕੋਲੋਂ ਰਾਵੀ-ਬਿਆਸ ਦਾ ਹਿੱਸਾ ਮੰਗ ਰਹੇ ਹਨ,” ਮਾਨ ਨੇ ਕਹਿਆ।

ਲਗਾਤਾਰ ਦਬਾਅ ‘ਤੇ ਕਟਾਖ਼ਸ਼ — “ਸਾਡਾ ਦੁਸ਼ਮਣ ਕੌਣ?”

ਮਾਨ ਨੇ ਹਾਸਿਆਂ-ਹੀ-ਹਾਸਿਆਂ ਵਿੱਚ ਕਿਹਾ ਕਿ ਪਤਾ ਨਹੀਂ ਪੰਜਾਬ ਦਾ ਸੱਚਮੁੱਚ ਦੁਸ਼ਮਣ ਕੌਣ ਹੈ—
“ਇੱਕ ਪਾਸੇ ਪਾਕਿਸਤਾਨ, ਦੂਜੇ ਪਾਸੇ ਰਾਜਸਥਾਨ, ਫਿਰ ਹਿਮਾਚਲ, ਹਰਿਆਣਾ… ਸ਼ੁਕਰ ਹੈ ਜੰਮੂ-ਕਸ਼ਮੀਰ ਨੇ ਹੁਣ ਤੱਕ ਕੁਝ ਨਹੀਂ ਮੰਗਿਆ।”

ਉਹਨਾਂ ਚੇਤਾਵਨੀ ਦਿੱਤੀ ਕਿ ਪੰਜਾਬ ਨੂੰ ਵੱਡਾ ਭਰਾ ਕਹਿ ਕੇ ਉਸਤੇ ਮੰਗਾਂ ਦਾ ਬੋਝ ਨਾ ਪਾਇਆ ਜਾਵੇ — “ਵੱਡੇ ਭਰਾ ਤੋਂ ਲੈਂਦੇ ਹੋਏ ਇਹ ਵੀ ਯਕੀਨੀ ਬਣਾਓ ਕਿ ਉਹ ਉਜੜ ਨਾ ਜਾਵੇ।”

RELATED ARTICLES
- Advertisment -
Google search engine
Google search engine
Google search engine

Most Popular

Recent Comments